IND-AUS, ਬਾਕਸਿੰਗ ਡੇ ਟੈਸਟ : ਦਰਸ਼ਕਾਂ ਨੂੰ ਸਟੇਡੀਅਮ 'ਚ ਆਉਣ ਦੀ ਮਿਲ ਸਕਦੀ ਹੈ ਮਨਜ਼ੂਰੀ
Monday, Sep 14, 2020 - 09:58 PM (IST)

ਨਵੀਂ ਦਿੱਲੀ- ਵਿਕਟੋਰੀਆ ਦੇ ਪ੍ਰਧਾਨ ਮੰਤਰੀ ਡੇਨੀਅਲ ਐਂਡਰਿਊਜ਼ ਨੇ ਸੋਮਵਾਰ ਨੂੰ ਕਿਹਾ ਕਿ ਉਸਦੀ ਸਰਕਾਰ ਸ਼ਹਿਰ 'ਚ ਹੋਣ ਵਾਲੇ ਦੋ ਚੋਟੀ ਦੇ ਮੁਕਾਬਲਿਆਂ 'ਚ ਦਰਸ਼ਕਾਂ ਨੂੰ ਸਟੇਡੀਅਮ 'ਚ ਆਉਣ ਦੀ ਆਗਿਆ ਦੇਣ ਲਈ ਕ੍ਰਿਕਟ ਆਸਟਰੇਲੀਆ ਅਤੇ ਟੈਨਿਸ ਆਸਟਰੇਲੀਆ ਦੇ ਨਾਲ ਗੱਲ ਕਰ ਰਹੇ ਹਨ। ਇਸ ਚੋਟੀ ਦੇ ਖੇਡ ਮੁਕਾਬਲਿਆਂ 'ਚ ਭਾਰਤ ਵਿਰੁੱਧ ਬਾਕਸਿੰਗ ਡੇ ਟੈਸਟ ਅਤੇ ਆਸਟਰੇਲੀਆ ਓਪਨ ਸ਼ਾਮਲ ਹਨ। ਇਸ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਮੈਲਬਰਨ ਕ੍ਰਿਕਟ ਗਰਾਊਂਡ (ਐੱਮ. ਸੀ. ਜੀ.) ਸਲਾਨਾ ਬਾਕਸਿੰਗ ਡੇ ਟੈਸਟ ਦੀ ਮੇਜ਼ਬਾਨੀ ਤੋਂ ਵਾਂਝਾ ਹੋ ਸਕਦਾ ਹੈ ਕਿਉਂਕਿ ਵਿਕਟੋਰੀਆ ਸੂਬਾ ਕੋਰੋਨਾ ਵਾਇਰਸ ਮਹਾਮਾਰੀ ਤੋਂ ਜ਼ਿਆਦਾ ਪ੍ਰਭਾਵਿਤ ਹੈ।
ਜੁਲਾਈ ਤੋਂ ਲਾਕਡਾਊਨ ਦਾ ਸਾਹਮਣਾ ਕਰ ਰਹੇ ਵਿਕਟੋਰੀਆ 'ਚ ਦੇਸ਼ ਦੇ ਕੁੱਲ ਕੋਰੋਨਾ ਵਾਇਰਸ ਪਾਜ਼ੇਟਿਵ ਦੇ ਮਾਮਲਿਆਂ 'ਚੋਂ 75 ਫੀਸਦੀ ਸਾਹਮਣੇ ਆਏ ਹਨ ਜਦਕਿ ਕੁੱਲ ਮੌਤਾਂ 'ਚੋਂ 90 ਫੀਸਦੀ ਮੌਤਾਂ ਇਸ ਸੂਬੇ 'ਚ ਹੋਈਆਂ ਹਨ। ਆਸਟਰੇਲੀਆ 'ਚ ਪਾਜ਼ੇਟਿਵ ਦੇ 26000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਜਦਕਿ 800 ਤੋਂ ਜ਼ਿਆਦਾ ਲੌਕਾਂ ਦੀ ਮੌਤ ਹੋਈ ਹੈ। ਡੇਨੀਅਲ ਨੇ ਕਿਹਾ ਕਿ ਸਾਨੂੰ ਦੇਖਣਾ ਹੋਵੇਗਾ ਕਿ ਦਰਸ਼ਕਾਂ ਦੀ ਸੁਰੱਖਿਤ ਸੰਖਿਆ ਕੀ ਹੋਵੇਗੀ। ਇਸ ਸਮੇਂ ਇਹ ਕਹਿਣਾ ਬਹੁਤ ਮੁਸ਼ਕਿਲ ਹੋਵੇਗਾ ਕਿ ਇਹ ਗਿਣਤੀ ਕਿੰਨੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਦਰਸ਼ਕਾਂ ਦੀ ਗਿਣਤੀ ਕਿੰਨੀ ਹੋਵੇਗੀ ਤੇ ਇਸ ਬਾਰੇ 'ਚ ਅਜੇ ਫੈਸਲਾ ਕਰਨਾ ਸਾਡੇ ਲਈ ਜਲਦਬਾਜ਼ੀ ਹੋਵੇਗੀ। ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਉੱਥੇ ਦੇਖਣਾ ਚਾਹੁੰਦੇ ਹਾਂ, ਬੇਸ਼ੱਕ ਇਹ ਸੁਰੱਖਿਅਤ ਹੋਵੇ। ਜਨਵਰੀ 'ਚ ਆਸਟਰੇਲੀਆ ਓਪਨ ਦੇ ਲਈ ਮੈਲਬਰਨ ਪਾਰਕ 'ਚ 8 ਲੱਖ ਤੋਂ ਜ਼ਿਆਦਾ ਦਰਸ਼ਕ ਪਹੁੰਚੇ ਸਨ, ਜਦਕਿ ਆਸਟਰੇਲੀਆ ਤੇ ਨਿਊਜ਼ੀਲੈਂਜ ਦੇ ਵਿਚ ਬਾਕਸਿੰਗ ਡੇ ਟੈਸਟ ਨੂੰ ਦੇਖਣ ਸਟੇਡੀਅਮ 'ਚ 2 ਲੱਖ ਤੋਂ ਜ਼ਿਆਦਾ ਲੋਕ ਪਹੁੰਚੇ ਸਨ। ਮੈਲਬਰਨ ਡੇ ਟੈਸਟ ਦੀ ਮੇਜ਼ਬਾਨੀ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ।