ਤੀਰਅੰਦਾਜ਼ੀ ਵਿਸ਼ਵ ਚੈਂਪੀਅਨਸ਼ਿਪ ’ਚ ਫਿਰ ਸੋਨ ਤਮਗੇ ਤੋਂ ਖੁੰਝਿਆ ਭਾਰਤ
Sunday, Sep 26, 2021 - 12:24 PM (IST)
ਯਾਂਕਟਨ– ਭਾਰਤ ਦੀ ਮਹਿਲਾ ਤੇ ਮਿਕਸਡ ਡਬਲਜ਼ ਕੰਪਾਊਂਡ ਤੀਰਅੰਦਾਜ਼ੀ ਟੀਮ ਨੂੰ ਕੋਲੰਬੀਆ ਵਿਰੁੱਧ ਇਕਪਾਸੜ ਮੁਕਾਬਲਿਆਂ ਵਿਚ ਹਾਰ ਦੇ ਨਾਲ ਇੱਥੇ ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਭਾਰਤ ਵਿਸ਼ਵ ਚੈਂਪੀਅਨਸ਼ਿਪ ਵਿਚ ਆਪਣੇ ਪਹਿਲੇ ਸੋਨ ਤਮਗੇ ਲਈ ਚੁਣੌਤੀ ਪੇਸ਼ ਕਰ ਰਿਹਾ ਸੀ। ਭਾਰਤ ਅਜੇ ਤਕ ਸੋਨ ਤਮਗਾ ਨਹੀਂ ਜਿੱਤ ਸਕਿਆ ਹੈ ਪਰ ਉਸ ਨੇ ਸਭ ਤੋਂ ਵੱਧ 10 ਵਾਰ ਪੋਡੀਅਮ ’ਤੇ ਜਗ੍ਹਾ ਬਣਾਈ ਹੈ। ਇਸ ਦੌਰਾਨ ਭਾਰਤ ਨੇ 8 ਵਾਰ ਫਾਈਨਲ ਵਿਚ ਚੁਣੌਤੀ ਪੇਸ਼ ਕੀਤੀ ਤੇ ਉਸ ਨੂੰ ਹਰ ਵਾਰ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ।
ਰੈਂਕਿੰਗ ਦੌਰ ਵਿਚ ਚੌਥੇ ਸਥਾਨ ’ਤੇ ਰਹੀ ਅਭਿਸ਼ੇਕ ਵਰਮਾ ਤੇ ਜਯੋਤੀ ਸੁਰੇਖਾ ਬੇਨਾਮ ਦੀ ਭਾਰਤ ਦੀ ਸਟਾਰ ਮਿਕਸਡ ਡਬਲਜ਼ ਜੋੜੀ ਨੇ ਇਕ ਅੰਕ ਦੀ ਬੜ੍ਹਤ ਦੇ ਨਾਲ ਸ਼ੁਰੂਆਤ ਕੀਤੀ ਪਰ ਇਸ ਤੋਂ ਬਾਅਦ ਕੋਲੰਬੀਆ ਦਾ ਦਬਦਬਾ ਦੇਖਣ ਨੂੰ ਮਿਲਿਆ। ਭਾਰਤੀ ਜੋੜੀ ਨੂੰ ਅੰਤ 150-154 ਨਾਲ ਹਾਰ ਝੱਲਣੀ ਪਈ। ਜਯੋਤੀ, ਮੁਸਕਾਨ ਕਿਰਾਰ ਤੇ ਪ੍ਰਿਯਾ ਗੁਰਜਰ ਦੀ ਸੱਤਵਾਂ ਦਰਜਾ ਪ੍ਰਾਪਤ ਮਹਿਲਾ ਟੀਮ ਨੂੰ ਸਾਰਾ ਲੋਪੇਜ, ਅਲੈਜਾਂਦ੍ਰਾ ਓਸਕਿਆਨੋ ਤੇ ਨੋਰਾ ਵਾਲਡੇਜ ਦੀ ਤਿਕੜੀ ਵਿਰੁੱਧ 224-229 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਰੈਂਕਿੰਗ ਦੌਰ ਵਿਚ ਚੋਟੀ ’ਤੇ ਰਹੀ ਕੋਲੰਬੀਆਈ ਟੀਮ ਨੇ 15 ਵਾਰ 10 ਅੰਕਾਂ ’ਤੇ ਨਿਸ਼ਾਨਾ ਲਾਇਆ ਤੇ ਇਸ ਦੌਰਾਨ ਉਸ ਦੇ ਪੰਜ ਨਿਸ਼ਾਨੇ ਬਿਲਕੁਲ ਵਿਚਾਲੇ ਵਿਚ ਲੱਗੇ। ਪਹਿਲੇ ਦੌਰ ਤੋਂ ਬਾਅਦ ਦੋਵੇਂ ਟੀਮਾਂ 58-58 ਨਾਲ ਬਰਾਬਰ ਸਨ। ਭਾਰਤੀ ਮਹਿਲਾ ਟੀਮ ਨੇ ਇਸ ਤੋਂ ਬਾਅਦ ਬੜ੍ਹਤ ਬਣਾਉਣ ਦਾ ਮੌਕਾ ਗੁਆਇਆ ਤੇ ਵਿਰੋਧੀ ਟੀਮ ਇਕ ਅੰਕ ਨਾਲ ਅੱਗੇ ਹੋ ਗਈ। ਕੋਲੰਬੀਆਈ ਟੀਮ ਨੇ ਇਸ ਤੋਂ ਬਾਅਦ ਭਾਰਤੀ ਟੀਮ ਨੂੰ ਕੋਈ ਮੌਕਾ ਨਹੀਂ ਦਿੱਤਾ ਤੇ ਆਖ਼ਰੀ 12 ਵਿਚੋਂ 8 ਤੀਰ 10 ਅੰਕਾਂ ’ਤੇ ਲਾ ਕੇ ਤੀਜੀ ਵਾਰ ਮਹਿਲਾ ਖਿਤਾਬ ਜਿੱਤਿਆ। ਇਹ 2017 ਤੋਂ ਬਾਅਦ ਟੀਮ ਦਾ ਪਹਿਲਾ ਖਿਤਾਬ ਹੈ।
ਮਿਕਸਡ ਡਬਲਜ਼ ਵਿਚ ਭਾਰਤ ਲਈ ਦੂਜਾ ਦੌਰ ਖਰਾਬ ਰਿਹਾ, ਜਿੱਥੇ ਉਸ ਨੇ ਦੋ ਵਾਰ 9 ਅਤੇ ਇਕ ਵਾਰ 8 ਅੰਕਾਂ ਨਾਲ ਇਕ ਅੰਕ ਦੀ ਬੜ੍ਹਤ ਗੁਆਈ ਤੇ ਅੰਤ ਚਾਰ ਅੰਕਾਂ ਦੇ ਫਰਕ ਨਾਲ ਮੁਕਾਬਲਾ ਹਾਰ ਗਿਆ। ਰੈਂਕਿੰਗ ਦੌਰ ਵਿਚ ਦੂਜੇ ਸਥਾਨ ’ਤੇ ਰਹੀ ਡੇਨੀਅਲ ਮੁਨੋਜ ਤੇ ਸਾਰਾ ਨੇ ਪਹਿਲੇ ਦੌਰ ਤੋਂ ਬਾਅਦ ਵਾਪਸੀ ਕੀਤੀ ਤੇ ਤੀਜੇ ਦੌਰ ਵਿਚ 40 ਵਿਚੋਂ 40 ਅੰਕ ਹਾਸਲ ਕਰਕੇ ਪਹਿਲੀ ਵਾਰ ਮਿਕਸਡ ਡਬਲਜ਼ ਦਾ ਸੋਨ ਤਮਗਾ ਜਿੱਤਿਆ। ਕੁਲ ਮਿਲਾ ਕੇ ਕੋਲੰਬੀਆਈ ਜੋੜੀ ਨੇ 16 ਵਿਚੋਂ 10 ਤੀਰਾਂ ’ਤੇ 10 ਅੰਕ ਹਾਸਲ ਕੀਤੇ ਜਦਕਿ ਭਾਰਤੀ ਖਿਡਾਰੀ 8 ਵਾਰ ਹੀ 10 ਅੰਕ ਹਾਸਲ ਕਰ ਸਕੇ।