ਪੈਰਿਸ ਓਲੰਪਿਕ ’ਚ ਭਾਰਤ ਦੇ ਪ੍ਰਮੁੱਖ ਤਮਗਾ ਦਾਅਵੇਦਾਰ
Thursday, Jul 25, 2024 - 04:52 PM (IST)
ਸਪੋਰਟਸ ਡੈਸਕ- 26 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ-2024 ਵਿਚ ਭਾਰਤ ਦੇ ਕੁਲ 117 ਐਥਲੀਟ ਹਿੱਸਾ ਲੈਣਗੇ। ਪਿਛਲੀਆਂ ਖੇਡਾਂ ਵਿਚ ਭਾਰਤ ਨੇ ਕੁਲ 7 ਤਮਗੇ ਜਿੱਤੇ ਸਨ, ਜਿਨ੍ਹਾਂ ਵਿਚ ਟ੍ਰੈਕ ਐਂਡ ਫੀਲਡ ਪ੍ਰਤੀਯੋਗਿਤਾ ਵਿਚ ਪਹਿਲਾ ਵਿਅਕਤੀਗਤ ਸੋਨ ਤਮਗਾ ਵੀ ਸ਼ਾਮਲ ਹੈ। ਹਾਲਾਂਕਿ ਭਾਰਤ ਦਾ ਦਲ ਹੁਣ ਤਕ ਦਾ ਸਭ ਤੋਂ ਵੱਡਾ ਦਲ ਨਹੀਂ ਹੈ ਪਰ ਸੰਭਾਵਨਾ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਖੇਡ ਆਯੋਜਨ ਵਿਚ ਦੇਸ਼ ਦੇ ਤਮਗਿਆਂ ਦੀ ਗਿਣਤੀ ਇਸ ਵਾਰ ਵੱਧ ਕੇ 10 ਹੋ ਸਕਦੀ ਹੈ। ਭਾਰਤ ਲਈ 2 ਵਿਅਕਤੀਗਤ ਤਮਗੇ ਜਿੱਤਣ ਵਾਲੀ ਪੀ. ਵੀ. ਸਿੰਧੂ ਤੋਂ ਇਲਾਵਾ ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਵੀ ਤਮਗਾ ਜਿੱਤਣ ਦਾ ਟੀਚਾ ਲੈ ਕੇ ਚੱਲ ਰਹੀ ਹੈ। ਆਓ ਜਾਣਦੇ ਹਾਂ ਮੌਜੂਦਾ ਓਲੰਪਿਕ ਵਿਚ ਭਾਰਤ ਲਈ ਤਮਗੇ ਦੇ ਪ੍ਰਮੁੱਖ ਵੱਡੇ ਦਾਅਵੇਦਾਰਾਂ ਦੇ ਬਾਰੇ ਵਿਚ-
1. ਨੀਰਜ ਚੋਪੜਾ (ਜੈਵਲਿਨ ਥ੍ਰੋਅਰ)
ਉਪਲੱਬਧੀ : ਮੌਜੂਦਾ ਓਲੰਪਿਕ ਚੈਂਪੀਅਨ ਨੀਰਜ, ਏਸ਼ੀਆਈ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਮਗਾ ਤੇ ਡਾਇਮੰਡ ਲੀਗ ਟਰਾਫੀ ਵੀ ਜਿੱਤ ਚੁੱਕਾ ਹੈ।
ਸੰਭਾਵਨਾ : ਭਾਵੇਂ ਹੀ ਨੀਰਜ 90 ਮੀਟਰ ਦੇ ਨਿਸ਼ਾਨ ਕੋਲ ਨਹੀਂ ਪਹੁੰਚ ਸਕਿਆ ਹੈ ਪਰ ਉਹ ਪਿਛਲੇ ਕੁਝ ਸਾਲਾਂ ਵਿਚ ਦੁਨੀਆ ਦੇ ਸਰਵਸ੍ਰੇਸ਼ਠ ਥ੍ਰੋਅਰ ਵਿਚ ਬਣਿਆ ਹੋਇਆ ਹੈ। ਪਿਛਲੇ ਸਾਲ ਉਸ ਨੇ ਏਸ਼ੀਆਈ ਖੇਡਾਂ ਤੇ ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨ ਤਮਗੇ ਜਿੱਤੇ। ਇਸ ਸਾਲ ਉਸ ਨੇ ਪਾਵੋ ਨੂਰਮੀ ਖੇਡਾਂ ਵਿਚ ਸੋਨ ਤਮਗਾ ਜਿੱਤਿਆ, ਦੋਹਾ ਡਾਇਮੰਡ ਲੀਗ ’ਚ ਦੂਜੇ ਸਥਾਨ ’ਤੇ ਰਿਹਾ ਤੇ ਘਰੇਲੂ ਮੈਦਾਨ ’ਤੇ ਫੈੱਡਰੇਸ਼ਨ ਕੱਪ ਜਿੱਤਿਆ।
2. ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ (ਬੈਡਮਿੰਟਨ)
ਉਪਲੱਬਧੀ : ਦੁਨੀਆ ਦੀ ਨੰਬਰ-1 ਪੁਰਸ਼ ਡਬਲਜ਼ ਜੋੜੀ
ਸੰਭਾਵਨਾ : ਇਸ ਸਾਲ ਦੀ ਸ਼ੁਰੂਆਤ ਵਿਚ ਮਲੇਸ਼ੀਆ ਓਪਨ ਤੇ ਇੰਡੀਅਨ ਓਪਨ ਦੇ ਫਾਈਨਲ ਵਿਚ ਹਾਰ ਜਾਣ ਤੋਂ ਬਾਅਦ ਸਾਤਵਿਕ-ਚਿਰਾਗ ਨੇ ਫ੍ਰੈਂਚ ਓਪਨ ਤੇ ਥਾਈਲੈਂਡ ਓਪਨ ਦੇ ਖਿਤਾਬ ਜਿੱਤੇ। ਪੈਰਿਸ ਵਿਚ ਉਨ੍ਹਾਂ ਤੋਂ ਤਮਗੇ ਦੀ ਉਮੀਦ ਹੈ। ਹਾਲਾਂਕਿ ਸਾਤਵਿਕ ਨੂੰ ਹਾਲ ਹੀ ਵਿਚ ਮੋਢੇ ਵਿਚ ਸੱਟ ਲੱਗੀ ਸੀ। ਉਹ ਇਸ ਤੋਂ ਉੱਭਰਿਆ ਹੈ ਜਾਂ ਨਹੀਂ, ਇਹ ਦੇਖਣਾ ਹੋਵੇਗਾ।
3. ਅੰਤਿਮ ਪੰਘਾਲ (ਕੁਸ਼ਤੀ)
ਉਪਲੱਬਧੀ : ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਤੇ 53 ਕਿ. ਗ੍ਰਾ. ਵਰਗ ਵਿਚ 2023 ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ
ਸੰਭਾਵਨਾ : ਅੰਤਿਮ ਨੂੰ ਆਪਣੇ ਖੇਤਰ ਵਿਚ ਚੌਥਾ ਦਰਜਾ ਮਿਲਿਆ ਹੈ। ਇਸ ਕਾਰਨ ਉਹ ਟੋਕੀਓ 2020 ਦੇ ਚਾਂਦੀ ਤਮਗਾ ਜੇਤੂ ਕਿਯਾਨਯੂ ਪੈਂਗ, 2 ਵਾਰ ਦੇ ਵਿਸ਼ਵ ਚੈਂਪੀਅਨ ਅਕਾਰੀ ਫੁਜਿਨਾਮੀ ਤੇ 2 ਵਾਰ ਦੀ ਯੂਰਪੀਅਨ ਚੈਂਪੀਅਨ ਅੈਮਾ ਮਾਲਮਗ੍ਰੇਨ ਵਰਗੇ ਚੋਟੀ ਦੇ ਪਹਿਲਵਾਨਾਂ ਨਾਲ ਆਹਮੋ-ਸਾਹਮਣੇ ਨਹੀਂ ਹੋਵੇਗੀ। ਇਸ ਨਾਲ ਉਸ ਨੂੰ ਤਮਗਾ ਦੌਰ ਵਿਚ ਪਹੁੰਚਣ ਵਿਚ ਮਦਦ ਮਿਲੇਗੀ।
4. ਲਵਲੀਨਾ ਬੋਰਗੋਹੋਨ (ਮੁੱਕੇਬਾਜ਼ੀ)
ਉਪਲੱਬਧੀ : ਟੋਕੀਓ ਓਲੰਪਿਕ ’ਚ 69 ਕਿ. ਗ੍ਰਾ. ਪ੍ਰਤੀਯੋਗਿਤਾ ’ਚ ਕਾਂਸੀ ਤਮਗਾ ਜੇਤੂ
ਸੰਭਾਵਨਾ : ਲਵਲੀਨਾ ਹੁਣ 75 ਕਿ. ਗ੍ਰਾ. ਭਾਰ ਵਰਗ ’ਚ ਖੇਡੇਗੀ। ਪਿਛਲੇ ਸਾਲ ਉਸ ਨੇ 75 ਕਿ. ਗ੍ਰਾ. ਪ੍ਰਤੀਯੋਗਿਤਾ ਵਿਚ ਵਿਸ਼ਵ ਚੈਂਪੀਅਨਸ਼ਿਪ ਦਾ ਸੋਨਾ ਤੇ ਪਿਛਲੇ ਮਹੀਨੇ ਚੈੱਕ ਗਣਰਾਜ ’ਚ ਗ੍ਰਾਂ. ਪ੍ਰੀ. ਉਸਤੀ ਨਾਦ ਲਾਬੇਮ ’ਚ ਚਾਂਦੀ ਤਮਗਾ ਜਿੱਤਿਆ ਸੀ। ਉਹ ਭਾਰਤ ਲਈ ਤਮਗੇ ਦੀ ਦਾਅਵੇਦਾਰ ਹੈ।
5. ਪੀ. ਵੀ. ਸਿੰਧੂ (ਬੈਡਮਿੰਟਨ)
ਉਪਲੱਬਧੀ : 2016 ਵਿਚ ਰੀਓ ’ਚ ਚਾਂਦੀ ਤੇ ਟੋਕੀਓ 2020 ’ਚ ਕਾਂਸੀ ਤਮਗਾ ਜਿੱਤਿਆ। ਦੋ ਓਲੰਪਿਕ ਤਮਗੇ ਜਿੱਤਣ ਵਾਲੀ ਉਹ ਇਕਲੌਤੀ ਭਾਰਤੀ ਮਹਿਲਾ ਐਥਲੀਟ ਹੈ।
ਸੰਭਾਵਨਾ : ਸਿੰਧੂ ਵੱਡੇ ਟੂਰਨਾਮੈਂਟਾਂ ’ਚ ਚੰਗਾ ਪ੍ਰਦਰਸ਼ਨ ਕਰਨ ਲਈ ਜਾਣੀ ਜਾਂਦੀ ਹੈ। ਭਾਰਤੀ ਸ਼ਟਲਰ ਦੇ ਪਹਿਲੇ ਦੋ ਮੁਕਾਬਲੇ ਐਸਤੋਨੀਆ ਦੀ ਕ੍ਰਿਸਟਿਨ ਕੁਓਬਾ ਤੇ ਮਾਲਦੀਵ ਦੀ ਫਾਤਮਿਥ ਨਬਾਹਾ ਅਬਦੁਲ ਰੱਜ਼ਾਕ ਨਾਲ ਹੋਣਗੇ। ਕੁਆਰਟਰ ਫਾਈਨਲ ’ਚ ਉਹ ਮੌਜੂਦਾ ਓਲੰਪਿਕ ਚੈਂਪੀਅਨ ਚੇਨ ਯੂ ਫੀ ਨਾਲ ਭਿੜ ਸਕਦੀ ਹੈ। ਸਿੰਧੂ ਨੇ 2024 ਦੀ ਸ਼ੁਰੂਆਤ ’ਚ ਇੰਡੋਨੇਸ਼ੀਆ ਓਪਨ ਤੇ ਸਿੰਗਾਪੁਰ ਓਪਨ ਗੁਆ ਦਿੱਤਾ ਸੀ, ਇਹ ਚਿੰਤਾ ਦਾ ਵਿਸ਼ਾ ਵੀ ਹੈ।
6. ਮੀਰਾਬਾਈ ਚਾਨੂ (ਵੇਟਲਿਫਟਰ)
ਉਪਲੱਬਧੀ : ਟੋਕੀਓ 2020 ’ਚ ਚਾਂਦੀ ਤੇ 2017 ਵਿਸ਼ਵ ਚੈਂਪੀਅਨਸ਼ਿਪ ’ਚ ਸੋਨਾ
ਸੰਭਾਵਨਾ : ਮਣੀਪੁਰ ਦੀ ਵੇਟਲਿਫਟਰ ਪੈਰਿਸ ਓਲੰਪਿਕ ’ਚ ਪਸੰਦੀਦਾ ਖਿਡਾਰੀਆਂ ’ਚੋਂ ਇਕ ਦੇ ਰੂਪ ’ਚ ਪ੍ਰਵੇਸ਼ ਕਰੇਗੀ। ਉਹ ਆਪਣੇ ਖੇਤਰ ’ਚ ਸਭ ਤੋਂ ਤਜਰਬੇਕਾਰ ਖਿਡਾਰੀ ਹੈ। ਹਾਲਾਂਕਿ ਉਹ ਕੂਲੇ, ਪੱਟ ਤੇ ਬਾਂਹ ਦੀਆਂ ਸੱਟਾਂ ਨਾਲ ਵੀ ਜੂਝ ਰਹੀ ਹੈ।
7. ਭਾਰਤੀ ਪੁਰਸ਼ ਹਾਕੀ ਟੀਮ
ਉਪਲੱਬਧੀ : ਭਾਰਤੀ ਪੁਰਸ਼ ਹਾਕੀ ਟੀਮ ਨੇ 8 ਸੋਨ ਤਮਗੇ ਜਿੱਤੇ ਹਨ ਤੇ ਟੋਕੀਓ 2020 ’ਚ ਕਾਂਸੀ ਤਮਗਾ ਜਿੱਤਿਆ ਸੀ। ਕਾਂਸੀ ਜਿੱਤਣ ਵਾਲੀ ਟੀਮ ਦੇ ਕਈ ਖਿਡਾਰੀ ਮੌਜੂਦਾ ਟੀਮ ਦਾ ਹਿੱਸਾ ਹਨ।
ਸੰਭਾਵਨਾ : ਭਾਰਤ ਪੂਲ-ਬੀ ’ਚ ਹੈ, ਜਿਸ ’ਚ ਸਾਬਕਾ ਚੈਂਪੀਅਨ ਬੈਲਜੀਅਮ, ਅਰਜਨਟੀਨਾ, ਨਿਊਜ਼ੀਲੈਂਡ ਤੇ ਆਇਰਲੈਂਡ ਵੀ ਸ਼ਾਮਲ ਹਨ। 4 ਟੀਮਾਂ ਦੇ ਨਾਕਆਊਟ ਲਈ ਕੁਆਲੀਫਾਈ ਕਰਨ ਦੇ ਨਾਲ-ਨਾਲ ਭਾਰਤ ਕੋਲ ਇਕ ਚੰਗਾ ਮੌਕਾ ਹੈ ਪਰ ਸਭ ਤੋਂ ਮੁਸ਼ਕਿਲ ਕੰਮ ਅੱਗੇ ਵਧਣਾ ਹੋਵੇਗਾ। ਪਿਛਲੀ ਐੱਫ. ਆਈ. ਐੱਚ. ਪ੍ਰੋ ਲੀਗ ’ਚ ਭਾਰਤ 7ਵੇਂ ਸਥਾਨ ’ਤੇ ਰਿਹਾ ਸੀ।
8. ਨਿਕਹਤ ਜ਼ਰੀਨ (ਮੁੱਕੇਬਾਜ਼ੀ)
ਉਪਲੱਬਧੀ : 2 ਵਾਰ ਦੀ ਵਿਸ਼ਵ ਚੈਂਪੀਅਨ।
ਸੰਭਾਵਨਾ : 2022 ਤੋਂ ਬਾਅਦ ਤੋਂ ਸਿਰਫ 2 ਮੁਕਾਬਲੇ ਹਾਰ ਜਾਣ ਤੋਂ ਬਾਅਦ ਨਿਖਤ (50 ਕਿ. ਗ੍ਰਾ.) ਚੋਟੀ ਦੀ ਫਾਰਮ ’ਚ ਹੈ ਤੇ ਇਕ ਮਜ਼ਬੂਤ ਦਾਅਵੇਦਾਰ ਹੈ ਪਰ ਏਸ਼ੀਆਈ ਖੇਡਾਂ-2023 ’ਚ ਥਾਈਲੈਂਡ ਦੀ ਰਕਸਤ ਚੁਥਮਟ ਨਾਲ ਉਸਦੀ ਸੈਮੀਫਾਈਨਲ ’ਚ ਹੋਈ ਹਾਰ ਵੀ ਚਿੰਤਾ ਵਧਾ ਰਹੀ ਹੈ।
9. ਮਨੂ ਭਾਕਰ (ਸ਼ੂਟਿੰਗ)
ਉਪਬੱਧੀ : 2023 ਵਿਸ਼ਵ ਚੈਂਪੀਅਨਸ਼ਿਪ ਦੀ ਸੋਨ ਤਮਗਾ ਜੇਤੂ
ਸੰਭਾਵਨਾ : ਓਲੰਪਿਕ ਚੋਣ ਟ੍ਰਾਇਲ (ਓ. ਐੱਸ. ਟੀ.) ਰਾਈਫਲ/ਪਿਸਟਲ ਦੀ ਸਫਲ ਐਥਲੀਟ। 10 ਮੀਟਰ ਏਅਰ ਪਿਸਟਲ, ਮਹਿਲਾਵਾਂ ਦੀ 25 ਮੀਟਰ ਪਿਸਟਲ ਤੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲਵੇਗੀ। ਮਨੂ ਟੋਕੀਓ ਓਲੰਪਿਕ ਵਿਚ ਵੀ ਖੇਡੀ ਸੀ ਪਰ ਨੰਬਰ-1 ਹੋਣ ਦੇ ਬਾਵਜੂਦ ਤਿੰਨੇ ਈਵੈਂਟਾਂ ਦੇ ਫਾਈਨਲ ਵਿਚ ਨਹੀਂ ਪਹੁੰਚ ਸਕੀ ਸੀ। ਪੈਰਿਸ ਵਿਚ ਦੇਖਣਾ ਹੋਵੇਗਾ ਕਿ ਉਹ ਦਬਾਅ ਨਾਲ ਕਿਵੇਂ ਨਜਿੱਠਦੀ ਹੈ।
10. ਅਮਨ ਸਹਿਰਾਵਤ (ਕੁਸ਼ਤੀ)
ਉਪਲੱਬਧੀ : 2022 ਵਿਸ਼ਵ ਅੰਡਰ-23 ਚੈਂਪੀਅਨ, 2023 ਏਸ਼ੀਆਈ ਸੋਨ ਤਮਗਾ ਜੇਤੂ ਤੇ 57 ਕਿ. ਗ੍ਰਾ. ਭਾਰ ਵਰਗ ’ਚ 2023 ਏਸ਼ੀਆਈ ਖੇਡਾਂ ਦਾ ਕਾਂਸੀ ਤਮਗਾ ਜੇਤੂ।
ਸੰਭਾਵਨਾ : ਅਮਨ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਵਾਲਾ ਇਕਲੌਤਾ ਭਾਰਤੀ ਪੁਰਸ਼ ਪਹਿਲਵਾਨ ਹੈ। 20 ਸਾਲਾ ਖਿਡਾਰੀ ਨੇ ਸੀਨੀਅਰ ਸਰਕਟ ’ਚ ਸਿਰਫ 2 ਸਾਲਾਂ ਵਿਚ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਕੀਤਾ ਹੈ ਤੇ ਉਸ ਨੂੰ 6ਵਾਂ ਦਰਜਾ ਦਿੱਤਾ ਗਿਆ ਹੈ ਪਰ ਕੁਆਰਟਰ ਫਾਈਨਲ ’ਚ ਉਸਦਾ ਸਾਹਮਣਾ 3 ਵਾਰ ਦੇ ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਅਰਮੀਨੀਆ ਦੇ ਆਰਸਨ ਹਾਰੂਤਯੁਨਯਾਨ ਨਾਲ ਹੋ ਸਕਦਾ ਹੈ ਤੇ ਉਸ ਤੋਂ ਬਾਅਦ ਉਸਦਾ ਸਫਰ ਹੋਰ ਮੁਸ਼ਕਿਲ ਹੁੰਦਾ ਜਾਵੇਗਾ।