ਮਹਿਲਾ ਏਸ਼ੀਆਈ ਚੈਂਪੀਅਨਜ਼ ਹਾਕੀ ਟਰਾਫੀ ਟੂਰਨਾਮੈਂਟ : ਭਾਰਤ ਨੇ ਚੀਨ ਨੂੰ 3-0 ਨਾਲ ਹਰਾਇਆ
Sunday, Nov 17, 2024 - 11:13 AM (IST)
ਰਾਜਗੀਰ (ਬਿਹਾਰ)– ਸਾਬਕਾ ਚੈਂਪੀਅਨ ਭਾਰਤ ਨੇ ਸ਼ਨੀਵਾਰ ਨੂੰ ਇੱਥੇ ਓਲੰਪਿਕ ਚਾਂਦੀ ਤਮਗਾ ਜੇਤੂ ਚੀਨ ਨੂੰ 3-0 ਨਾਲ ਹਰਾ ਕੇ ਉਲਟਫੇਰ ਕਰਦੇ ਹੋਏ ਮਹਿਲਾ ਏਸ਼ੀਆਈ ਚੈਂਪੀਅਨਜ਼ ਟਰਾਫੀ (ਏ. ਸੀ. ਟੀ.) ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ। ਭਾਰਤ ਨੇ ਸੰਗੀਤਾ ਕੁਮਾਰੀ (32ਵੇਂ ਮਿੰਟ) ਤੇ ਕਪਤਾਨ ਸਲੀਮਾ ਟੇਟੇ (37ਵੇਂ ਮਿੰਟ) ਦੀ ਮਦਦ ਨਾਲ ਦੋ ਮੈਦਾਨੀ ਗੋਲ ਕੀਤੇ ਜਦਕਿ ਟੂਰਨਾਮੈਂਟ ਦੀ ਟਾਪ ਸਕੋਰਰ ਦੀਪਿਕਾ (60ਵੇਂ ਮਿੰਟ) ਨੇ ਆਖਰੀ ਮਿੰਟ ਵਿਚ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਿਆ।
ਵਿਸ਼ਵ ਵਿਚ ਛੇਵੇਂ ਨੰਬਰ ਦੀ ਟੀਮ ਚੀਨ ਵਿਰੁੱਧ ਇਹ ਭਾਰਤ ਦੀ ਟੂਰਨਾਮੈਂਟ ਵਿਚ ਲਗਾਤਾਰ ਚੌਥੀ ਜਿੱਤ ਹੈ। ਹੁਣ ਦੁਨੀਆ ਦੀ 9ਵੇਂ ਨੰਬਰ ਦੀ ਟੀਮ ਭਾਰਤ 4 ਮੈਚਾਂ ਵਿਚੋਂ 8 ਅੰਕਾਂ ਨਾਲ ਅੰਕ ਸੂਚੀ ਵਿਚ ਚੋਟੀ ’ਤੇ ਪਹੁੰਚ ਗਈ ਹੈ। ਚੀਨ 4 ਮੈਚਾਂ ਵਿਚੋਂ 6 ਅੰਕਾਂ ਨਾਲ ਦੂਜੇ ਸਥਾਨ ’ਤੇ ਖਿਸਕ ਗਿਆ ਹੈ। ਭਾਰਤ ਆਪਣੀ ਰਾਊਂਡ ਰੌਬਿਨ ਮੁਹਿੰਮ ਐਤਵਾਰ ਨੂੰ ਜਾਪਾਨ ਵਿਰੁੱਧ ਖਤਮ ਕਰੇਗੀ। 6 ਟੀਮਾਂ ਦੇ ਮਹਾਦੀਪੀ ਟੂਰਨਾਮੈਂਟ ਦੀਆਂ ਚੋਟੀ ਦੀਆਂ 4 ਟੀਮਾਂ ਸੈਮੀਫਾਈਲ ਲਈ ਕੁਆਲੀਫਾਈ ਕਰਨਗੀਆਂ।
ਭਾਰਤ ਨੇ ਸ਼ੁਰੂ ਤੋਂ ਹੀ ਹਮਲਵਾਰ ਰੁਖ਼ ਅਪਣਾਇਆ ਤੇ ਕਈ ਮੌਕੇ ਬਣਾਏ। ਹਾਲਾਂਕਿ ਉਸ ਨੂੰ ਸਫਲਤਾ ਨਹੀਂ ਮਿਲੀ ਕਿਉਂਕਿ ਚੀਨ ਦੀ ਟੀਮ ਦਾ ਆਪਣੇ ਖੇਤਰ ਵਿਚ ਡਿਫੈਂਸ ਸ਼ਾਨਦਾਰ ਰਿਹਾ। ਭਾਰਤ ਨੂੰ ਮੈਚ ਦੇ ਸ਼ੁਰੂਆਤੀ ਮਿੰਟ ਵਿਚ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ ਪਰ ਟੀਮ ਨੇ ਦੋਵੇਂ ਹੀ ਮੌਕਿਆਂ ਨੂੰ ਗੁਆ ਦਿੱਤਾ। ਕੁਝ ਮਿੰਟਾਂ ਬਾਅਦ ਸ਼ਰਮੀਲਾ ਦੇਵੀ ਨੇ ਸੁਨੇਲਿਤਾ ਟੋਪੋ ਨੂੰ ਪਾਸ ਦਿੱਤਾ। ਇਸ ਨਾਲ ਦੀਪਿਕਾ ਗੋਲ ਕਰਨ ਦੀ ਕੋਸ਼ਿਸ਼ ਵਿਚ ਵਿਰੋਧੀ ਗੋਲਕੀਪਰ ਦੇ ਨਾਲ ਆਹਮੋ-ਸਾਹਮਣੇ ਆ ਗਈ, ਜਿਸ ਨੇ ਉਸ ਨੂੰ ਗੋਲ ਨਹੀਂ ਕਰਨ ਦਿੱਤਾ।
ਚੀਨ ਨੇ ਪਹਿਲੇ ਕੁਆਰਟਰ ਵਿਚ ਇਕ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਭਾਰਤੀ ਡਿਫੈਂਡਰਾਂ ਨੇ ਮਜ਼ਬੂਤੀ ਦਿਖਾਈ। ਪਹਿਲੇ ਕੁਆਰਟਰ ਵਿਚ ਦੋਵੇਂ ਟੀਮਾਂ ਚੌਕਸ ਰਹੀਆਂ ਤੇ ਭਾਰਤ ਨੇ ਸ਼ਾਨਦਾਰ ਸ਼ੁਰੂਆਤ ਦੇ ਬਾਵਜੂਦ ਕੁਝ ਗਲਤੀਆਂ ਕੀਤੀਆਂ।
ਭਾਰਤ ਨੇ 21ਵੇਂ ਮਿੰਟ ਵਿਚ ਆਪਣਾ ਦੂਜਾ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਕੋਈ ਫਾਇਦਾ ਨਹੀਂ ਹੋਇਆ। 5 ਮਿੰਟ ਬਾਅਦ ਭਾਰਤ ਨੇ ਇਕ ਹੋਰ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਮਨੀਸ਼ਾ ਚੌਹਾਨ ਦੀ ਫਲਿੱਕ ਨੂੰ ਚੀਨ ਦੀ ਗੋਲਕੀਪਰ ਟਿੰਗ ਲੀ ਨੇ ਰੋਕ ਦਿੱਤਾ ਤੇ ਫਿਲ ਲਾਲਰੇਮਸਿਆਮੀ ਦੀ ਰਿਬਾਊਂਡ ਦੀ ਕੋਸ਼ਿਸ਼ ਅਸਫਲ ਹੋ ਗਈ।
ਇਸ ਤੋਂ ਪਹਿਲੇ ਹਾਫ ਵਿਚ ਕੋਈ ਗੋਲ ਨਹੀਂ ਹੋ ਸਕਿਆ। ਭਾਰਤੀ ਟੀਮ ਨੇ ਦੂਜੇ ਹਾਫ ਵਿਚ ਉਸੇ ਲੈਅ ਵਿਚ ਵਾਪਸੀ ਕੀਤੀ ਤੇ ਕੰਟਰੋਲ ਬਣਾਈ ਰੱਖਿਆ। 32ਵੇਂ ਮਿੰਟ ਵਿਚ ਆਖਿਰਕਾਰ ਉਸ ਦੀਅਆਂ ਕੋਸ਼ਿਸ਼ਾਂ ਨੂੰ ਫਲ ਮਿਲਿਆ ਜਦੋਂ ਸੰਗੀਤਾ ਨੇ ਸੁਸ਼ੀਲਾ ਚਾਨੂ ਦੇ ਪਾਸ ਨੂੰ ਮਿਡਫੀਲਡ ਨੂੰ ਝਕਾਨੀ ਦਿੰਦੇ ਹੋਏ ਗੋਲ ਵਿਚ ਬਦਲਿਆ। 5 ਮਿੰਟ ਬਾਅਦ ਭਾਰਤੀਆਂ ਨੇ ਇਕ ਹੋਰ ਬਿਹਤਰੀਨ ਮੈਦਾਨੀ ਗੋਲ ਕਰਕੇ ਆਪਣੀ ਬੜ੍ਹਤ ਦੁੱਗਣੀ ਕਰ ਦਿੱਤੀ। ਬਿਊਟੀ ਡੁੰਗ ਡੁੰਗ ਤੇ ਪ੍ਰੀਤੀ ਦੂਬੇ ਦੀਆਂ ਕੋਸ਼ਿਸ਼ਾਂ ਨਾਲ ਕਪਤਾਨ ਸਲੀਮਾ ਨੇ ਇਹ ਗੋਲ ਕੀਤਾ। ਭਾਰਤ ਨੇ ਖੇਡ ਦੇ ਆਖਰੀ ਮਿੰਟ ਵਿਚ ਆਪਣਾ ਤੀਜਾ ਗੋਲ ਕੀਤਾ। ਸੰਗੀਤਾ ਨੇ ਆਖਰੀ ਮਿੰਟ ਵਿਚ ਭਾਰਤ ਲਈ ਚੌਥਾ ਪੈਨਲਟੀ ਕਾਰਨਰ ਹਾਸਲ ਕੀਤਾ ਤੇ ਦੀਪਿਕਾ ਨੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਟੂਰਨਾਮੈਂਟ ਵਿਚ ਆਪਣਾ 7ਵਾਂ ਗੋਲ ਕੀਤਾ।
ਦਿਨ ਦੇ ਹੋਰਨਾਂ ਮੁਕਾਬਲਿਆਂ ਵਿਚ ਜਾਪਾਨ ਨੇ ਮਲੇਸ਼ੀਆ ਨੂੰ 2-1 ਨਾਲ ਜਦਕਿ ਕੋਰੀਆ ਨੇ ਥਾਈਲੈਂਡ ਨੂੰ 4-0 ਨਾਲ ਹਰਾਇਆ।