ਵੈਸਟਇੰਡੀਜ਼-ਆਸਟਰੇਲੀਆ ਵਰਗਾ ਦਬਦਬਾ ਬਣਾ ਸਕਦੈ ਭਾਰਤ : ਇਆਨ ਚੈਪਲ
Sunday, Mar 28, 2021 - 04:23 PM (IST)
ਸਪੋਰਟਸ ਡੈਸਕ : ਆਸਟਰੇਲੀਆ ਦੇ ਮਹਾਨ ਕ੍ਰਿਕਟਰ ਇਆਨ ਚੈਪਲ ਦਾ ਮੰਨਣਾ ਹੈ ਕਿ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਭਰਮਾਰ ਅਤੇ ਪਿਛਲੇ ਕੁਝ ਸਮੇਂ ਤੋਂ ਮਿਲ ਰਹੀਆਂ ਸਫਲਤਾਵਾਂ ਨੂੰ ਦੇਖਦਿਆਂ ਭਾਰਤ ਦੇ ਵਿਸ਼ਵ ਕ੍ਰਿਕਟ ’ਚ ਦਬਦਬਾ ਬਣਾਉਣ ਦੀ ਉਮੀਦ ਹੈ, ਜਿਸ ’ਚ ਵਿਦੇਸ਼ਾਂ ’ਚ ਸਫਲਤਾ ਹਾਸਲ ਕਰਨਾ ਵੀ ਸ਼ਾਮਲ ਹੈ। ਸਾਬਕਾ ਆਸਟਰੇਲੀਆਈ ਕਪਤਾਨ ਚੈਪਲ ਨੇ ਆਪਣੇ ਕਾਲਮ ’ਚ ਲਿਖਿਆ ਕਿ ਆਸਟਰੇਲੀਆ ’ਚ ਭਾਰਤ ਦੀ ਹਾਲ ਹੀ ਦੀ ਸਫਲਤਾ ਨੇ ਖਿਡਾਰੀਆਂ ਦੇ ਉਸ ਭਰੋਸੇ ਨੂੰ ਮਜ਼ਬੂਤ ਕੀਤਾ ਹੈ ਕਿ ਉਨ੍ਹਾਂ ’ਚ ਹਰ ਹਾਲਾਤ ’ਚ ਜਿੱਤਣ ਦੀ ਕਾਬਲੀਅਤ ਹੈ। ਉਨ੍ਹਾਂ ਲਿਖਿਆ ਕਿ ਅਜਿਹੇ ਯੁੱਗ ’ਚ ਜਦੋਂ ਟੀਮਾਂ ਨੂੰ ਵਿਦੇਸ਼ੀ ਦੌਰਿਆਂ ’ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਭਾਰਤ ’ਚ ਇਸ ਸਿਲਸਿਲੇ ਨੂੰ ਬਦਲਣ ਲਈ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਭਰਮਾਰ ਹੈ। ਹੁਣ ਕੋਈ ਵੀ ਵਿਰੋਧੀ ਟੀਮ ਇਹ ਨਹੀਂ ਕਹਿ ਸਕਦੀ ਕਿ ਜਦੋਂ ਵੀ ਭਾਰਤ ਉਨ੍ਹਾਂ ਦੀ ਸਰਜ਼ਮੀਂ ਦਾ ਦੌਰਾ ਕਰੇ ਤਾਂ ‘ਬਸ ਲੰਮੇ ਰਨਅਪ ਵਾਲੇ ਤੇਜ਼ ਗੇਂਦਬਾਜ਼ ਚੁਣ ਲਓ ਅਤੇ ਸੀਰੀਜ਼ ਆਪਣੀ ਹੋਵੇਗੀ।’
ਇਸ ਕ੍ਰਿਕਟ ਮਾਹਿਰ ਨੂੰ ਲੱਗਦਾ ਹੈ ਕਿ ਭਾਰਤ ਉਂਝ ਹੀ ਦਬਦਬਾ ਬਣਾ ਸਕਦਾ ਹੈ, ਜਿਸ ਤਰ੍ਹਾਂ ਬੀਤੇ ਸਮੇਂ ’ਚ ਵੈਸਟਇੰਡੀਜ਼ ਅਤੇ ਆਸਟਰੇਲੀਆਈ ਟੀਮ ਦਾ ਹੁੰਦਾ ਸੀ, ਹਾਲਾਂਕਿ ਹੁਣ ਅਜਿਹਾ ਕਰਨਾ ਹੋਰ ਵੀ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਇੰਨੀ ਭਰਮਾਰ ਤਾਂ ਉਸੇ ਤਰ੍ਹਾਂ ਹੈ, ਜਿਵੇਂ ਵੈਸਟਇੰਡੀਜ਼ ਅਤੇ ਆਸਟਰੇਲੀਆ ਟੀਮਾਂ ’ਚ ਉਨ੍ਹਾਂ ਦੇ ਦਬਦਬੇ ਦੌਰਾਨ ਹੋਇਆ ਕਰਦੀ ਸੀ ਅਤੇ ਉਨ੍ਹਾਂ ’ਚੋਂ ਕਈ ਤਾਂ ਪਹਿਲੀ ਵਾਰ ਆਖਰੀ ਇਲੈਵਨ ’ਚ ਥਾਂ ਬਣਾਉਣ ਦੀ ਉਡੀਕ ਕਰਦੇ ਰਹਿੰਦੇ ਸਨ।