ਸੁਦਿਰਮਨ ਕੱਪ ''ਚ ਭਾਰਤ ਵਲੋਂ ਚੁਣੌਤੀ ਦੀ ਅਗਵਾਈ ਕਰਨਗੇ ਸਿੰਧੂ, ਸਾਇਨਾ ਤੇ ਸ਼੍ਰੀਕਾਂਤ
Wednesday, May 01, 2019 - 04:16 AM (IST)

ਨਵੀਂ ਦਿੱਲੀ— ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਤੇ ਸਾਇਨਾ ਨੇਹਵਾਲ ਤੋਂ ਇਲਾਵਾ ਕਿਦਾਂਬੀ ਸ਼੍ਰੀਕਾਂਤ ਚੀਨ ਦੇ ਨੈਨਿੰਗ 'ਚ 19 ਤੋਂ 26 ਮਈ ਤੱਕ ਹੋਣ ਵਾਲੀ 2019 ਸੁਦਿਰਮਨ ਕੱਪ ਮਿਕਸਡ ਟੀਮ ਚੈਂਪੀਅਨਸ਼ਿਪ 'ਚ ਭਾਰਤ ਦੀ ਮਜ਼ਬੂਤ ਟੀਮ ਦੀ ਅਗਵਾਈ ਕਰਨਗੇ। ਵਿਸ਼ਵ ਚੈਂਪੀਅਨਸ਼ਿਪ ਦੀ ਚਾਰ ਬਾਰ ਦੀ ਤਮਗਾ ਜੇਤੂ ਸਿੰਧੂ ਨੇ 2016 'ਚ ਰੀਓ ਓਲੰਪਿਕ 'ਚ ਚਾਂਦੀ ਤਮਗਾ ਜਿੱਤਿਆ ਸੀ ਜਦਕਿ ਸਾਇਨਾ ਨੇ 2012 ਲੰਡਨ ਓਲੰਪਿਕ 'ਚ ਕਾਂਸੀ ਤਮਗਾ ਹਾਸਲ ਕੀਤਾ ਸੀ। ਸ਼੍ਰੀਕਾਂਤ ਵਿਸ਼ਵ ਪੁਰਸ਼ ਸਿੰਗਲ ਰੈਂਕਿੰਗ 'ਚ ਫਿਲਹਾਲ 8ਵੇਂ ਸਥਾਨ 'ਤੇ ਹਨ। ਭਾਰਤ ਨੂੰ ਇਸ ਟੂਰਨਾਮੈਂਟ 'ਚ 8ਵਾਂ ਦਰਜਾ ਦਿੱਤਾ ਗਿਆ ਹੈ। ਆਸਟਰੇਲੀਆ ਦੇ ਗੋਲਡ ਕੋਸਟ 'ਚ ਪਿਛਲੇ ਟੂਰਨਾਮੈਂਟ 'ਚ ਭਾਰਤ ਕੁਆਟਰ ਫਾਈਨਲ 'ਚ ਪਹੁੰਚਣ 'ਚ ਸਫਲ ਰਿਹਾ ਸੀ। ਭਾਰਤ ਨੂੰ ਮੁਸ਼ਕਿਲ ਗਰੁੱਪ ਡੀ 'ਚ ਮੇਜਬਾਨ ਚੀਨ ਤੇ ਮਲੇਸ਼ੀਆ ਦੇ ਨਾਲ ਰੱਖਿਆ ਗਿਆ ਹੈ ਤੇ ਨਾਕਆਊਟ ਪੜਾਅ 'ਚ ਜਗ੍ਹਾ ਬਣਾਉਣ ਦੇ ਲਈ ਉਸ ਨੂੰ ਲੀਗ ਪੜਾਅ ਚੋਟੀ ਦੀਆਂ 2 ਟੀਮਾਂ 'ਚ ਰਹਿਣਾ ਹੋਵੇਗਾ। ਭਾਰਤ ਨੇ ਪਿਛਲੇ ਸਾਲ ਗੋਲਡ ਕੋਸਟ 'ਚ ਮਲੇਸ਼ੀਆ ਨੂੰ ਹਰਾ ਕੇ ਰਾਸ਼ਟਰਮੰਡਲ ਖੇਡਾਂ 'ਚ ਮਿਕਸਡ ਟੀਮ 'ਚ ਸੋਨ ਤਮਗਾ ਜਿੱਤਿਆ ਸੀ।