ਭਾਰਤ ਸਫੈਦ ਗੇਂਦ ਦੇ ਸਵਰੂਪ ’ਚ ਚੋਟੀ ’ਤੇ ਬਰਕਰਾਰ, ਟੈਸਟ ’ਚ ਆਸਟ੍ਰੇਲੀਆ ਫਿਰ ਨੰਬਰ-1

Saturday, May 04, 2024 - 10:50 AM (IST)

ਭਾਰਤ ਸਫੈਦ ਗੇਂਦ ਦੇ ਸਵਰੂਪ ’ਚ ਚੋਟੀ ’ਤੇ ਬਰਕਰਾਰ, ਟੈਸਟ ’ਚ ਆਸਟ੍ਰੇਲੀਆ ਫਿਰ ਨੰਬਰ-1

ਦੁਬਈ– ਭਾਰਤ ਨੇ ਸ਼ੁੱਕਰਵਾਰ ਨੂੰ ਜਾਰੀ ਤਾਜ਼ਾ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਸਾਲਾਨਾ ਰੈਂਕਿੰਗ ਅਪਡੇਟ ਵਿਚ ਵਨ ਡੇ ਤੇ ਟੀ-20 ਕੌਮਾਂਤਰੀ ਵਿਚ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਪਰ ਪੁਰਸ਼ ਟੈਸਟ ਟੀਮ ਰੈਂਕਿੰਗ ਵਿਚ ਦੂਜੇ ਸਥਾਨ ’ਤੇ ਖਿਸਕ ਗਿਆ ਹੈ। 5 ਦਿਨਾ ਸਵਰੂਪ ਵਿਚ ਭਾਰਤ ਨੇ ਮੌਜੂਦਾ ਵਿਸ਼ਵ ਟੈਸਟ ਚੈਂਪੀਅਨ ਆਸਟ੍ਰੇਲੀਆ ਨੂੰ ਚੋਟੀ ਦਾ ਸਥਾਨ ਗੁਆ ਦਿੱਤਾ ਹੈ।
ਸਲਾਨਾ ਅਪਡੇਟ ਵਿਚ 2020-21 ਸੈਸ਼ਨ ਦੇ ਨਤੀਜੇ ਹਟਾ ਦਿੱਤੇ ਗਏ ਹਨ ਤੇ ਇਸ ਵਿਚ ਮਈ 2021 ਤੋਂ ਬਾਅਦ ਪੂਰੀਆਂ ਹੋਈਆਂ ਸਾਰੀਆਂ ਲੜੀਆਂ ਸ਼ਾਮਲ ਹਨ। ਭਾਰਤ (120 ਅੰਕ) ਟੈਸਟ ਰੈਂਕਿੰਗ ਵਿਚ ਆਸਟ੍ਰੇਲੀਆ (124) ਤੋਂ ਸਿਰਫ 4 ਅੰਕ ਪਿੱਛੇ ਹੈ ਤੇ ਤੀਜੇ ਸਥਾਨ ’ਤੇ ਕਾਬਜ਼ ਇੰਗਲੈਂਡ ਤੋਂ 15 ਅੰਕ ਅੱਗੇ ਹੈ। ਦੱਖਣੀ ਅਫਰੀਕਾ (103 ਅੰਕ) 100 ਅੰਕ ਤੋਂ ਉੱਪਰ ਹਾਸਲ ਕਰਨ ਵਾਲੀ ਚੌਥੀ ਟੀਮ ਹੈ।
ਭਾਰਤ 2020-21 ਵਿਚ ਆਸਟ੍ਰੇਲੀਆ ਵਿਚ ਮਿਲੀ 2-1 ਦੀ ਜਿੱਤ ਦੀ ਰੈਂਕਿੰਗ ਦੇ ਹਟਾਏ ਜਾਣ ਨਾਲ ਦੂਜੇ ਸਥਾਨ ’ਤੇ ਖਿਸਕਿਆ ਹੈ। ਤੀਜੇ ਤੋਂ 9ਵੇਂ ਸਥਾਨ ਦੀ ਰੈਂਕਿੰਗ ਵਾਲੀ ਟੀਮ ਦਾ ਕ੍ਰਮ ਬਰਾਬਰ ਹੈ। ਹੁਣ ਸਿਰਫ 9 ਟੀਮਾਂ ਹੀ ਰੈਂਕਿੰਗ ਵਿਚ ਸ਼ਾਮਲ ਹਨ ਕਿਉਂਕਿ ਅਫਗਾਨਿਸਤਾਨ ਤੇ ਆਇਰਲੈਂਡ ਰੈਂਕਿੰਗ ਵਿਚ ਸ਼ਾਮਲ ਹੋਣ ਲਈ ਜ਼ਰੂਰੀ ਟੈਸਟ ਨਹੀਂ ਖੇਡਦੇ ਹਨ ਜਦਕਿ ਜ਼ਿੰਬਾਬਵੇ ਨੇ ਪਿਛਲੇ 3 ਸਾਲਾਂ ਵਿਚ ਸਿਰਫ 3 ਟੈਸਟ ਖੇਡੇ ਹਨ। ਇਕ ਟੀਮ ਨੂੰ ਰੈਂਕਿੰਗ ਅੰਕ ਸੂਚੀ ਵਿਚ ਸ਼ਾਮਲ ਹੋਣ ਲਈ 3 ਸਾਲ ਵਿਚ ਘੱਟ ਤੋਂ ਘੱਟ 8 ਟੈਸਟ ਖੇਡਣੇ ਹੁੰਦੇ ਹਨ।
ਸਾਲਾਨਾ ਅਪਡੇਟ ’ਚ ਭਾਰਤ ਹਾਲਾਂਕਿ ਵਨ ਡੇ ਤੇ ਟੀ-20 ਕੌਮਾਂਤਰੀ ਰੈਂਕਿੰਗ ਵਿਚ ਚੋਟੀ ’ਤੇ ਕਾਇਮ ਹੈ। ਇਸ ਵਿਚ ਮਈ 2023 ਤੋਂ ਪਹਿਲਾਂ ਪੂਰੇ ਹੋਏ ਮੈਚਾਂ ਦੇ 50 ਫੀਸਦੀ ਤੇ ਇਸ ਤੋਂ ਬਾਅਦ ਦੇ ਮੈਚਾਂ ਦੇ 100 ਫੀਸਦੀ ਅੰਕ ਸ਼ਾਮਲ ਹਨ। ਭਾਰਤ ਭਾਵੇਂ ਹੀ ਆਸਟ੍ਰੇਲੀਆ ਤੋਂ ਵਨ ਡੇ ਵਿਸ਼ਵ ਕੱਪ ਫਾਈਨਲ ਹਾਰ ਗਿਆ ਹੋਵੇ ਪਰ ਉਸ ਨੇ ਉਸ ’ਤੇ ਬੜ੍ਹਤ 3 ਤੋਂ ਵਧਾ ਕੇ 6 ਅੰਕਾਂ ਦੀ ਕਰ ਲਈ ਹੈ। ਭਾਰਤ ਦੇ 122 ਅੰਕ ਹਨ। ਟਾਪ-10 ਵਿਚ ਕੋਈ ਬਦਲਾਅ ਨਹੀਂ ਹੋਇਆ ਹੈ। ਤੀਜੇ ਸਥਾਨ ’ਤੇ ਕਾਬਜ਼ ਦੱਖਣੀ ਅਫਰੀਕਾ ਨੇ ਆਸਟ੍ਰੇਲੀਆ ਤੋਂ ਫਰਕ ਘੱਟ ਕੀਤਾ ਹੈ, ਜਿਹੜਾ 8 ਤੋਂ ਹੁਣ 4 ਅੰਕਾਂ ਦਾ ਰਹਿ ਗਿਆ ਹੈ। ਸ਼੍ਰੀਲੰਕਾ 5ਵੇਂ ਸਥਾਨ ’ਤੇ ਕਾਬਜ਼ ਇੰਗਲੈਂਡ ਤੋਂ ਸਿਰਫ 2 ਅੰਕ ਪਿੱਛੇ ਹੈ।
ਟੀ-20 ਕੌਮਾਂਤਰੀ ਰੈਂਕਿੰਗ ਵਿਚ ਆਸਟ੍ਰੇਲੀਅਨ ਟੀਮ ਇੰਗਲੈਂਡ ਨੂੰ ਹਟਾ ਕੇ ਦੂਜੇ ਸਥਾਨ ’ਤੇ ਪਹੁੰਚ ਗਈ ਹੈ ਪਰ 264 ਰੇਟਿੰਗ ਅੰਕ ਹਾਸਲ ਕਰਨ ਵਾਲੀ ਭਾਰਤੀ ਟੀਮ ਤੋਂ ਉਹ 7 ਅੰਕ ਪਿੱਛੇ ਹੈ। ਦੱਖਣੀ ਅਫਰੀਕਾ ਦੀ ਟੀਮ ਇੰਗਲੈਂਡ ਤੋਂ 2 ਅੰਕ ਪਿੱਛੇ ਚੌਥੇ ਸਥਾਨ ’ਤੇ ਹੈ। ਨਿਊਜ਼ੀਲੈਂਡ ਦੇ ਵੀ ਦੱਖਣੀ ਅਫਰੀਕਾ ਦੀ ਤਰ੍ਹਾਂ 250 ਅੰਕ ਹਨ ਪਰ ਦਸ਼ਮਲਵ ਦੀ ਗਣਨਾ ਵਿਚ ਉਸ ਤੋਂ ਪਿੱਛੇ ਹੈ। ਵੈਸਟਇੰਡੀਜ਼ ਦੇ 249 ਅੰਕ ਹਨ। ਇਸ ਨਾਲ ਤੀਜੇ ਸਥਾਨ ’ਤੇ ਕਾਬਜ਼ ਇੰਗਲੈਂਡ ਤੇ 6ਵੇਂ ਸਥਾਨ ਦੀ ਵੈਸਟਇੰਡੀਜ਼ ਵਿਚਾਲੇ ਸਿਰਫ 3 ਅੰਕਾਂ ਦਾ ਫਰਕ ਹੈ। ਪਾਕਿਸਤਾਨ ਦੀ ਟੀਮ 2 ਸਥਾਨਾਂ ਦੇ ਨੁਕਸਾਨ ਨਾਲ 7ਵੇਂ ਸਥਾਨ ’ਤੇ ਖਿਸਕ ਗਈ ਹੈ।


author

Aarti dhillon

Content Editor

Related News