ਭਾਰਤ ਨੂੰ ਔਰਤਾਂ ਲਈ ਹੋਰ ਸ਼ਤਰੰਜ ਟੂਰਨਾਮੈਂਟਾਂ ਦੀ ਲੋੜ: ਹੰਪੀ
Thursday, Jun 29, 2023 - 04:20 PM (IST)
ਦੁਬਈ (ਭਾਸ਼ਾ)- ਭਾਰਤ ਦੀ ਸਾਬਕਾ ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨ ਕੋਨੇਰੂ ਹੰਪੀ ਨੇ ਵੀਰਵਾਰ ਨੂੰ ਦੇਸ਼ ਵਿਚ ਔਰਤਾਂ ਲਈ ਸ਼ਤਰੰਜ ਦੇ ਹੋਰ ਟੂਰਨਾਮੈਂਟ ਆਯੋਜਿਤ ਕਰਨ ਦੀ ਜ਼ਰੂਰਤ 'ਤੇ ਗੱਲ ਕਰਦੇ ਹੋਏ ਕਿਹਾ ਕਿ ਇਸ ਨਾਲ ਹੀ ਖਿਡਾਰੀਆਂ ਦਾ ਵੱਡਾ ਪੂਲ ਤਿਆਰ ਕੀਤਾ ਜਾ ਸਕਦਾ ਹੈ। ਭਾਰਤ ਦੀ 36 ਸਾਲਾ ਗ੍ਰੈਂਡਮਾਸਟਰ ਨੇ ਕਿਹਾ ਕਿ ਸ਼ਤਰੰਜ ਖਿਡਾਰੀਆਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਸ ਵਿਚ ਵਿੱਤੀ ਸਹਾਇਤਾ ਦੀ ਕਮੀ ਸਭ ਤੋਂ ਵੱਧ ਮਹਿਸੂਸ ਹੁੰਦੀ ਹੈ, ਜਿਸ ਦੀ ਵੱਡੇ ਮੰਚ 'ਤੇ ਮੁਕਾਬਲਾ ਕਰਨ ਲਈ ਲੋੜ ਹੁੰਦੀ ਹੈ।
ਹੰਪੀ ਨੇ ਪ੍ਰੈੱਸ ਬਿਆਨ 'ਚ ਕਿਹਾ, ''ਜੇਕਰ ਮੈਂ ਭਾਰਤ ਦੀ ਗੱਲ ਕਰਾਂ ਤਾਂ ਮੈਨੂੰ ਅਜੇ ਵੀ ਲੱਗਦਾ ਹੈ ਕਿ ਜੇਕਰ ਤੁਲਨਾ ਕੀਤੀ ਜਾਵੇ ਤਾਂ ਲੜਕਿਆਂ ਦੇ ਮੁਕਾਬਲੇ ਮਹਿਲਾ ਖਿਡਾਰੀਆਂ ਦੀ ਗਿਣਤੀ ਬਹੁਤ ਘੱਟ ਹੈ। ਭਾਰਤ ਵਿੱਚ ਔਰਤਾਂ, ਖਾਸ ਕਰਕੇ ਨੌਜਵਾਨ ਕੁੜੀਆਂ ਲਈ ਹੋਰ ਟੂਰਨਾਮੈਂਟ ਹੋਣੇ ਚਾਹੀਦੇ ਹਨ।' ਹੰਪੀ ਨੇ 2006 ਦੀਆਂ ਏਸ਼ੀਅਨ ਖੇਡਾਂ ਵਿੱਚ ਵਿਅਕਤੀਗਤ ਅਤੇ ਮਿਕਸਡ ਟੀਮ ਮੁਕਾਬਲਿਆਂ ਵਿੱਚ ਸੋਨ ਤਮਗੇ ਜਿੱਤੇ ਸਨ। ਉਨ੍ਹਾਂ ਕਿਹਾ ਕਿ ਪ੍ਰਤਿਭਾ ਦਾ ਪਤਾ ਲਗਾ ਕੇ ਖਿਡਾਰੀਆਂ ਨੂੰ ਯੋਗ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ।