ਭਾਰਤ ਤੇ ਰੂਸ ਖੇਡ ਸਕਦੇ ਨੇ ਸ਼ਤਰੰਜ ਚੈਂਪੀਅਨ ਸੀਰੀਜ਼ : ਫਿਡੇ ਪ੍ਰੈਜ਼ੀਡੈਂਟ ਅਰਕਾਦੀ ਦੁਆਰਕੋਵਿਚ
Monday, Sep 07, 2020 - 11:16 PM (IST)
ਮਾਸਕੋ (ਨਿਕਲੇਸ਼ ਜੈਨ)– ਵਿਸ਼ਵ ਸ਼ਤਰੰਜ ਸੰਘ (ਫਿਡੇ) ਦੇ ਮੁਖੀ ਅਰਕਾਦੀ ਦੁਆਰਕੋਵਿਚ ਨੇ ਨੇੜਲੇ ਭਵਿੱਖ ਵਿਚ ਫਿਡੇ ਸ਼ਤਰੰਜ ਓਲੰਪਿਆਡ ਦੇ ਸਾਂਝੇ ਜੇਤੂ ਬਣੇ ਭਾਰਤ ਤੇ ਰੂਸ ਵਿਚਾਲੇ ਇਕ ਚੈਂਪੀਅਨ ਸੀਰੀਜ਼ ਖੇਡੇ ਜਾਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। ਰੂਸ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਰਹੇ ਅਰਕਾਦੀ ਨੇ ਚੈੱਸ ਡਾਟ ਕਾਮ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਦੋਵਾਂ ਵਿਚਾਲੇ ਵਿਵਾਦਪੂਰਣ ਫਾਈਨਲ ਨੂੰ ਬਦਲਿਆ ਤਾਂ ਨਹੀਂ ਜਾ ਸਕਦਾ ਪਰ ਹਾਂ ਇਨ੍ਹਾਂ ਵਿਚਾਲੇ ਇਕ ਚੰਗੀ ਸ਼ਤਰੰਜ ਸੀਰੀਜ਼ ਜ਼ਰੂਰ ਆਯੋਜਿਤ ਕੀਤੀ ਜਾ ਸਕਦੀ ਹੈ। ਭਾਰਤ ਤੇ ਰੂਸ ਵਿਚ ਉਸਦੇ ਓਲੰਪਿਆਡ ਵਿਚ ਪ੍ਰਦਰਸ਼ਨ ਤੋਂ ਬਾਅਦ ਬਹੁਤ ਉਤਸ਼ਾਹ ਦੇਖਿਆ ਗਿਆ ਹੈ ਤੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਨਾਲ-ਨਾਲ ਦਰਸ਼ਕਾਂ ਨੇ ਵੀ ਇਸ ਨੂੰ ਬਹੁਤ ਪਸੰਦ ਕੀਤਾ ਹੈ। ਦੋਵੇਂ ਦੇਸ਼ ਦੁਨੀਆ ਦੇ ਸਭ ਤੋਂ ਜ਼ਿਆਦਾ ਰਜਿਸਟਰਡ ਸ਼ਤਰੰਜ ਖਿਡਾਰੀਆਂ ਦੀ ਗਿਣਤੀ ਵਾਲੇ ਦੇਸ਼ ਹਨ। ਭਾਰਤ ਉਹ ਦੇਸ਼ ਹੈ, ਜਿੱਥੇ ਸ਼ਤਰੰਜ ਦਾ ਜਨਮ ਹੋਇਆ ਹੈ ਤੇ ਰੂਸ ਉਹ ਦੇਸ਼ ਹੈ, ਜਿੱਥੇ ਸ਼ਤਰੰਜ ਦੇ ਸਕੂਲਾਂ ਰਾਹੀਂ ਇਸਦਾ ਸਭ ਤੋਂ ਵੱਧ ਵਿਕਾਸ ਹੋਇਆ ਹੈ। ਹੁਣ ਇਹ ਦੇਖਣਾ ਰੋਮਾਂਚਕ ਹੋਵੇਗਾ ਜਦੋਂ ਇਹ ਦੇਸ਼ ਆਪਸ ਵਿਚ ਸੀਰੀਜ਼ ਖੇਡਣਗੇ।