ਟੈਸਟ ਚੈਂਪੀਅਨਸ਼ਿਪ ''ਚ ਚੋਟੀ ਦੇ ਸਥਾਨ ''ਤੇ ਭਾਰਤ ਦੀ ਪਕੜ ਮਜ਼ਬੂਤ
Monday, Oct 07, 2019 - 06:53 PM (IST)

ਨਵੀਂ ਦਿੱਲੀ— ਵਿਸ਼ਵ ਦੀ ਨੰਬਰ ਇਕ ਟੀਮ ਭਾਰਤ ਨੇ ਵਿਸ਼ਾਖਾਪਟਨਮ ਦੇ ਰਾਜਸ਼ੇਖਰ ਰੈੱਡੀ ਸਟੇਡੀਅਮ ਵਿਚ ਦੱਖਣੀ ਅਫਰੀਕਾ ਨੂੰ ਪਹਿਲੇ ਟੈਸਟ ਵਿਚ 203 ਦੌੜਾਂ ਨਾਲ ਹਰਾ ਕੇ ਟੈਸਟ ਚੈਂਪੀਅਨਸ਼ਿਪ ਦੀ ਟਾਪ ਰੈਂਕਿੰਗ 'ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਟੀਮ ਇੰਡੀਆ ਨੇ ਟੈਸਟ ਚੈਂਪੀਅਨਸ਼ਿਪ ਵਿਚ ਅਜੇ ਤਕ ਆਪਣੇ ਸਾਰੇ ਤਿੰਨ ਮੈਚ ਜਿੱਤੇ ਹਨ ਤੇ ਉਹ ਆਪਣੇ ਸਾਰੇ ਮੈਚ ਜਿੱਤਣ ਵਾਲੀ ਇਕਲੌਤੀ ਟੀਮ ਹੈ। ਇਹ ਟੈਸਟ ਜਿੱਤ ਕੇ ਟੀਮ ਇੰਡੀਆ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ 160 ਅੰਕਾਂ ਨਾਲ ਪਹਿਲੇ ਸਥਾਨ 'ਤੇ ਬਰਕਰਾਰ ਹੈ ਜਦਕਿ ਦੂਜੇ ਸਥਾਨ 'ਤੇ ਨਿਊਜ਼ੀਲੈਂਡ, ਤੀਜੇ 'ਤੇ ਸ਼੍ਰੀਲੰਕਾ, ਚੌਥੇ 'ਤੇ ਆਸਟਰੇਲੀਆ ਤੇ ਪੰਜਵੇਂ 'ਤੇ ਇੰਗਲੈਂਡ ਦੀ ਟੀਮ ਮੌਜੂਦ ਹੈ।
ਭਾਰਤ ਨੇ ਇਸ ਤੋਂ ਪਹਿਲਾਂ ਵੈਸਟਇੰਡੀਜ਼ ਨੂੰ ਉਸੇ ਦੇ ਘਰ ਵਿਚ ਦੋ ਮੈਚਾਂ ਦੀ ਟੈਸਟ ਸੀਰੀਜ਼ ਵਿਚ 2-0 ਨਾਲ ਹਰਾ ਦਿੱਤਾ ਸੀ। ਹੁਣ ਤਕ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਤਹਿਤ ਜਿਹੜੀਆਂ ਤਿੰਨ ਟੈਸਟ ਸੀਰੀਜ਼ ਖੇਡੀਆਂ ਗਈਆਂ ਹਨ, ਉਨ੍ਹਾਂ ਵਿਚੋਂ ਭਾਰਤ ਹੀ ਇਕਲੌਤੀ ਅਜਿਹੀ ਟੀਮ ਹੈ, ਜਿਸ ਨੇ ਆਪਣੇ ਸਾਰੇ ਮੈਚ ਜਿੱਤੇ ਹਨ। ਸ਼੍ਰੀਲੰਕਾ ਤੇ ਨਿਊਜ਼ੀਲੈਂਡ ਨੇ ਦੋ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕਰਵਾਈ ਸੀ ਤੇ ਜਦਕਿ ਇੰਗਲੈਂਡ ਤੇ ਆਸਟਰੇਲੀਆ ਵਿਚਾਲੇ 5 ਮੈਚਾਂ ਦੀ ਏਸ਼ੇਜ਼ ਸੀਰੀਜ਼ 2-2 ਨਾਲ ਬਰਾਬਰ ਰਹੀ ਸੀ। ਦੋਵੇਂ ਟੀਮਾਂ ਦੇ 56-56 ਅੰਕ ਹਨ। ਟੈਸਟ ਚੈਂਪੀਅਨਸ਼ਿਪ ਦੇ ਤਹਿਤ ਦੋ ਮੈਚਾਂ ਦੀ ਸੀਰੀਜ਼ ਵਿਚ ਇਕ ਮੈਚ ਜਿੱਤਣ 'ਤੇ 60 ਅੰਕ ਮਿਲਦੇ ਹਨ। ਤਿੰਨ ਮੈਚਾਂ ਦੀ ਸੀਰੀਜ਼ ਵਿਚ ਇਕ ਮੈਚ ਜਿੱਤਣ 'ਤੇ 40 ਅੰਕ ਮਿਲਦੇ ਹਨ। ਚਾਰ ਮੈਚਾਂ ਦੀ ਸੀਰੀਜ਼ ਵਿਚ ਇਕ ਮੈਚ ਦੀ ਜਿੱਤ 'ਤੇ 30 ਅੰਕ ਮਿਲਦੇ ਹਨ। ਪੰਜ ਮੈਚਾਂ ਦੀ ਸੀਰੀਜ਼ ਵਿਚ ਇਕ ਮੈਚ ਜਿੱਤਣ 'ਤੇ 24 ਅੰਕ ਮਿਲਦੇ ਹਨ।