ਟੈਸਟ ਰੈਂਕਿੰਗ ’ਚ ਭਾਰਤ 5ਵੇਂ ਸਾਲ ਚੋਟੀ ’ਤੇ, AUS ਪਹੁੰਚਿਆ ਇਸ ਸਥਾਨ 'ਤੇ
Thursday, May 13, 2021 - 07:58 PM (IST)
ਦੁਬਈ– ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੀ ਫਾਈਨਲਿਸਟ ਭਾਰਤੀ ਟੀਮ ਆਈ. ਸੀ. ਸੀ. ਟੈਸਟ ਰੈਂਕਿੰਗ ਵਿਚ ਚੋਟੀ ਦੇ ਸਥਾਨ ’ਤੇ ਬਰਕਰਾਰ ਹੈ। ਉਥੇ ਹੀ ਡਬਲਯੂ. ਟੀ. ਸੀ. ਦੀ ਇਕ ਹੋਰ ਫਾਈਨਲਿਸਟ ਟੀਮ ਨਿਊਜ਼ੀਲੈਂਡ ਦੂਜੇ ਸਥਾਨ ’ਤੇ ਬਣੀ ਹੋਈ ਹੈ। ਆਈ. ਸੀ. ਸੀ. ਵਲੋਂ ਵੀਰਵਾਰ ਨੂੰ ਜਾਰੀ ਸਾਲਾਨਾ ਅਪਡੇਟ ਮੁਤਾਬਕ ਭਾਰਤ ਰੈਂਕਿੰਗ ਵਿਚ 121 ਅੰਕਾਂ ਦੇ ਨਾਲ ਪਹਿਲੇ ਤੇ 120 ਅੰਕਾਂ ਨਾਲ ਨਿਊਜ਼ੀਲੈਂਡ ਦੂਜੇ ਸਥਾਨ ’ਤੇ ਹੈ। ਉਥੇ ਹੀ, ਭਾਰਤ ਦੌਰੇ ’ਤੇ 1 ਟੈਸਟ ਜਿੱਤ ਕੇ ਹੀ ਇੰਗਲੈਂਡ ਤੀਜੇ ਸਥਾਨ’ਤੇ ਆ ਗਿਆ ਹੈ। ਉਸ ਨੇ ਆਸਟਰੇਲੀਆ ਨੂੰ ਚੌਥੇ ਨੰਬਰ ’ਤੇ ਧੱਕ ਦਿੱਤਾ ਹੈ।
ਇਹ ਖ਼ਬਰ ਪੜ੍ਹੋ- ਰਿਸ਼ਭ ਪੰਤ ਨੂੰ ਕੋਰੋਨਾ ਦੇ ਟੀਕੇ ਦੀ ਪਹਿਲੀ ਡੋਜ਼ ਲੱਗੀ
ਪਿਛਲੇ ਇਕ ਸਾਲ ਵਿਚ ਖੇਡੀ ਗਈ ਟੈਸਟ ਸੀਰੀਜ਼ ਵਿਚ ਜਿੱਤ ਨੇ ਭਾਰਤ ਤੇ ਨਿਊਜ਼ੀਲੈਂਡ ਨੂੰ ਟਾਪ-2 ਵਿਚ ਬਣਾਏ ਰੱਖਿਆ ਹੈ। ਭਾਰਤ ਨੇ ਜਿੱਥੇ ਪਿਛਲੀਆਂ ਸੀਰੀਜ਼ 'ਚ ਆਸਟਰੇਲੀਆ ਤੇ ਇੰਗਲੈਂਡ ਨੂੰ ਕ੍ਰਮਵਾਰ 2-1 ਅਤੇ 3-1 ਨਾਲ ਹਰਾਇਆ ਸੀ ਤਾਂ ਉਥੇ ਹੀ ਨਿਊਜ਼ੀਲੈਂਡ ਨੇ ਵੈਸਟਇੰਡੀਜ਼ ਤੇ ਪਾਕਿਸਤਾਨ ਵਿਰੁੱਧ 2-0 ਨਾਲ ਜਿੱਤ ਦਰਜ ਕੀਤੀ ਹੈ। 2016-17 ਸੈਸ਼ਨ ਵਿਚ ਭਾਰਤੀ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ। ਨਿਊਜ਼ੀਲੈਂਡ ਨੂੰ 3-0 ਨਾਲ, ਇੰਗਲੈਂਡ ਨੂੰ 4-0 ਨਾਲ ਤੇ ਆਸਟਰੇਲੀਆ ਨੂੰ 2-1 ਨਾਲ ਹਰਾਇਆ ਸੀ। 2017 ਵਿਚ ਕੋਹਲੀ ਦੀ ਕਪਤਾਨੀ ਵਿਚ ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ 3-0 ਨਾਲ ਹਰਾਇਆ ਸੀ। ਇਸੇ ਕਾਰਨ ਟੀਮ ਇੰਡੀਆ ਰੈਂਕਿੰਗ ਵਿਚ ਪਹਿਲੇ ਨੰਬਰ ’ਤੇ ਪਹੁੰਚੀ ਸੀ। 2018-19 ਸੈਸ਼ਨ ਵਿਚ ਭਾਰਤ ਨੇ ਵਿੰਡੀਜ਼ ਨੂੰ ਉਸਦੇ ਘਰ ਵਿਚ ਹਰਾਇਆ ਸੀ। ਇਸ ਤੋਂ ਬਾਅਦ ਆਸਟਰੇਲੀਆ ਨੂੰ ਵੀ ਉਸਦੇ ਘਰ ਜਾ ਕੇ ਹਰਾਇਆ। ਆਸਟਰੇਲੀਆ ਵਰਗੀ ਮਜ਼ਬੂਤ ਟੀਮ ਨੂੰ ਹਰਾ ਕੇ ਟੀਮ ਇੰਡੀਆ ਦੇ ਹੱਥ ਬਾਰਡਰ-ਗਾਵਸਕਰ ਟਰਾਫੀ ਆਈ, ਜਿਹੜੀ ਕਿ ਭਾਰਤ ਨੂੰ ਨੰਬਰ-1 ਦਾ ਸਥਾਨ ਬਰਕਰਾਰ ਰੱਖਣ ਲਈ ਕਾਫੀ ਸੀ।
2020 ਵਿਚ ਕੋਰੋਨਾ ਦਾ ਅਸਰ ਦੇਖਣ ਨੂੰ ਮਿਲਿਆ। ਭਾਰਤ ਦਾ ਨਿਊਜ਼ੀਲੈਂਡ ਦੌਰਾ ਨਹੀਂ ਹੋ ਸਕਿਆ ਸੀ। ਇਸ ਤੋਂ ਇਲਾਵਾ ਵਿਸ਼ਵ ਕ੍ਰਿਕਟ ਵਿਚ ਕਈ ਵੱਡੀਆਂ ਸੀਰੀਜ਼ ਨਹੀਂ ਖੇਡੀਆਂ ਗਈਆਂ। ਕਿਉਂਕਿ ਸਾਰੇ ਜਗ੍ਹਾ ਮੈਚ ਨਹੀਂ ਹੋਏ ਸਨ ਤਾਂ ਅਜਿਹੇ ਵਿਚ ਟੀਮ ਇੰਡੀਆ ਇਕ ਵਾਰ ਫਿਰ ਤੋਂ ਰੈਂਕਿੰਗ 'ਚ ਪਹਿਲੇ ਸਥਾਨ ’ਤੇ ਬਣੀ ਰਹੀ। 2020-21 ਦੇ ਅੰਤ ਵਿਚ ਭਾਰਤੀ ਟੀਮ ਆਸਟਰੇਲੀਆ ਵਿਚ ਬਾਰਡਰ-ਗਾਵਸਕਰ ਟਰਾਫੀ ਖੇਡਣ ਗਈ। ਕੋਹਲੀ ਪਹਿਲੇ ਮੈਚ ਤੋਂ ਬਾਅਦ ਆਪਣੇ ਬੱਚੇ ਦੇ ਜਨਮ ਲਈ ਵਤਨ ਪਰਤ ਆਇਆ। ਤੱਦ ਅਜਿੰਕਯ ਰਹਾਨੇ ਦੀ ਕਪਤਾਨੀ 'ਚ ਭਾਰਤੀ ਕ੍ਰਿਕਟਰਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਤੇ ਇਤਿਹਾਸਕ ਟੈਸਟ ਸੀਰੀਜ਼ ਜਿੱਤ ਲਈ।
2021 ਵਿਚ ਭਾਰਤੀ ਟੀਮ ਦੇ ਅਸਾਟਰੇਲੀਆ ਨੂੰ ਹਰਾ ਕੇ ਹੌਸਲੇ ਬੁਲੰਦ ਸਨ। ਇਸ ਤੋਂ ਬਾਅਦ ਇੰਗਲੈਂਡ ਦੀ ਟੀਮ ਆਪਣੇ ਭਾਰਤ ਦੌਰੇ ’ਤੇ ਆਈ। ਟੀਮ ਇੰਡੀਆ ਨੇ ਇੰਗਲੈਂਡ ਨੂੰ 3-1 ਨਾਲ ਹਰਾ ਦਿੱਤਾ। ਇਸ ਤੋਂ ਬਾਅਦ ਕੋਰੋਨਾ ਦੇ ਕਾਰਨ ਕ੍ਰਿਕਟ ਫਿਰ ਰੁਕ ਗਈ, ਬਾਵਜੂਦ ਇਸ ਦੇ ਭਾਰਤ ਨੰਬਰ-1 ’ਤੇ ਬਣਾਇਆ ਹੋਇਆ ਹੈ।
ਟੈਸਟ ਚੈਂਪੀਅਨਸ਼ਿਪ ਦੀ ਰੇਟਿੰਗ ਤੋਂ ਸਟੂਅਰਟ ਬ੍ਰਾਡ ਨਾਰਾਜ਼
ਵਰਲਡ ਟੈਸਟ ਚੈਂਪੀਅਨਸ਼ਿਪ ਦੀ ਰੇਟਿੰਗ ਪ੍ਰਣਾਲੀ ਤੋਂ ਸਟੂਅਰਟ ਬ੍ਰਾਡ ਕਾਫੀ ਨਾਰਾਜ਼ ਹੈ। ਉਸ ਨੇ ਕਿਹਾ ਕਿ ਇਹ ਇਕ ਚੰਗਾ ਫਾਰਮੈੱਟ ਹੈ। ਇਸ ਦਾ ਪਹਿਲੀ ਵਾਰ ਆਯੋਜਨ ਹੋ ਰਿਹਾ ਹੈ ਪਰ ਇਸ ਦੀ ਅੰਕ ਸੂਚੀ ਤੋਂ ਮੈਂ ਖੁਸ਼ ਨਹੀਂ ਹਾਂ। ਮੈਂ ਇਹ ਨਹੀਂ ਸਮਝ ਪਾ ਰਿਹਾ ਹਾਂ ਕਿ 5 ਮੈਚਾਂ ਦੀ ਆਸਟਰੇਲੀਆ ਤੇ ਇੰਗਲੈਂਡ ਦੀ ਸੀਰੀਜ਼ ਭਾਰਤ ਤੇ ਬੰਗਲਾਦੇਸ਼ ਦੀ 2 ਮੈਚਾਂ ਦੀ ਟੈਸਟ ਸੀਰੀਜ਼ ਦੇ ਬਰਾਬਰ ਕਿਵੇਂ ਹੋ ਗਈ। ਇਹ ਗੱਲ ਮੇਰੀ ਸਮਝ ਤੋਂ ਪਰੇ ਹਨ ਕਿਉਂਕਿ ਦੋਵੇਂ ਟੀਮਾਂ ਨੂੰ ਅੰਕ ਸੀਰੀਜ਼ ਜਿੱਤਣ ’ਤੇ ਇਕ ਬਰਾਬਰ ਨਹੀਂ ਮਿਲਣਗੇ। ਬ੍ਰਾਡ ਨੇ ਕਿਹਾ ਕਿ ਟੈਸਟ ਚੈਂਪੀਅਨਸ਼ਿਪ ਦਾ ਆਈਡੀਆ ਚੰਗਾ ਹੈ ਪਰ ਅਜੇ ਇਸ ’ਤੇ ਬਹੁਤ ਕੰਮ ਕਰਨ ਦੀ ਲੋੜ ਹੈ। ਕਿਉਂਕਿ ਇਸ ਵਿਚ ਅਜੇ ਵੀ ਕਈ ਸੁਧਾਰ ਕੀਤੇ ਜਾ ਸਕਦੇ ਹਨ।
ਬ੍ਰਾਡ ਨੇ ਇਹ ਵੀ ਮੰਨਿਆ ਕਿ ਇਕ ਸਾਲ ਵਿਚ ਇੰਗਲੈਂਡ ਦੀ ਟੀਮ ਜਿੰਨੇ ਮੈਚ ਖੇਡਦੀ ਹੈ, ਉਸ ਹਿਸਾਬ ਨਾਲ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਜਗ੍ਹਾ ਬਣਾਉਣਾ ਉਸਦੇ ਲਈ ਕਾਫੀ ਮੁਸ਼ਕਿਲ ਹੋਵੇਗਾ। ਆਸਟਰੇਲੀਆ ਤੋਂ ਅਜੇ ਵੀ ਪਿੱਛੇ ਭਾਰਤੀ ਟੀਮ ਭਾਵੇਂ ਹੀ 5ਵੇਂ ਸਾਲ ਨੰਬਰ-1 ਬਣੀ ਹੋਈ ਹੈ ਪਰ ਉਹ ਅਜੇ ਵੀ ਆਸਟਰੇਲੀਆ ਦਾ ਰਿਕਾਰਡ ਤੋੜ ਨਹੀਂ ਸਕੀ ਹੈ। ਆਸਟਰੇਲੀਆ ਨੇ 2002 ਵਿਚ ਟੈਸਟ ਵਿਚ ਨੰਬਰ-1 ਹੋਣ ਤੋਂ ਬਾਅਦ 2009 ਤਕ ਆਪਣੀ ਟਾਪ ਪੋਜੀਸ਼ਨ ਬਰਕਰਾਰ ਰੱਖੀ ਸੀ। ਆਸਟਰੇਲੀਆ ਦੇ ਪਹਿਲੇ ਕਪਤਾਨ ਸਟੀਵ ਸਨ, ਜਿਸ ਤੋਂ ਬਾਅਦ ਰਿਕੀ ਪੋਂਟਿੰਗ ਨੇ ਇਸ ਨੂੰ ਅੱਗੇ ਵਧਾਇਆ। ਜ਼ਿਕਰਯੋਗ ਹੈ ਕਿ ਰੈਂਕਿੰਗ 'ਚ ਪਹਿਲੇ ਨੰਬਰ ’ਤੇ ਰਹਿਣ ਵਾਲੀ ਟੀਮ ਨੂੰ ਆਈ. ਸੀ. ਸੀ. ਟੈਸਟ ਗੁਰਜ ਤੇ ਇਕ ਮਿਲੀਅਨ ਡਾਲਰ ਮਿਲਦੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।