ਭਾਰਤ ਨੇ ਮਹਿਲਾ ਪ੍ਰੋ ਲੀਗ ’ਚ ਇੰਗਲੈਂਡ ਨੂੰ ਹਰਾ ਕੇ ਮੁਹਿੰਮ ਦਾ ਕੀਤਾ ਆਗਾਜ਼

Sunday, Feb 16, 2025 - 11:05 AM (IST)

ਭਾਰਤ ਨੇ ਮਹਿਲਾ ਪ੍ਰੋ ਲੀਗ ’ਚ ਇੰਗਲੈਂਡ ਨੂੰ ਹਰਾ ਕੇ ਮੁਹਿੰਮ ਦਾ ਕੀਤਾ ਆਗਾਜ਼

ਭੁਵਨੇਸ਼ਵਰ– ਆਤਮਵਿਸ਼ਵਾਸ ਨਾਲ ਭਰੀ ਭਾਰਤੀ ਮਹਿਲਾ ਹਾਕੀ ਟੀਮ ਨੇ ਐੱਫ. ਆਈ. ਐੱਚ. ਪ੍ਰੋ ਲੀਗ ਵਿਚ ਆਪਣੀ ਮੁਹਿੰਮ ਦਾ ਆਗਾਜ਼ ਉੱਚੀ ਰੈਂਕਿੰਗ ਵਾਲੀ ਇੰਗਲੈਂਡ ਟੀਮ ਵਿਰੁੱਧ ਸ਼ਨੀਵਾਰ ਨੂੰ ਕਲਿੰਗਾ ਸਟੇਡੀਅਮ ਵਿਚ 3-2 ਦੀ ਜਿੱਤ ਨਾਲ ਕੀਤਾ। ਭਾਰਤ ਦੇ ਦੋ ਗੋਲ ਪੈਨਲਟੀ ਕਾਰਨਰ ’ਤੇ ਵੈਸ਼ਣਵੀ ਫਾਲਕੇ ਨੇ 6ਵੇਂ ਤੇ ਦੀਪਿਕਾ ਨੇ 25ਵੇਂ ਮਿੰਟ ਵਿਚ ਕੀਤੇ ਜਦਕਿ ਨਵਨੀਤ ਕੌਰ ਨੇ ਆਖਰੀ ਸੀਟੀ ਵੱਜਣ ਤੋਂ ਇਕ ਮਿੰਟ ਬਾਕੀ ਰਹਿੰਦਿਆਂ ਜੇਤੂ ਗੋਲ ਕਰ ਦਿੱਤਾ।

ਇੰਗਲੈਂਡ ਲਈ ਡਾਰਸੀ ਬਰੂਨੋ ਨੇ 12ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕੀਤਾ ਜਦਕਿ ਫਿਯੋਨਾ ਕ੍ਰੇਕਲਸ ਨੇ 57ਵੇਂ ਮਿੰਟ ਵਿਚ ਫਿਰ ਬਰਾਬਰੀ ਦਾ ਗੋਲ ਕੀਤਾ। ਵੈਸ਼ਣਵੀ ਨੇ ਐੱਫ. ਆਈ. ਐੱਚ. ਰੈਂਕਿੰਗ ਵਿਚ 9ਵੇਂ ਸਥਾਨ ’ਤੇ ਕਾਬਜ਼ ਭਾਰਤ ਲਈ ਪਹਿਲਾ ਗੋਲ ਕੀਤਾ। ਮਨੀਸ਼ਾ ਚੌਹਾਨ ਦੀ ਪੈਨਲਟੀ ਕਾਰਨਰ ’ਤੇ ਸ਼ਾਟ ਡਿਫੈਂਡਰ ਦੀ ਸਟਿੱਕ ਨਾਲ ਟਕਰਾ ਗਈ ਤੇ ਗੇਂਦ ਫਿਰ ਬਾਹਰ ਆ ਗਈ, ਜਿਸ ਨੂੰ ਵੈਸ਼ਣਵੀ ਨੇ ਗੋਲਾਂ ਦੇ ਅੰਦਰ ਪਾ ਦਿੱਤਾ।

9ਵੇਂ ਮਿੰਟ ਵਿਚ ਭਾਰਤ ਬੜ੍ਹਤ ਦੁੱਗਣੀ ਕਰਨ ਦੇ ਨੇੜੇ ਪਹੁੰਚਿਆ ਪਰ ਲਾਲਰੇਮਸਿਆਮੀ ਸਟਿੱਕ ਨਾਲ ਗੇਂਦ ਨੂੰ ਫੜ ਨਹੀਂ ਸਕੀ। ਇਸ ਵਿਚਾਲੇ ਡਾਰਸੀ ਨੇ ਭਾਰਤੀ ਡਿਫੈਂਸ ਦੀ ਖੁੰਝ ਦਾ ਫਾਇਦਾ ਚੁੱਕ ਕੇ ਬਰਾਬਰੀ ਦਾ ਗੋਲ ਕਰ ਦਿੱਤਾ। ਇਕ ਮਿੰਟ ਬਾਅਦ ਹਰਿੰਦਰ ਸਿੰਘ ਨੇ ਭਾਰਤੀ ਖਿਡਾਰਨਾਂ ਨਾਲ ਗੱਲ ਕੀਤੀ, ਜਿਸ ਤੋਂ ਬਾਅਦ ਭਾਰਤੀ ਟੀਮ ਲੈਅ ਵਿਚ ਆ ਗਈ।

ਦੀਪਿਕਾ ਨੇ ਦੂਜੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਭਾਰਤ ਨੂੰ ਫਿਰ ਬੜ੍ਹਤ ਦਿਵਾਈ। ਤੀਜੇ ਕੁਆਰਟਰ ਵਿਚ ਮਿਡਫੀਲਡ ਵਿਚ ਹੀ ਖੇਡ ਹੁੰਦੀ ਰਹੀ ਪਰ ਆਖਰੀ 15 ਮਿੰਟਾਂ ਵਿਚ 2022 ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਇੰਗਲੈਂਡ ਨੇ ਬਿਹਤਰੀਨ ਖੇਡ ਦਿਖਾਈ। ਫਿਯੋਨਾ ਨੇ ਦੋ ਮਿੰਟ ਬਾਕੀ ਰਹਿੰਦਿਆਂ ਗੋਲ ਕਰ ਕੇ ਸਕੋਰ 2-2 ਕਰ ਦਿੱਤਾ ਤੇ ਮੈਚ ਡਰਾਅ ਵੱਲ ਵੱਧਦਾ ਦਿਸ ਰਿਹਾ ਸੀ ਪਰ ਨਵਨੀਤ ਨੇ ਜਵਾਬੀ ਹਮਲੇ ’ਤੇ ਗੋਲ ਕਰ ਕੇ ਭਾਰਤ ਨੂੰ ਜਿੱਤ ਦਿਵਾਈ।


author

Tarsem Singh

Content Editor

Related News