ਬ੍ਰਿਸਬੇਨ ’ਚ ਭਾਰਤ ਨੂੰ ਬਦਲਣਾ ਹੋਵੇਗਾ ਆਪਣਾ ਇਤਿਹਾਸ
Wednesday, Jan 13, 2021 - 03:31 PM (IST)
ਬ੍ਰਿਸਬੇਨ (ਵਾਰਤਾ) : ਭਾਰਤ ਨੂੰ ਆਸਟਰੇਲੀਆ ਖ਼ਿਲਾਫ਼ ਸੀਰੀਜ਼ ਜਿੱਤਣੀ ਹੈ ਤਾਂ ਉਸਨੂੰ ਬ੍ਰਿਸਬੇਨ ਮੈਦਾਨ ਵਿਚ ਆਪਣਾ ਇਤਿਹਾਸ ਬਦਲਣਾ ਹੋਵੇਗਾ। ਇਸ ਮੈਦਾਨ ’ਤੇ ਭਾਰਤ ਕਦੇ ਟੈਸਟ ਮੈਚ ਨਹੀਂ ਜਿੱਤ ਸਕਿਆ ਹੈ। ਦੋਵਾਂ ਦੇਸ਼ਾਂ ਵਿਚਾਲੇ ਬ੍ਰਿਸਬੇਨ ਵਿਚ 15 ਜਨਵਰੀ ਤੋਂ ਬਾਰਡਰ-ਗਾਵਸਕਰ ਟਰਾਫ਼ੀ ਦਾ ਚੌਥਾ ਅਤੇ ਫ਼ੈਸਲਕੁੰਨ ਟੈਸਟ ਮੈਚ ਹੋਣ ਜਾ ਰਿਹਾ ਹੈ।
ਇਹ ਵੀ ਪੜ੍ਹੋ: ਕ੍ਰਿਕਟ ਅਤੇ ਕਿਸੇ ਵੀ ਖੇਡ ’ਚ ਨਸਲੀ ਟਿੱਪਣੀਆਂ ਸਵੀਕਾਰ ਨਹੀਂ : ਗੌਤਮ ਗੰਭੀਰ
ਆਸਟਰੇਲੀਆ ਨੇ ਐਡੀਲੇਡ ਵਿਚ ਪਹਿਲਾ ਟੈਸਟ 8 ਵਿਕਟਾਂ ਨਾਲ ਜਿੱਤਿਆ ਸੀ, ਜਦੋਂਕਿ ਮੈਲਬੌਰਨ ਵਿਚ ਭਾਰਤ ਨੇ 8 ਵਿਕਟਾਂ ਨਾਲ ਜਿੱਤ ਹਾਸਲ ਕਰਕੇ ਸੀਰੀਜ਼ ਵਿਚ 1-1 ਨਾਲ ਬਰਾਬਰੀ ਹਾਸਲ ਕੀਤੀ ਸੀ। ਸਿਡਨੀ ਵਿਚ ਖੇਡਿਆ ਗਿਆ ਤੀਜਾ ਟੈਸਟ ਡਰਾਅ ਰਿਹਾ ਸੀ ਅਤੇ ਹੁਣ ਸੀਰੀਜ਼ ਦਾ ਫ਼ੈਸਲਾ ਬ੍ਰਿਸਬੇਨ ਵਿਚ ਹੋਣ ਜਾ ਰਿਹਾ ਹੈ। ਜੇਕਰ ਭਾਰਤ ਬ੍ਰਿਸਬੇਨ ਟੈਸਟ ਨੂੰ ਜਿੱਤਦਾ ਹੈ ਜਾਂ ਡਰਾਅ ਖੇਡਦਾ ਹੈ ਤਾਂ ਉਹ ਬਾਰਡਰ-ਗਾਵਸਕਰ ਟਰਾਫ਼ੀ ਆਪਣੇ ਕੋਲ ਬਰਕਰਾਰ ਰੱਖੇਗਾ, ਕਿਉਂਕਿ ਭਾਰਤ ਨੇ 2018-19 ਵਿਚ ਆਸਟਰੇਲੀਆ ਤੋਂ ਪਿੱਛਲੀ ਸੀਰੀਜ਼ 2-1 ਨਾਲ ਜਿੱਤੀ ਸੀ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵਿਰੁਸ਼ਕਾ ਦੀ ਧੀ ਦੀ ਤਸਵੀਰ ਅਸਲੀ ਜਾਂ ਨਕਲੀ, ਜਾਣੋ ਕੀ ਹੈ ਸਚਾਈ
ਬ੍ਰਿਸਬੇਨ ਦਾ ਮੈਦਾਨ ਆਸਟਰੇਲੀਆ ਦਾ ਅਜਿੱਤ ਕਿਲ੍ਹਾ ਮੰਨਿਆ ਜਾਂਦਾ ਹੈ, ਜਿੱਥੇ ਉਸ ਨੇ ਪਿਛਲੇ 33 ਸਾਲਾਂ ਵਿਚ ਕਦੇ ਹਾਰ ਦਾ ਸਾਹਮਣਾ ਨਹੀਂ ਕੀਤਾ ਹੈ ਅਤੇ ਉਹ ਇਸ ਮੈਦਾਨ ’ਤੇ ਭਾਰਤ ਤੋਂ ਕਦੇ ਨਹੀਂ ਹਾਰਿਆ ਹੈ। ਆਸਟਰੇਲੀਆ ਨੇ ਬ੍ਰਿਸਬੇਨ ਵਿਚ ਪਿਛਲੇ 7 ਟੈਸਟ ਲਗਾਤਾਰ ਜਿੱਤੇ ਹਨ। ਆਸਟਰੇਲੀਆ ਨੂੰ ਬ੍ਰਿਸਬੇਨ ਵਿਚ ਆਖਰੀ ਵਾਰ ਹਾਰ ਨਵੰਬਰ 1988 ਵਿਚ ਮਿਲੀ ਸੀ, ਜਦੋਂ ਉਸ ਨੂੰ ਵੈਸਟ ਇੰਡੀਜ਼ ਨੇ 9 ਵਿਕਟਾਂ ਨਾਲ ਹਰਾਇਆ ਸੀ। ਬ੍ਰਿਸਬੇਨ ਵਿਚ ਟੈਸਟ ਕ੍ਰਿਕਟ ਦੀ ਸ਼ੁਰੂਆਤ ਨਵੰਬਰ-ਦਸੰਬਰ 1931 ਤੋਂ ਹੋਈ ਸੀ ਅਤੇ ਭਾਰਤ ਨੇ ਇਸ ਮੈਦਾਨ ’ਤੇ ਆਪਣਾ ਪਹਿਲਾ ਟੈਸਟ ਨਵੰਬਰ-ਦਸੰਬਰ 1947 ਵਿਚ ਖੇਡਿਆ ਸੀ, ਜਿਸ ਵਿਚ ਆਸਟਰੇਲੀਆ ਨੇ ਪਾਰੀ ਅਤੇ 226 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ।
ਇਹ ਵੀ ਪੜ੍ਹੋ: ਲੋਹੜੀ ਮੌਕੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਮੁੜ ਵਧੀਆਂ, ਜਾਣੋ ਆਪਣੇ ਸ਼ਹਿਰ ’ਚ ਤੇਲ ਦੇ ਭਾਅ
ਭਾਰਤ ਨੇ ਇਸ ਦੇ ਬਾਅਦ ਜਨਵਰੀ 1968 ਵਿਚ ਟੈਸਟ ਮੈਚ 39 ਦੌੜਾਂ ਨਾਲ ਗਵਾਇਆ। ਦਸੰਬਰ 1977 ਵਿਚ ਭਾਰਤ ਨੂੰ ਬ੍ਰਿਸਬੇਨ ਵਿਚ 16 ਦੌੜਾਂ ਨਾਲ ਨਜ਼ਦੀਕੀ ਹਾਰ ਦਾ ਸਾਹਮਣਾ ਕਰਣਾ ਪਿਆ। ਨਵੰਬਰ-ਦਸੰਬਰ 1991 ਵਿਚ ਆਸਟਰੇਲੀਆ ਨੇ ਭਾਰਤ ਨੂੰ ਬ੍ਰਿਸਬੇਨ ਵਿਚ 10 ਵਿਕਟਾਂ ਨਾਲ ਹਰਾਇਆ, ਜਦੋਂਕਿ ਦਸੰਬਰ 2003 ਵਿਚ ਖੇਡਿਆ ਗਿਆ ਟੈਸਟ ਮੈਚ ਡਰਾਅ ਰਿਹਾ। ਦਸੰਬਰ 2014 ਵਿਚ ਖੇਡੇ ਗਏ ਟੈਸਟ ਵਿਚ ਆਸਟਰੇਲੀਆ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ। ਇਸ ਮੈਦਾਨ ’ਤੇ ਖੇਡੇ ਗਏ ਆਖਰੀ ਟੈਸਟ ਵਿਚ ਆਸਟਰੇਲੀਆ ਨੇ ਪਾਕਿਸਤਾਨ ਨੂੰ ਨਵੰਬਰ 2019 ਵਿਚ ਪਾਰੀ ਅਤੇ 5 ਦੌੜਾਂ ਨਾਲ ਹਰਾਇਆ। ਭਾਰਤ ਨੂੰ ਹੁਣ ਬ੍ਰਿਸਬੇਨ ਵਿਚ ਆਪਣਾ ਇਤਿਹਾਸ ਬਦਲਣ ਦੀ ਜ਼ਰੂਰਤ ਹੈ ਤਾਂਕਿ ਉਹ ਸ਼ਾਨ ਨਾਲ ਸੀਰੀਜ਼ ’ਤੇ ਕਬਜ਼ਾ ਕਰ ਸਕੇ ।
ਇਹ ਵੀ ਪੜ੍ਹੋ: ਬਰਡ ਫਲੂ ਨੇ ਧੋਨੀ ਦਾ ਨਵਾਂ ਵਪਾਰ ਕੀਤਾ ਠੱਪ, ਕੜਕਨਾਥ ਚੂਚਿਆਂ ’ਚ ਹੋਈ ਫਲੂ ਦੀ ਪੁਸ਼ਟੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।