ਅੰਡਰ-20 ਅਥਲੈਟਿਕਸ ਚੈਂਪੀਅਨਸ਼ਿਪ : ਭਾਰਤ ਦੀ 4x400 ਮੀਟਰ ਰਿਲੇ ਟੀਮ ਨੇ ਬਣਾਇਆ ਏਸ਼ੀਆਈ ਜੂਨੀਅਰ ਰਿਕਾਰਡ
Tuesday, Aug 02, 2022 - 06:00 PM (IST)
ਕੈਲੀ (ਕੋਲੰਬੀਆ)- ਭਾਰਤੀ ਮਿਕਸਡ 4x400 ਰਿਲੇ ਟੀਮ ਨੇ ਏਸ਼ੀਆਈ ਜੂਨੀਅਰ ਰਿਕਾਰਡ ਬਣਾ ਕੇ ਇੱਥੇ ਵਿਸ਼ਵ ਅੰਡਰ-20 ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕੀਤਾ। ਬਰਾਥ, ਸ਼੍ਰੀਧਰ, ਪ੍ਰੀਆ ਮੋਹਨ, ਕਪਿਲ ਤੇ ਰੂਪਲ ਚੌਧਰੀ ਦੀ ਭਾਰਤੀ ਟੀਮ ਨੇ ਸੋਮਵਾਰ ਨੂੰ ਹੀਟ ਨੰਬਰ ਤਿੰਨ 'ਚ ਤਿਨ ਮਿੰਟ 19.62 ਸਕਿੰਟ ਦਾ ਸਮਾਂ ਲੈ ਕੇ ਨਵਾਂ ਰਿਕਾਰਡ ਬਣਾਇਆ। ਭਾਰਤੀ ਟੀਮ ਕੁਲ ਮਿਲਾ ਕੇ ਦੂਜੇ ਸਥਾਨ 'ਤੇ ਰਹੀ।
ਅਮਰੀਕਾ ਨੇ ਤਿੰਨ ਮਿੰਟ 18.65 ਸਕਿੰਟ ਦੇ ਨਾਲ ਪਹਿਲਾ ਸਥਾਨ ਹਾਸਲ ਕੀਤਾ। ਫਾਈਨਲ ਬੁੱਧਵਾਰ ਨੂੰ ਭਾਰਤੀ ਸਮੇਂ ਦੇ ਮੁਤਾਬਕ ਸਵੇਰੇ ਤਿੰਨ ਵਜ ਕੇ 20 ਮਿੰਟ 'ਤੇ ਹੋਵੇਗਾ। ਭਾਰਤ ਨੇ ਕੀਨੀਆ ਦੇ ਨੈਰੋਬੀ 'ਚ 2021 'ਚ ਇਸੇ ਚੈਂਪੀਅਨਸ਼ਿਪ 'ਚ ਮਿਕਸਡ 4x400 ਰਿਲੇ 'ਚ ਕਾਂਸੀ ਤਮਗ਼ਾ ਜਿੱਤਿਆ ਸੀ। ਇਸ ਦਰਮਿਆਨ 15 ਸਾਲਾ ਆਸ਼ਾਕਿਰਨ ਬਾਰਲਾ ਨੇ ਮਹਿਲਾਵਾਂ ਦੀ 800 ਮੀਟਰ ਦੌੜ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਉਨ੍ਹਾਂ ਨੇ ਦੋ ਮਿੰਟ 9.01 ਸਕਿੰਟ ਦਾ ਸਮਾਂ ਲੈ ਕੇ ਪਹਿਲੀ ਹੀਟ 'ਚ ਛੇਵਾਂ ਸਥਾਨ ਹਾਸਲ ਕੀਤਾ।