ਵਿਸ਼ਵ ਕੱਪ ਤੋਂ ਪਹਿਲਾਂ ਟੀਮ ਸੰਯੋਜਨ ਦੀ ਭਾਲ ਕਰਨ ਦੇ ਇਰਾਦੇ ਨਾਲ ਉਤਰੇਗੀ ਭਾਰਤੀ ਮਹਿਲਾ ਟੀਮ
Saturday, Feb 12, 2022 - 10:48 AM (IST)
ਸਪੋਰਟਸ ਡੈਸਕ- ਭਾਰਤੀ ਮਹਿਲਾ ਕ੍ਰਿਕਟ ਟੀਮ ਨਿਊਜ਼ੀਲੈਂਡ ਖ਼ਿਲਾਫ਼ ਸ਼ਨੀਵਾਰ ਤੋਂ ਸ਼ੁਰੂ ਹੋ ਰਹੀ ਪੰਜ ਮੈਚਾਂ ਦੀ ਵਨ ਡੇ ਸੀਰੀਜ਼ ਵਿਚ ਸਹੀ ਟੀਮ ਦੀ ਭਾਲ ਕਰਨ ਦੇ ਇਰਾਦੇ ਨਾਲ ਉਤਰੇਗੀ। ਇਸ ਤੋਂ ਪਹਿਲਾਂ ਇੱਕੋ ਇਕ ਟੀ-20 ਮੈਚ ਵਿਚ ਭਾਰਤ ਨੂੰ 18 ਦੌੜਾਂ ਨਾਲ ਹਾਰ ਸਹਿਣੀ ਪਈ ਸੀ। ਕਪਤਾਨ ਮਿਤਾਲੀ ਰਾਜ ਵਨ-ਡੇ ਸੀਰੀਜ਼ ਦਾ ਆਗ਼ਾਜ਼ ਜਿੱਤ ਨਾਲ ਕਰਨਾ ਚਾਹੇਗੀ ਕਿਉਂਕਿ ਅਗਲੇ ਮਹੀਨੇ ਹੋਣ ਵਾਲੇ ਆਈਸੀਸੀ ਵਿਸ਼ਵ ਕੱਪ ਲਈ ਇਹ ਮਹੱਤਵਪੂਰਨ ਸੀਰੀਜ਼ ਹੈ। ਛੋਟੇ ਮੈਦਾਨ 'ਤੇ ਤੇਜ਼ ਹਵਾਵਾਂ ਵਿਚਾਲੇ ਖੇਡਣਾ ਸੌਖਾ ਨਹੀਂ ਹੋਵੇਗਾ ਪਰ ਇਸ ਅਭਿਆਸ ਦਾ ਫ਼ਾਇਦਾ ਚਾਰ ਮਾਰਚ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ ਵਿਚ ਮਿਲੇਗਾ। ਖਿਡਾਰੀਆਂ ਦੀ ਉਪਲੱਬਧਤਾ ਵੀ ਭਾਰਤ ਲਈ ਵੱਡਾ ਮਸਲਾ ਹੈ ਕਿਉਂਕਿ ਸਮਿ੍ਤੀ ਮੰਧਾਨਾ, ਤੇਜ਼ ਗੇਂਦਬਾਜ਼ ਰੇਣੁਕਾ ਸਿੰਘ ਤੇ ਮੇਘਨਾ ਸਿੰਘ ਇਕਾਂਤਵਾਸ ਦਾ ਸਮਾਂ ਵਧਾਏ ਜਾਣ ਕਾਰਨ ਟੀਮ 'ਚੋਂ ਬਾਹਰ ਹਨ।
ਇਹ ਵੀ ਪੜ੍ਹੋ : IPL 2022 ਦੀ ਮੈਗਾ ਨਿਲਾਮੀ ਅੱਜ, 590 ਖਿਡਾਰੀਆਂ ਨੂੰ ਕੀਤਾ ਗਿਆ ਸ਼ਾਰਟਲਿਸਟ
ਉਨ੍ਹਾਂ ਦੀ ਗ਼ੈਰ ਮੌਜੂਦਗੀ ਵਿਚ ਦੂਜੇ ਖਿਡਾਰੀਆਂ ਲਈ ਆਪਣੀ ਯੋਗਤਾ ਸਾਬਤ ਕਰਨਾ ਦਾ ਮੌਕਾ ਹੈ ਜੋ ਵਿਸ਼ਵ ਕੱਪ ਟੀਮ ਵਿਚ ਥਾਂ ਬਣਾਉਣ ਲਈ ਬੇਤਾਬ ਹੋਣਗੀਆਂ। ਇੱਕੋ ਇਕ ਟੀ-20 ਮੈਚ ਵਿਚ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ ਤੇ ਇਸ ਕਾਰਨ ਸਿਖਰਲੇ ਖਿਡਾਰੀਆਂ ਦੀ ਗ਼ੈਰਮੌਜੂਦਗੀ ਵਿਚ ਆਖ਼ਰੀ ਇਲੈਵਨ ਚੁਣਨਾ ਮਿਤਾਲੀ ਤੇ ਟੀਮ ਮੈਨੇਜਮੈਂਟ ਲਈ ਚੁਣੌਤੀ ਹੈ। ਟੀ-20 ਵਿਚ ਸ਼ੇਫਾਲੀ ਵਰਮਾ ਦੇ ਨਾਲ ਪਾਰੀ ਦੀ ਸ਼ੁਰੂਆਤ ਕਰ ਕੇ 26 ਦੌੜਾਂ ਬਣਾਉਣ ਵਾਲੀ ਯਸਤਿਕਾ ਭਾਟੀਆ ਦੀ ਥਾਂ ਕਾਇਮ ਰਹੇਗੀ। ਮੱਧ ਕ੍ਰਮ ਵਿਚ ਤਬਦੀਲੀ ਕਰਨੀ ਪਵੇਗੀ ਜਿਸ ਵਿਚ ਮਿਤਾਲੀ ਖ਼ੁਦ ਸ਼ਾਮਲ ਰਹੇਗੀ। ਹਰਮਨਪ੍ਰਰੀਤ ਕੌਰ 'ਤੇ ਵੀ ਧਿਆਨ ਹੋਵੇਗਾ। ਗੇਂਦਬਾਜ਼ੀ ਵਿਚ ਤਜਰਬੇਕਾਰ ਝੂਲਨ ਗੋਸਵਾਮੀ ਹਮਲੇ ਦੀ ਅਗਵਾਈ ਕਰੇਗੀ। ਉਹ ਪੂਜਾ ਵਸਤ੍ਰਾਕਰ ਨਾਲ ਨਵੀਂ ਗੇਂਦ ਸੰਭਾਲੇਗੀ। ਸਿਮਰਨ ਦਿਲ ਬਹਾਦੁਰ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ।
ਦੂਜੇ ਪਾਸੇ ਨਿਊਜ਼ੀਲੈਂਡ ਜਿੱਤ ਦੀ ਲੈਅ ਕਾਇਮ ਰੱਖਣਾ ਚਾਹੇਗੀ। ਵਨ ਡੇ ਵਿਚ ਹਾਲਾਂਕਿ ਉਸ ਦਾ ਰਿਕਾਰਡ ਖ਼ਰਾਬ ਹੈ ਤੇ ਉਸ ਨੇ ਪਿਛਲੇ 20 ਵਨ ਡੇ ਵਿਚੋਂ ਇਕ ਹੀ ਜਿੱਤਿਆ ਹੈ। ਕਪਤਾਨ ਸੋਫੀ ਡਿਵਾਈਨ ਵੀ ਵਿਸ਼ਵ ਕੱਪ ਤੋਂ ਪਹਿਲਾਂ ਸਹੀ ਟੀਮ ਦੀ ਭਾਲ ਕਰਨਾ ਚਾਹੇਗੀ। ਮੇਜ਼ਬਾਨ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ। ਸੂਜੀ ਬੇਟਸ ਤੇ ਡਿਵਾਈਨ ਨੇ ਟੀ-20 ਮੈਚ ਵਿਚ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। ਮੈਡੀ ਗ੍ਰੀਨ ਤੇ ਲੀ ਤਾਹੁਹੂ ਨੇ ਮੱਧਕ੍ਰਮ ਵਿਚ ਚੰਗੀਆਂ ਪਾਰੀਆਂ ਖੇਡੀਆਂ। ਗੇਂਦਬਾਜ਼ੀ ਵਿਚ ਜੇਸ ਕੇਰ ਤੇ ਹੇਲੀ ਜੇਨਸੇਨ ਨੇ ਦੋ-ਦੋ ਵਿਕਟਾਂ ਲਈਆਂ ਸਨ ਜਦਕਿ ਸਪਿਨਰ ਐਮਲੀਆ ਕੇਰ ਨੇ ਵੀ ਪ੍ਰਭਾਵਿਤ ਕੀਤਾ।
ਇਹ ਵੀ ਪੜ੍ਹੋ : ਸ਼ੇਖ ਰਸ਼ੀਦ ਨੂੰ 10 ਲੱਖ ਰੁਪਏ ਦੇਵੇਗਾ ਆਂਧਰਾ ਪ੍ਰਦੇਸ਼ ਕ੍ਰਿਕਟ ਸੰਘ
ਟੀਮਾਂ-
ਭਾਰਤ : ਮਿਤਾਲੀ ਰਾਜ (ਕਪਤਾਨ), ਹਰਮਨਪ੍ਰਰੀਤ ਕੌਰ, ਸ਼ੇਫਾਲੀ ਵਰਮਾ, ਯਸਤਿਕਾ ਭਾਟੀਆ, ਦੀਪਤੀ ਸ਼ਰਮਾ, ਰਿਚਾ ਘੋਸ਼, ਸਨੇਹ ਰਾਣਾ, ਝੂਲਨ ਗੋਸਵਾਮੀ, ਪੂਜਾ ਵਸਤ੍ਰਾਕਰ, ਤਾਨੀਆ ਭਾਟੀਆ, ਰਾਜੇਸ਼ਵਰੀ ਗਾਇਕਵਾੜ, ਪੂਨਮ ਯਾਦਵ, ਸਿਮਰਨ ਦਿਲ ਬਹਾਦੁਰ।
ਨਿਊਜ਼ੀਲੈਂਡ : ਸੋਫੀ ਡਿਵਾਈਨ (ਕਪਤਾਨ), ਏਮੀ ਸੈਟਰਥਵੇਟ, ਸੂਜੀ ਬੇਟਸ, ਲੌਰੇਨ ਡਾਉਨ, ਮੈਡੀ ਗ੍ਰੀਨ, ਬਰੁਕ ਹਾਲੀਡੇ, ਹੇਲੀ ਜੇਨਸੇਨ, ਫਰਾਨ ਜੋਨਾਸ, ਜੇਸ ਕੇਰ, ਐਮਲੀਆ ਕੇਰ, ਫਰੈਂਕੀ ਮੈਕੇ, ਰੋਸਮੇਰੀ ਮਾਇਰ, ਕੇਟੀ ਮਾਰਟਿਨ, ਹਨਾਹ ਰੋਵ, ਲੀ ਤਾਹੁਹੂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।