ਰੋਹਿਤ ਦੇ ਸੈਂਕੜੇ ਤੇ ਜਡੇਜਾ ਤੇ ਅਕਸ਼ਰ ਦੇ ਅਰਧ ਸੈਂਕੜਿਆਂ ਸਦਕਾ ਭਾਰਤ ਦੀ ਸਥਿਤੀ ਮਜ਼ਬੂਤ
Saturday, Feb 11, 2023 - 01:51 AM (IST)
ਨਾਗਪੁਰ (ਭਾਸ਼ਾ)– ਕਪਤਾਨ ਰੋਹਿਤ ਸ਼ਰਮਾ ਦੇ ਸ਼ਾਨਦਾਰ 9ਵੇਂ ਟੈਸਟ ਸੈਂਕੜੇ ਤੋਂ ਬਾਅਦ ਆਲਰਾਊਂਡਰ ਰਵਿੰਦਰ ਜਡੇਜਾ ਤੇ ਅਕਸ਼ਰ ਪਟੇਲ ਦੇ ਅਜੇਤੂ ਅਰਧ ਸੈਂਕੜਿਆਂ ਦੀ ਮਦਦ ਨਾਲ ਭਾਰਤ ਨੇ ਆਸਟਰੇਲੀਆ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਪਹਿਲੀ ਪਾਰੀ ਵਿਚ 144 ਦੌੜਾਂ ਦੀ ਮਹੱਤਵਪੂਰਨ ਬੜ੍ਹਤ ਲੈ ਲਈ। ਰੋਹਿਤ ਦਾ ਬਤੌਰ ਕਪਤਾਨ ਇਹ ਪਹਿਲਾ ਟੈਸਟ ਸੈਂਕੜਾ ਹੈ, ਜਿਸ ਦੀ ਮਦਦ ਨਾਲ ਭਾਰਤ ਨੇ 7 ਵਿਕਟਾਂ ’ਤੇ 321 ਦੌੜਾਂ ਬਣਾ ਲਈਆਂ ਹਨ। ਆਸਟਰੇਲੀਆਈ ਪਾਰੀ ਦੀਆਂ 5 ਵਿਕਟਾਂ ਲੈਣ ਵਾਲਾ ਜਡੇਜਾ 66 ਤੇ ਅਕਸ਼ਰ ਪਟੇਲ 52 ਦੌੜਾਂ ਬਣਾ ਕੇ ਖੇਡ ਰਹੇ ਹਨ। ਦੋਵਾਂ ਨੇ 8ਵੀਂ ਵਿਕਟ ਦੀ ਅਜੇਤੂ ਸਾਂਝੇਦਾਰੀ ਵਿਚ 81 ਦੌੜਾਂ ਜੋੜ ਲਈਆਂ ਹਨ।
ਇਹ ਖ਼ਬਰ ਵੀ ਪੜ੍ਹੋ - ਘਰ 'ਚ ਜਾ ਵੜੀ SUV ਕਾਰ, 10 ਸਾਲਾ ਬੱਚੇ ਦੀ ਹੋਈ ਦਰਦਨਾਕ ਮੌਤ
ਆਸਟਰੇਲੀਆ ਨੇ ਪਹਿਲੀ ਪਾਰੀ ਵਿਚ 177 ਦੌੜਾਂ ਬਣਾਈਆਂ ਸਨ। ਜਵਾਬ ਵਿਚ ਭਾਰਤ ਨੇ ਹੁਣ ਤਕ 144 ਦੌੜਾਂ ਦੀ ਬੜ੍ਹਤ ਬਣਾ ਲਈ ਹੈ ਜਦਕਿ ਕ੍ਰੀਜ਼ ’ਤੇ ਦੋਵੇਂ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਵਿਚ ਦਿੱਕਤ ਨਹੀਂ ਰਹੀ। ਆਸਟਰੇਲੀਆ ਲਈ ਡੈਬਿਊ ਕਰ ਰਹੇ ਸਪਿਨਰ ਟਾਡ ਮਰਫੀ ਨੇ 36 ਓਵਰਾਂ ਵਿਚ 82 ਦੌੜਾਂ ਦੇ ਕੇ 5 ਵਿਕਟਾਂ ਲੈ ਲਈਆਂ ਹਨ ਪਰ ਬਾਕੀ ਗੇਂਦਬਾਜ਼ਾਂ ਨੂੰ ਉਮੀਦਾਂ ਅਨੁਸਾਰ ਸਫਲਤਾ ਨਹੀਂ ਮਿਲੀ। ਉੱਥੇ ਹੀ ਦੂਜੇ ਦਿਨ ਦੀ ਖੇਡ ਖਤਮ ਹੋਣ ਤੋਂ ਠੀਕ ਪਹਿਲਾਂ ਸਟੀਵ ਸਮਿਥ ਨੇ ਨਾਥਨ ਲਿਓਨ ਦੀ ਗੇਂਦ ’ਤੇ ਜਡੇਜਾ ਦਾ ਕੈਚ ਛੱਡ ਕੇ ਆਸਟਰੇਲੀਆ ਦੀਆਂ ਮੁਸੀਬਤਾਂ ਹੋਰ ਵਧਾ ਦਿੱਤੀਆਂ। ਜਡੇਜਾ ਨੇ 170 ਗੇਂਦਾਂ ਦਾ ਸਾਹਮਣਾ ਕਰਕੇ ਆਪਣੀ ਪਾਰੀ ਵਿਚ 9 ਚੌਕੇ ਲਗਾਏ ਜਦਕਿ ਅਕਸ਼ਰ ਨੇ 102 ਗੇਂਦਾਂ ਦੀ ਪਾਰੀ ਵਿਚ 8 ਚੌਕੇ ਲਾਏ।
ਇਹ ਖ਼ਬਰ ਵੀ ਪੜ੍ਹੋ - ਵੰਦੇ ਭਾਰਤ ਐਕਸਪ੍ਰੈੱਸ 'ਤੇ ਫਿਰ ਹੋਇਆ ਪਥਰਾਅ, ਸਿਕੰਦਰਾਬਾਦ ਤੋਂ ਵਿਸ਼ਾਖਾਪਟਨਮ ਜਾ ਰਹੀ ਸੀ ਰੇਲ
ਇਸ ਤੋਂ ਪਹਿਲਾਂ ਭਾਰਤ ਨੇ ਕੱਲ ਦੇ ਸਕੋਰ 1 ਵਿਕਟ ’ਤੇ 77 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਹੌਲੀ ਪਿੱਚ ’ਤੇ ਜਿੱਥੇ ਬਾਕੀ ਭਾਰਤੀ ਬੱਲੇਬਾਜ਼ਾਂ ਲਈ ਦੌੜਾਂ ਬਣਾਉਣਾ ਮੁਸ਼ਕਿਲ ਹੋ ਰਿਹਾ ਸੀ, ਉੱਥੇ ਹੀ ਰੋਹਿਤ ਨੇ ਬੇਹੱਦ ਸਬਰ ਨਾਲ ਖੇਡਦੇ ਹੋਏ 120 ਦੌੜਾਂ ਬਣਾਈਆਂ। ਉਸਦਾ ਇਹ ਸੈਂਕੜਾ ਓਨਾ ਹੀ ਸ਼ਾਨਦਾਰ ਸੀ, ਜਿੰਨੀ ਚੇਨਈ ਵਿਚ 2021 ਵਿਚ ਖੇਡੀ ਗਈ 161 ਦੌੜਾਂ ਦੀ ਪਾਰੀ ਸੀ। ਉਸ ਨੇ ਆਸਟਰੇਲੀਅਨ ਸਪਿਨਰਾਂ ਲਿਓਨ ਤੇ ਮਰਫੀ ਨੂੰ ਬਾਖੂਬੀ ਖੇਡਿਆ। ਰੋਹਿਤ ਨੇ 171 ਗੇਂਦਾਂ ਵਿਚ ਆਪਣਾ ਸੈਂਕੜਾ ਪੂਰਾ ਕੀਤਾ ਤੇ 212 ਗੇਂਦਾਂ ਦੀ ਅਾਪਣੀ ਪਾਰੀ ਵਿਚ 15 ਚੌਕੇ ਤੇ 2 ਛੱਕੇ ਲਗਾਏ। ਉਸ ਦੀ ਪਾਰੀ ਦੀ ਸਭ ਤੋਂ ਵੱਡੀ ਖੂਬੀ ਇਹ ਰਹੀ ਕਿ ਉਹ ਲਗਾਤਾਰ ਸਟ੍ਰਾਈਕ ਰੋਟੇਟ ਕਰਦਾ ਰਿਹਾ। ਉਸ ਨੇ ਤਿਹਰੇ ਅੰਕ ਤਕ ਪਹੁੰਚਣ ਦੀ ਕਾਹਲੀ ਨਹੀਂ ਦਿਖਾਈ। ਮਰਫੀ ਨੂੰ ਆਕਸਟ੍ਰਾ ਕਵਰ ’ਤੇ ਸ਼ਾਟ ਖੇਡ ਕੇ ਉਸ ਨੇ ਸੈਂਕੜਾ ਪੂਰਾ ਕੀਤਾ।
ਰੋਹਿਤ ਨੇ ਸੈਂਕੜਾ ਲਗਾਉਣ ਤੋਂ ਬਾਅਦ ਨਾ ਹੀ ਉੱਛਲ ਕੇ ਜਸ਼ਨ ਮਨਾਇਆ, ਨਾ ਹੀ ਕੁਝ ਕਿਹਾ ਤੇ ਨਾ ਹੀ ਹੈਲਮੇਟ ਉਤਾਰਕੇ ਅਭਿਵਾਦਨ ਸਵੀਕਾਰ ਕੀਤਾ। ਉਸ ਨੇ ਸਿਰਫ ਇਕ ਵਾਰ ਡਰੈਸਿੰਗ ਰੂਮ ਵੱਲ ਦੇਖਿਆ। ਉਹ ਚਾਹ ਤੋਂ ਬਾਅਦ ਆਸਟਰੇਲੀਅਨ ਕਪਤਾਨ ਪੈਟ ਕਮਿੰਸ ਦੀ ਗੇਂਦ ’ਤੇ ਬੋਲਡ ਹੋਇਆ।
ਇਹ ਖ਼ਬਰ ਵੀ ਪੜ੍ਹੋ - ਇੰਸਟਾਗ੍ਰਾਮ ਜ਼ਰੀਏ ਹੋਈ ਦੋਸਤੀ ਨੇ ਬਰਬਾਦ ਕਰ ਦਿੱਤੀ ਜ਼ਿੰਦਗੀ, ਨਾਬਾਲਗਾ ਨਾਲ ਜੋ ਹੋਇਆ ਜਾਣ ਹੋ ਜਾਵੋਗੇ ਹੈਰਾਨ
ਉੱਥੇ ਹੀ ਡੈਬਿਊ ਕਰ ਰਹੇ ਵਿਕਟਕੀਪਰ ਬੱਲੇਬਾਜ਼ ਸ਼੍ਰੀਕਰ ਭਰਤ (8) ਦੇ ਰੂਪ ਵਿਚ ਮਰਫੀ ਨੇ ਪੰਜਵੀਂ ਵਿਕਟ ਲਈ। ਇਸ ਤੋਂ ਪਹਿਲਾਂ ਵਿਰਾਟ ਕੋਹਲੀ (12) ਤੇ ਸੂਰਯਕੁਮਾਰ ਯਾਦਵ (8) ਦੂਜੇ ਸੈਸ਼ਨ ਵਿਚ ਸਸਤੇ ਵਿਚ ਆਊਟ ਹੋ ਗਏ। ਕੋਹਲੀ ਨੂੰ ਮਰਫੀ ਨੇ ਲੈੱਗ ਸਟੰਪ ਦੇ ਬਾਹਰ ਜਾਂਦੀ ਗੇਂਦ ’ਤੇ ਵਿਕਟਕੀਪਰ ਐਲਕਸ ਕੈਰੀ ਦੇ ਹੱਥੋਂ ਕੈਚ ਕਰਵਾਇਆ। ਉੱਥੇ ਹੀ ਆਪਣਾ ਪਹਿਲਾ ਟੈਸਟ ਖੇਡ ਰਹੇ ਸੂਰਯਕੁਮਾਰ ਨੂੰ ਲਿਓਨ ਨੇ ਆਊਟ ਕੀਤਾ।
ਭਾਰਤ ਨੇ ਸਵੇਰ ਦੇ ਸੈਸ਼ਨ ਵਿਚ ਆਰ. ਅਸ਼ਵਿਨ (23) ਤੇ ਚੇਤੇਸ਼ਵਰ ਪੁਜਾਰਾ (7) ਦੀ ਵਿਕਟ ਗੁਆਈ। ਪਿੱਚ ਦੇ ਟੁੱਟਣ ਦੇ ਕੋਈ ਲੱਛਣ ਨਹੀਂ ਦਿਸ ਰਹੇ ਹਨ ਤੇ ਉਛਾਲ ਹੌਲੀ ਰਹਿਣ ਦੇ ਕਾਰਨ ਰੋਹਿਤ ਤੇ ਅਸ਼ਵਿਨ ਨੂੰ ਸਵੇਰੇ ਬੱਲੇਬਾਜ਼ੀ ਕਰਨ ਵਿਚ ਦਿੱਕਤ ਨਹੀਂ ਆਈ। ਦੋਵਾਂ ਨੇ 42 ਦੌੜਾਂ ਦੀ ਸਾਂਝੇਦਾਰੀ ਕੀਤੀ।
ਪਿੱਚ ਹੌਲੀ ਹੋਣ ਨਾਲ ਆਸਟਰੇਲੀਆ ਦੇ ਦੋਵੇਂ ਆਫ ਸਪਿਨਰਾਂ ਨਾਥਨ ਲਿਓਨ ਤੇ ਟਾਡ ਮਰਫੀ ਨੂੰ ਥੋੜ੍ਹੀ ਤੇਜ਼ ਗੇਂਦ ਸੁੱਟਣੀ ਪਈ। ਅਸ਼ਵਿਨ ਨੇ ਲਿਓਨ ਨੂੰ ਇਕ ਛੱਕਾ ਵੀ ਲਾਇਆ। ਮਰਫੀ ਨੇ ਉਸਦੀ ਵਿਕਟ ਲੈ ਕੇ ਇਸ ਸਾਂਝੇਦਾਰੀ ਨੂੰ ਤੋੜਿਆ। ਉੱਥੇ ਹੀ ਚੇਤੇਸ਼ਵਰ ਪੁਜਾਰਾ ਆਪਣੀ ਗਲਤੀ ਨਾਲ ਵਿਕਟ ਗੁਆ ਬੈਠਾ ਜਦਕਿ ਮਰਫੀ ਦੀ ਇਹ ਗੇਂਦ ਓਨੀ ਖਤਰਨਾਕ ਨਹੀਂ ਸੀ। ਬਾਹਰ ਜਾਂਦੀ ਗੇਂਦ ’ਤੇ ਪੁਜਾਰਾ ਨੇ ਸਵੀਪ ਸ਼ਾਟ ਖੇਡੀ ਤੇ ਸਕਾਟ ਬੋਲੈਂਡ ਨੇ ਆਸਾਨ ਕੈਚ ਫੜ ਲਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।