ਭਾਰਤ ਨੇ ਹਾਲੈਂਡ ਨੂੰ 5-2 ਨਾਲ ਹਰਾਇਆ

01/18/2020 9:50:29 PM

ਭੁਵਨੇਸ਼ਵਰ (ਯੂ. ਐੱਨ. ਆਈ.)—ਭਾਰਤ ਨੇ ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ ਵਿਚ ਸ਼ਾਨਦਾਰ ਡੈਬਿਊ ਕਰਦੇ ਹੋਏ ਵਿਸ਼ਵ ਦੀ ਤੀਜੇ ਨੰਬਰ ਦੀ ਟੀਮ ਹਾਲੈਂਡ ਨੂੰ ਕਲਿੰਗਾ ਸਟੇਡੀਅਮ ਵਿਚ ਸ਼ਨੀਵਾਰ ਨੂੰ 5-2 ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਭਾਰਤੀ ਟੀਮ ਪਹਿਲੀ ਵਾਰ ਇਸ ਪ੍ਰੋ ਲੀਗ ਵਿਚ ਖੇਡਣ ਉਤਰੀ ਤੇ ਉਸ ਨੇ ਧਮਾਕੇਦਾਰ ਆਗਾਜ਼ ਕੀਤਾ। ਵਿਸ਼ਵ ਦੀ ਪੰਜਵੇਂ ਨੰਬਰ ਦੀ ਟੀਮ ਭਾਰਤ ਨੇ ਇਸ ਮੁਕਾਬਲੇ ਵਿਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੀ ਭਾਰਤੀ ਟੀਮ ਹਾਲੈਂਡ ਨਾਲ ਦੂਜਾ ਮੈਚ ਐਤਵਾਰ ਨੂੰ ਇਸੇ ਸਟੇਡੀਅਮ ਵਿਚ ਖੇਡੇਗੀ।

ਕਲਿੰਗਾ ਸਟੇਡੀਅਮ ਵਿਚ ਖੇਡੇ ਗਏ ਇਸ ਮੁਕਾਬਲੇ ਵਿਚ ਭਾਰਤ ਨੇ ਤੂਫਾਨੀ ਸ਼ਰੂਆਤ ਕੀਤੀ ਤੇ ਪਹਿਲੇ ਹੀ ਮਿੰਟ ਵਿਚ ਬੜ੍ਹਤ ਬਣਾ ਲਈ। ਗੁਰਜੰਟ ਸਿੰਘ ਨੇ ਇਹ ਗੋਲ ਕੀਤਾ। ਰੁਪਿੰਦਰਪਾਲ ਸਿੰਘ ਨੇ 12ਵੇਂ ਮਿੰਟ ਵਿਚ ਭਾਰਤ ਦੀ ਬੜ੍ਹਤ ਨੂੰ 2-0 ਕਰ ਦਿੱਤਾ। ਜਿਪ ਜਾਨਸਨ ਨੇ 14ਵੇਂ ਮਿੰਟ ਵਿਚ ਹਾਲੈਂਡ ਦਾ ਪਹਿਲਾ ਗੋਲ ਕਰਕੇ ਸਕੋਰ 1-2 ਕਰ ਦਿੱਤਾ। ਪਹਿਲੇ ਕੁਆਰਟਰ ਵਿਚ ਮੁਕਾਬਲਾ ਕਾਫੀ ਰੋਮਾਂਚਕ ਰਿਹਾ। ਹਾਲੈਂਡ ਨੇ ਦੂਜੇ ਹਾਫ ਵਿਚ ਬਿਹਤਰ ਖੇਡ ਦਿਖਾਈ ਤੇ 28ਵੇਂ ਮਿੰਟ ਵਿਚ ਜੇਰੋਨ ਹਰਟਜਰਬਰਗਰ ਦੇ ਗੋਲ ਨਾਲ 2-2 ਦੀ ਬਰਾਬਰੀ ਹਾਸਲ ਕਰ ਲਈ । ਦੂਜਾ ਹਾਫ 2-2 ਦੀ ਬਰਾਬਰੀ 'ਤੇ ਖਤਮ ਹੋਇਆ।

ਤੀਜਾ ਕੁਆਰਟਰ ਸ਼ੁਰੂ ਹੁੰਦੇ ਹੀ ਭਾਰਤ ਨੇ ਲਗਾਤਾਰ ਹਮਲਿਆਂ ਨਾਲ ਹਾਲੈਂਡ ਨੂੰ ਦਬਾਅ ਵਿਚ ਲਿਆ ਦਿੱਤਾ। ਮਨਦੀਪ ਸਿੰਘ ਨੇ 34ਵੇਂ  ਤੇ ਲਲਿਤ ਉਪਧਿਆਏ ਨੇ 36ਵੇਂ ਮਿੰਟ ਵਿਚ ਗੋਲ ਕਰਕੇ ਭਾਰਤ ਨੂੰ 4-2 ਦੀ ਮਜ਼ਬੂਤ ਬੜ੍ਹਤ ਦਿਵਾ ਦਿੱਤੀ। ਤੀਜਾ ਕੁਆਰਟਰ ਭਾਰਤ ਦੀ 4-2 ਦੀ ਬੜ੍ਹਤ ਦੇ ਨਾਲ ਖਤਮ ਹੋਇਆ। ਚੌਥਾ ਕੁਆਰਟਰ ਸ਼ੁਰੂ ਹੁੰਦੇ ਹੀ ਰੁਪਿੰਦਰ ਨੇ 46ਵੇਂ ਮਿੰਟ ਵਿਚ ਭਾਰਤ ਦਾ 5ਵਾਂ ਗੋਲ ਕਰਕੇ ਹਾਲੈਂਡ ਦਾ ਸੰਘਰਸ਼ ਖਤਮ ਕਰ ਦਿੱਤਾ।


Sunny Mehra

Content Editor

Related News