ਸਾਨੀਆ ਤੇ ਅੰਕਿਤਾ ਨਾਲ ਭਾਰਤ ਫੈਡ ਕੱਪ ਦੀ ਚੁਣੌਤੀ ਲਈ ਤਿਆਰ
Monday, Mar 02, 2020 - 11:29 PM (IST)
ਦੁਬਈ— ਸ਼ਾਨਦਾਰ ਲੈਅ 'ਚ ਚੱਲ ਰਹੀ ਅੰਕਿਤਾ ਰੈਨਾ ਤੇ ਅਨੁਭਵੀ ਸਾਨੀਆ ਮਿਰਜ਼ਾ ਦੀ ਮੌਜੂਦਗੀ ਨਾਲ ਭਾਰਤੀ ਟੀਮ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ 6 ਦੇਸ਼ਾਂ ਦੀ ਫੈਡ ਕੱਪ ਪ੍ਰਤੀਯੋਗਿਤਾ 'ਚ ਪਲੇਆਫ 'ਚ ਜਗ੍ਹਾ ਪੱਕੀ ਕਰਨ ਦੀ ਕੋਸ਼ਿਸ਼ ਕਰੇਗੀ। ਭਾਰਤ ਮੰਗਲਵਾਰ ਨੂੰ ਚੀਨ ਵਿਰੁੱਧ ਜੇਤੂ ਮੁਹਿੰਮ ਦੀ ਸ਼ੁਰੂਆਤ ਕਰੇਗਾ ਜਦਕਿ ਬੁੱਧਵਾਰ ਨੂੰ ਉਜ਼ਬੇਕਿਸਤਾਨ, ਵੀਰਵਾਰ ਨੂੰ ਕੋਰੀਆ, ਸ਼ੁੱਕਰਵਾਰ ਨੂੰ ਚੀਨੀ ਤਾਈਪੇ ਤੇ ਸ਼ਨੀਵਾਰ ਨੂੰ ਇੰਡੋਨੇਸ਼ੀਆ ਨਾਲ ਭਿੜਣਾ ਹੈ। ਅੰਕਿਤਾ ਇਸ ਸੈਸ਼ਨ ਦੀ ਸ਼ੁਰੂਆਤ ਨਾਲ ਸ਼ਾਨਦਾਰ ਲੈਅ 'ਚ ਹੈ। ਉਨ੍ਹਾਂ ਨੇ ਆਈ. ਟੀ. ਐੱਫ. ਪ੍ਰਤੀਯੋਗਿਤਾ ਦੇ ਦੋ ਸਿੰਗਲ ਖਿਤਾਬ ਜਿੱਤਣ ਦੇ ਨਾਲ ਦੋ ਡਬਲਜ਼ ਖਿਤਾਬ ਵੀ ਆਪਣੇ ਨਾਂ ਕੀਤੇ ਹਨ। ਉਹ ਸਿੰਗਲ ਰੈਂਕਿੰਗ 'ਚ ਕਰੀਅਰ ਦੇ ਸਰਵਸ੍ਰੇਸ਼ਠ 160ਵੇਂ ਸਥਾਨ 'ਤੇ ਹੈ ਪਰ ਫੈਡ ਕੱਪ 'ਚ ਉਸਦਾ ਸ਼ਾਨਦਾਰ ਰਿਹਾ ਹੈ, ਜਿੱਥੇ ਉਨ੍ਹਾਂ ਨੇ ਖੁਦ ਤੋਂ ਬਹਿਤਰ ਖਿਡਾਰੀਆਂ ਨੂੰ ਸਖਤ ਟੱਕਰ ਦਿੱਤੀ ਹੈ। ਉਹ ਕਈ ਵਾਰ ਗ੍ਰੈਂਡ ਸਲੈਮ ਜਿੱਤ ਚੁੱਕੀ ਸਾਨੀਆ ਦੇ ਨਾਲ ਕਪਤਾਨ ਵਿਸ਼ਾਲ ਉੱਪਲ ਦੀ ਸਭ ਤੋਂ ਵੱਡੀ ਹੱਥਿਆਰ ਹੋਵੇਗੀ। ਕੋਰੋਨਾ ਵਾਇਰਸ ਦੀ ਲਾਗ ਕਾਰਨ ਟੂਰਨਾਮੈਂਟ ਤਿੰਨ ਹਫਤੇ ਦੀ ਦੇਰੀ ਨਾਲ ਖੇਡਿਆ ਜਾ ਰਿਹਾ ਹੈ। ਭਾਰਤ ਨੂੰ ਹਾਲਾਂਕਿ ਇਸਦਾ ਫਾਇਦਾ ਹੋਇਆ ਹੈ ਕਿਉਂਕਿ ਆਸਟਰੇਲੀਆਈ ਓਪਨ ਦੇ ਡਬਲਜ਼ ਮੁਕਾਬਲੇ 'ਚ ਜ਼ਖਮੀ ਹੋਈ ਸਾਨੀਆ ਮਿਰਜ਼ਾ ਨੂੰ ਉੱਭਰਨ ਦਾ ਸਮਾਂ ਮਿਲ ਗਿਆ।
ਵੱਡੇ ਮੈਚਾਂ ਨੂੰ ਖੇਡਣ ਤੇ ਜਿੱਤ ਦਰਜ ਕਰਨ ਦੇ ਉਸਦੇ ਅਨੁਭਵ ਨਾਲ ਟੀਮ ਦੇ ਨੌਜਵਾਨ ਖਿਡਾਰੀਆਂ ਨੂੰ ਦਬਾਅ ਤੋਂ ਬਹਿਤਰ ਤਰੀਕੇ ਨਾਲ ਨਜਿੱਠਣ 'ਚ ਮਦਦ ਕਰੇਗਾ। ਅੰਕਿਤਾ ਨੇ ਕਿਹਾ ਕਿ ਮੈਂ ਸੈਸ਼ਨ ਦੀ ਵਧੀਆ ਸ਼ੁਰੂਆਤ ਕੀਤੀ ਹੈ, ਇਸ ਲਈ ਪ੍ਰਤੀਯੋਗਿਤਾ ਤੋਂ ਪਹਿਲਾਂ ਮੇਰਾ ਆਤਮਵਿਸ਼ਵਾਸ ਵਧਿਆ ਹੈ। ਸਪੱਸ਼ਟ ਹੈ ਕਿ ਸਾਨੀਆ ਸਾਨੂੰ ਸਭ ਨੂੰ ਆਪਣਾ ਸਰਵਸ੍ਰੇਸ਼ਠ ਕਰਨ ਲਈ ਪ੍ਰੇਰਿਤ ਕਰੇਗੀ। ਉਸਦੀ ਸਲਾਹ ਤੇ ਸੁਝਾਅ ਨਾਲ ਸਾਨੂੰ ਬਹੁਤ ਮਦਦ ਮਿਲੇਗੀ। ਟੀਮ 'ਚ ਰੀਆ ਭਾਟੀਆ ਤੇ ਕਰਮਨ ਕੌਰ ਥੰਡੀ ਵੀ ਸ਼ਾਮਲ ਹੈ, ਜਿਨ੍ਹਾਂ ਨੂੰ ਖੁਦ ਨੂੰ ਸਾਬਤ ਕਰਨਾ ਹੋਵੇਗਾ। ਭਾਰਤੀ ਟੀਮ ਏਸ਼ੀਆ ਓਸ਼ਿਆਨਾ ਗਰੁੱਪ ਇਕ 'ਚ ਪਿਛਲੀ ਵਾਰ ਚੌਥੇ ਸਥਾਨ 'ਤੇ ਰਹੀ ਸੀ।