ਫੈਸਲਾਕੁੰਨ ਮੌਕਿਆਂ ਦਾ ਫਾਇਦਾ ਭਾਰਤ ਨੇ ਚੁੱਕਿਆ, ਆਸਟਰੇਲੀਆ ਖੁੰਝਿਆ : ਪੇਨ
Wednesday, Jan 20, 2021 - 03:50 AM (IST)
ਬ੍ਰਿਸਬੇਨ- ਭਾਰਤ ਹੱਥੋਂ ਟੈਸਟ ਲੜੀ ਵਿਚ ਹਾਰ ਦੇ ਬਾਵਜੂਦ ਕੁਝ ‘ਅਧੂਰੇ ਕੰਮ’ ਪੂਰੇ ਹੋਣ ਤਕ ਕਪਤਾਨ ਬਣੇ ਰਹਿਣ ਦੇ ਇੱਛੁਕ ਆਸਟਰੇਲੀਆਈ ਕਪਤਾਨ ਟਿਮ ਪੇਨ ਨੇ ਕਿਹਾ ਕਿ ਭਾਰਤ ਨੇ ਲੜੀ ਵਿਚ ਅਹਿਮ ਮੌਕਿਆਂ ਦਾ ਪੂਰਾ ਫਾਇਦਾ ਚੁੱਕਿਆ ਜਦਕਿ ਆਸਟਰੇਲੀਆ ਖੁੰਝ ਗਿਆ। ਭਾਰਤੀ ਨੌਜਵਾਨਾਂ ਨੇ ਸਹੀ ਸਮੇਂ ’ਤੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਆਖਰੀ ਟੈਸਟ 3 ਵਿਕਟਾਂ ਨਾਲ ਜਿੱਤਿਆ।
ਪੇਨ ਨੇ ਕਿਹਾ,‘ਬੱਲੇ, ਗੇਂਦ ਤੇ ਫੀਲਡਿੰਗ ਵਿਚ ਸਾਡੇ ਕੋਲ ਮੈਚ ਵਿਚ ਅੱਗੇ ਜਾਣ ਦਾ ਮੌਕਾ ਸੀ, ਜਿਹੜਾ ਅਸੀਂ ਗੁਆਇਆ। ਸਿਡਨੀ ਵਿਚ ਥੋੜ੍ਹੀ ਬਹੁਤ ਫੀਲਡਿੰਗ ਵਿਚ ਅਜਿਹਾ ਹੋਇਆ ਤੇ ਫਿਰ ਕੱਲ ਸਾਡੀ ਬੱਲੇਬਾਜ਼ੀ ਵਿਚ।’’ ਉਸ ਨੇ ਕਿਹਾ,‘‘ਅਸੀਂ ਅਹਿਮ ਮੌਕਿਆਂ ’ਤੇ ਵਿਕਟਾਂ ਗੁਆਈਆਂ ਤੇ ਸਾਂਝੇਦਾਰੀ ਨਹੀਂ ਬਣਾ ਸਕੇ। ਭਾਰਤ ਨੇ ਹਰ ਵਾਰ ਲੋੜ ਦੇ ਸਮੇਂ ਵਿਕਟ ਲਈ। ਉਸ ਨੂੰ ਜਿੱਤ ਦਾ ਸਿਹਰਾ ਜਾਂਦਾ ਹੈ। ਉਸ ਨੇ ਫੈਸਲਾਕੁੰਨ ਪਲਾਂ ’ਚ ਚੰਗਾ ਪ੍ਰਦਰਸ਼ਨ ਕੀਤਾ।’’
ਉਸ ਦੀ ਕਪਤਾਨੀ ਦੀ ਭਾਵੇਂ ਹੀ ਆਲੋਚਨਾ ਕੀਤੀ ਜਾ ਰਹੀ ਹੋਵੇ ਪਰ ਪੇਨ ਨੇ ਕਿਹਾ ਕਿ ਉਹ ਅਜੇ ਅਹੁਦਾ ਛੱਡਣਾ ਨਹੀਂ ਚਾਹੁੰਦਾ। ਉਸ ਨੇ ਕਿਹਾ,‘‘ਸਿਡਨੀ ਵਿਚ ਇਕ ਦਿਨ ਮੇਰਾ ਪ੍ਰਦਰਸ਼ਨ ਖਰਾਬ ਰਿਹਾ। ਇਕ ਖਿਡਾਰੀ ਦੇ ਕਰੀਅਰ ਵਿਚ ਅਜਿਹਾ ਹੁੰਦਾ ਹੈ। ਮੈਨੂੰ ਅਜੇ ਵੀ ਲੱਗਦਾ ਹੈ ਕਿ ਮੈਂ ਬਿਹਤਰ ਪ੍ਰਦਰਸ਼ਨ ਕਰ ਸਕਦਾ ਹਾਂ। ਕੁਝ ਅਧੂਰੇ ਕੰਮ ਹਨ, ਜਿਹੜੇ ਅਸੀਂ ਇਕ ਇਕਾਈ ਦੇ ਰੂਪ ਟੀਚੇ ਦੇ ਤੌਰ ’ਤੇ ਤੈਅ ਕਰ ਰੱਖੇ ਹਨ। ਇਸ ਲਈ ਮੈਂ ਅਜੇ ਕਪਤਾਨੀ ਜਾਰੀ ਰੱਖਣਾ ਚਾਹੁੰਦਾ ਹਾਂ।’’
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।