ਭਾਰਤ ਵਿਸ਼ਵ ਮਹਿਲਾ ਟੀਮ ਸ਼ਤਰੰਜ ਚੈਂਪੀਅਨਸ਼ਿਪ ਦੇ ਫਾਈਨਲ ’ਚ
Sunday, Oct 03, 2021 - 11:40 AM (IST)
ਸਿਟਜਸ (ਨਿਕਲੇਸ਼ ਜੈਨ)–ਭਾਰਤ ਨੇ ਵਿਸ਼ਵ ਮਹਿਲਾ ਸ਼ਤਰੰਜ ਟੀਮ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਵਿਚ ਪ੍ਰਵੇਸ਼ ਕਰਨ ਦੇ ਨਾਲ ਹੀ ਨਵਾਂ ਇਤਿਹਾਸ ਸਿਰਜ ਦਿੱਤਾ। ਇਕ ਵਾਰ ਦੀ ਸੋਨ ਤੇ ਤਿੰਨ ਵਾਰ ਦੀ ਕਾਂਸੀ ਤਮਗਾ ਜੇਤੂ ਬੇਹੱਦ ਮਜ਼ਬੂਤ ਨਜ਼ਰ ਆ ਰਹੀ ਜਾਰਜੀਆ ਦੀ ਟੀਮ ਨੂੰ ਭਾਰਤ ਨੇ ਸ਼ਾਨਦਾਰ ਖੇਡ ਵਿਚ 2-2 ਤੇ 2.5-1.5 ਦੇ ਸਕੋਰ ਨਾਲ ਹਰਾਉਂਦਿਆਂ ਟੂਰਨਾਮੈਂਟ ਦੇ ਇਤਿਹਾਸ ਵਿਚ ਪਹਿਲੀ ਵਾਰ ਫਾਈਨਲ ਵਿਚ ਜਗ੍ਹਾ ਬਣਾਈ। ਭਾਰਤ ਤੇ ਜਾਰਜੀਆ ਵਿਚਾਲੇ ਬੈਸਟ ਆਫ ਟੂ ਮੈਚ ਦੇ ਦੋ ਰਾਊਂਡ ਹੋਏ। ਪਹਿਲੇ ਰਾਊਂਡ ਵਿਚ ਚੌਥੇ ਬੋਰਡ ’ਤੇ ਮੈਰੀ ਗੋਮਸ ਦੀ ਲਗਾਤਾਰ ਪੰਜਵੀਂ ਜਿੱਤ ਦੇ ਨਾਲ ਭਾਰਤ 2-1 ਨਾਲ ਅੱਗੇ ਹੋ ਗਿਆ ਸੀ। ਉਸ ਨੇ ਮੇਲੀਆ ਸਲੋਮੇ ’ਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਪਰ ਭਗਤੀ ਕੁਲਕਰਨੀ ਦੇ ਆਖ਼ਰੀ ਸਮੇਂ ’ਤੇ ਲੇਲਾ ਜਵਾਖਿਚਿਲੀ ਦੇ ਹਾਰ ਜਾਣ ਨਾਲ ਸਕੋਰ 2-2 ਨਾਲ ਬਰਾਬਰ ਹੋ ਗਿਅਆ ਅਤੇ ਅਜਿਹੇ ਵਿਚ ਸਾਰਾ ਫੈਸਲਾ ਦੂਜੇ ਰਾਊਂਡ ’ਤੇ ਟਿਕ ਗਿਆ।
ਇਸ ਤੋਂ ਬਾਅਦ ਸਾਰਿਆਂ ਦੀਆਂ ਨਜ਼ਰਾਂ ਦੂਜੇ ਰਾਊਂਡ ’ਤੇ ਸਨ ਤੇ ਇਸ ਰਾਊਂਡ ਵਿਚ ਪਹਿਲੇ ਬੋਰਡ ’ਤੇ ਹਰਿਕਾ ਦ੍ਰੋਣਾਵਲੀ ਨੇ ਜਾਰਜੀਆ ਦੀ ਚੋਟੀ ਦੀ ਖਿਡਾਰਨ ਨਾਨ ਦਗਨਿਦਜੇ ਨੂੰ ਡਰਾਅ ’ਤੇ ਰੋਕਿਆ ਜਦਕਿ ਦੂਜੇ ਬੋਰਡ ’ਤੇ ਆਰ. ਵੈਸ਼ਾਲੀ ਨੇ ਬਿਹਤਰੀਨ ਖੇਡ ਨਾਲ ਨੀਨੋ ਬਤਸਿਯਸ਼ਵਿਲੀ ਨੂੰ ਹਰਾਉਂਦੇ ਹੋਏ 1.5-0.5 ਨਾਲ ਭਾਰਤ ਨੂੰ ਅੱਗੇ ਕਰ ਦਿੱਤਾ ਪਰ ਚੌਥੇ ਬੋਰਡ ’ਤੇ ਮੈਰੀ ਗੋਮਸ ਨੂੰ ਲੇਲਾ ਜਵਾਖਿਛਿਲੀ ਨੇ ਹਰਾਉਂਦੇ ਹੋਏ ਸਕੋਰ 1.5-1.5 ਨਾਲ ਬਰਾਬਰ ਕਰ ਦਿੱਤਾ। ਤਾਨੀਆ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਸਖਤ ਮੁਕਾਬਲੇ ਵਿਚ ਮੈਰੀ ਅਰਬਿਦਜੇ ਨੂੰ ਹਰਾਉਂਦੇ ਹੋਏ ਭਾਰਤ ਨੂੰ 2.5-1.5 ਦੀ ਇਤਿਹਾਸਕ ਜਿੱਤ ਦਿਵਾ ਦਿੱਤੀ। ਹੁਣ ਭਾਰਤ ਦਾ ਮੁਕਾਬਲਾ ਵਿਸ਼ਵ ਟੀਮ ਚੈਂਪੀਅਨਸ਼ਿਪ ਸਮੇਤ ਕੁਲ 7 ਤਮਗੇ ਆਪਣੇ ਨਾਂ ਕਰ ਸਕੀ ਟਾਪ ਸੀਡ ਰੂਸ ਦੀ ਟੀਮ ਨਾਲ ਹੋਵੇਗਾ, ਜਿਸ ਨੇ ਹੁਣ ਤਕ ਕੁਆਰਟਰ ਫਾਈਨਲ ਤੇ ਸੈਮੀਫਾਈਨਲ ਵਿਚ ਇਕਪਾਸੜ ਅੰਦਾਜ਼ ਵਿਚ ਜਿੱਤਾਂ ਹਾਸਲ ਕੀਤੀਆਂ ਹਨ।