ਸ਼ਤਰੰਜ : ਭਾਰਤ ਦੇ ਸ਼ਿਵਾਂਸ਼ ਤਿਵਾੜੀ ਨੇ ਕੀਤੇ ਲਗਾਤਾਰ 3 ਉਲਟਫੇਰ
Tuesday, Dec 24, 2019 - 11:44 PM (IST)

ਭੋਪਾਲ (ਨਿਕਲੇਸ਼ ਜੈਨ)- ਭਾਰਤੀ ਸ਼ਤਰੰਜ ਦਾ ਸਰਦ ਰੁੱਤ ਸ਼ਤਰੰਜ ਸਰਕਟ ਸ਼ੁਰੂ ਹੋ ਗਿਆ। ਭੋਪਾਲ ਵਿਚ 15 ਦੇਸ਼ਾਂ ਦੇ 250 ਖਿਡਾਰੀਆਂ ਵਿਚਾਲੇ ਚੱਲ ਰਹੇ ਭੋਪਾਲ ਇੰਟਰਨੈਸ਼ਨਲ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ ਵਿਚ ਭਾਰਤ ਦੇ 17 ਸਾਲਾ ਸ਼ਿਵਾਂਸ਼ ਤਿਵਾੜੀ ਨੇ ਆਪਣੇ ਵਧੀਆ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। 1770 ਰੇਟਿੰਗ ਵਾਲੇ ਸ਼ਿਵਾਂਸ਼ ਨੇ ਰਾਊਂਡ 5 ਤੱਕ ਲਗਾਤਾਰ 5 ਜਿੱਤਾਂ ਦਰਜ ਕੀਤੀਆਂ ਹਨ। ਸ਼ਿਵਾਂਸ਼ ਨੇ ਪ੍ਰਤੀਯੋਗਿਤਾ ਦੇ ਤੀਜੇ ਰਾਊਂਡ ਵਿਚ ਉਜ਼ਬੇਕਿਸਤਾਨ ਦੇ 2250 ਰੇਟਿੰਗ ਵਾਲੇ ਸਾਪੇਵ ਮਕਸਦ ਨੂੰ ਹਰਾਇਆ ਤਾਂ ਅਗਲੇ ਹੀ ਰਾਊਂਡ ਵਿਚ 2466 ਰੇਟਿੰਗ ਵਾਲੇ ਰੂਸ ਦੇ ਤਜਰਬੇਕਾਰ ਗ੍ਰੈਂਡ ਮਾਸਟਰ ਮਕਸੀਮ ਲੁਗੋਵਸਕੋਯ ਨੂੰ ਹਰਾਉਂਦੇ ਹੋਏ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਕਾਰੋ ਕਾਨ ਓਪਨਿੰਗ ਵਿਚ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਉਸ ਨੇ ਸਿਰਫ 24 ਚਾਲਾਂ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ। ਰਾਊਂਡ 5 ਵਿਚ ਉਸ ਨੇ ਉਜ਼ਬੇਕਿਸਤਾਨ ਦੇ 2474 ਰੇਟਿੰਗ ਵਾਲੇ ਇੰਟਰਨੈਸ਼ਨਲ ਮਾਸਟਰ ਓਟ੍ਰਿਕ ਨਿਗਮਟੋਵ ਨੂੰ ਹਰਾ ਕੇ ਲਗਾਤਾਰ ਤੀਜਾ ਉਲਟਫੇਰ ਕੀਤਾ। 5 ਜਿੱਤਾਂ ਦੇ ਨਾਲ ਸ਼ਿਵਾਂਸ਼ ਚੋਟੀ ਦੇ ਗ੍ਰੈਂਡਮਾਸਟਰ ਐੱਮ. ਆਰ.ਵੈਂਕਟੇਸ਼ ਅਤੇ ਯੂਕ੍ਰੇਨ ਦੇ ਸਟੀਨੀਸਲਾਵ ਬੋਗਦਾਨੋਵਿਚ ਦੇ ਨਾਲ ਸਾਂਝੀ ਬੜ੍ਹਤ 'ਤੇ ਚੱਲ ਰਿਹਾ ਹੈ।