ਅਮਰੀਕਾ ਨਾਲ ਡਰਾਅ ਖੇਡ ਕੇ ਭਾਰਤ ਨੇ ਰੱਖੀਆਂ ਉਮੀਦਾਂ ਬਰਕਰਾਰ

Monday, Jul 30, 2018 - 12:13 AM (IST)

ਲੰਡਨ— ਕਪਤਾਨ ਰਾਣੀ ਦੇ ਫੈਸਲਾਕੁੰਨ ਗੋਲ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਐਤਵਾਰ ਨੂੰ ਅਮਰੀਕਾ ਵਿਰੁੱਧ 1-1 ਨਾਲ ਡਰਾਅ ਖੇਡ ਕੇ ਮਹਿਲਾ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ।
ਭਾਰਤ ਨੂੰ ਓਲੰਪਿਕ ਚੈਂਪੀਅਨ ਇੰਗਲੈਂਡ ਨਾਲ 1-1 ਨਾਲ ਡਰਾਅ ਖੇਡਣ ਤੋਂ ਬਾਅਦ ਆਇਰਲੈਂਡ ਹੱਥੋਂ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਨੂੰ ਕੁਆਰਟਰ ਫਾਈਨਲ ਦੀ ਦੌੜ ਵਿਚ ਬਣੇ ਰਹਿਣ ਲਈ ਕਰੋ ਜਾਂ ਮਰੋ ਦੇ ਇਸ ਮੁਕਾਬਲੇ ਵਿਚ ਅਮਰੀਕਾ ਕੋਲੋਂ ਜਾਂ ਤਾਂ ਮੈਚ ਜਿੱਤਣਾ ਸੀ ਜਾਂ ਫਿਰ ਡਰਾਅ ਖੇਡਣਾ ਸੀ। ਭਾਰਤੀ ਟੀਮ 11ਵੇਂ ਮਿੰਟ ਵਿਚ ਅਮਰੀਕਾ ਦੇ ਮੈਦਾਨੀ ਗੋਲ ਨਾਲ ਪਿਛੜ ਗਈ ਸੀ ਪਰ ਰਾਣੀ ਨੇ 31ਵੇਂ ਮਿੰਟ ਵਿਚ ਭਾਰਤ ਲਈ ਬਰਾਬਰੀ ਦਾ ਗੋਲ ਕਰ ਦਿੱਤਾ। ਅੰਤ ਤਕ ਇਹ ਹੀ ਸਕੋਰ ਰਿਹਾ ਤੇ ਇਸ ਦੇ ਨਾਲ ਹੀ ਉਸ ਦੀਆਂ ਕੁਆਰਟਰ ਫਾਈਨਲ ਵਿਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਰਹੀਆਂ। ਭਾਰਤੀ ਟੀਮ ਪੂਲ-ਬੀ ਵਿਚ ਤੀਜੇ ਜਾਂ ਦੂਜੇ ਸਥਾਨ 'ਤੇ ਬਣੀ ਰਹੇਗੀ।  ਅਮਰੀਕਾ ਦੀ ਟੀਮ ਪੂਲ ਵਿਚ ਚੌਥੇ ਸਥਾਨ 'ਤੇ ਰਹਿ ਕੇ ਕੁਆਰਟਰ ਫਾਈਨਲ ਦੀ ਦੌੜ ਵਿਚੋਂ ਬਾਹਰ ਹੋ ਗਈ ਹੈ।
ਵਿਸ਼ਵ ਕੱਪ ਵਿਚ ਚਾਰੇ ਪੂਲ ਵਿਚ ਚੋਟੀ 'ਤੇ ਰਹਿਣ ਵਾਲੀਆਂ ਟੀਮਾਂ ਨੂੰ ਸਿੱਧੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਮਿਲੇਗਾ ਜਦਕਿ ਦੂਜੇ ਤੇ ਤੀਜੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਕ੍ਰਾਸ ਮੈਚ ਖੇਡਣਗੀਆਂ ਤੇ ਜੇਤੂ ਟੀਮ ਫਿਰ ਕੁਆਰਟਰ ਫਾਈਨਲ ਵਿਚ ਪਹਿਲਾਂ ਤੋਂ ਹੀ ਮੌਜੂਦ ਟੀਮ ਨਾਲ ਭਿੜੇਗੀ।

 


Related News