ਸ਼ਾਰਜਾਹ ਮਾਸਟਰਸ ਸ਼ਤਰੰਜ ''ਚ ਭਾਰਤ ਦਾ ਨਿਹਾਲ ਸਰੀਨ ਸਾਂਝੀ ਬੜ੍ਹਤ ''ਤੇ

03/25/2019 9:22:09 PM

ਨਵੀਂ ਦਿੱਲੀ— 31 ਦੇਸ਼ਾਂ ਦੇ 178 ਖਿਡਾਰੀਆਂ ਵਿਚਾਲੇ ਦੁਨੀਆ ਦੇ ਸਭ ਤੋਂ ਵੱਡੇ ਸ਼ਤਰੰਜ ਕਲੱਬ 'ਚ ਏਸ਼ੀਆ ਦੀਆਂ ਸਭ ਤੋਂ ਮਜ਼ਬੂਤ ਪ੍ਰਤੀਯੋਗਿਤਾਵਾਂ ਵਿਚੋਂ ਇਕ ਤੀਜੀ ਸ਼ਾਰਜਾਹ ਮਾਸਟਰਸ ਇੰਟਰਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ ਵਿਚ ਤਿੰਨ ਰਾਊਂਡਜ਼ ਤੋਂ ਬਾਅਦ ਭਾਰਤ ਦਾ ਨੰਨ੍ਹਾ ਸਮਰਾਟ 14 ਸਾਲਾ ਨਿਹਾਲ ਸਰੀਨ ਲਗਾਤਾਰ ਤਿੰਨ ਜਿੱਤਾਂ ਨਾਲ ਸਾਂਝੀ ਬੜ੍ਹਤ 'ਤੇ ਬਣਿਆ ਹੋਇਆ ਹੈ। ਉਸ ਤੋਂ ਇਲਾਵਾ ਵੈਨੇਜ਼ੁਏਲਾ ਦੇ ਐਡੂਆਰਡੋ ਬੋਨੇਲੀ, ਵੀਅਤਨਾਮ ਦੇ ਲਿਮ ਕਿਆਂਗ ਲੇ, ਰੂਸ ਦਾ ਇਨਾਰਕੀਵ ਐਰਨਸਟੋ ਤੇ ਬ੍ਰਾਜ਼ੀਲ ਦਾ ਅਲੈਗਜ਼ੈਂਡਰ ਫਿਏਰ ਵੀ 3 ਅੰਕਾਂ ਨਾਲ ਸਾਂਝੀ ਬੜ੍ਹਤ 'ਤੇ ਹੈ। ਨਿਹਾਲ ਨੇ ਤੀਜੇ ਰਾਊਂਡ 'ਚ ਮੈਕਸੀਕੋ ਅਦਨਾਨੀ ਨੂੰ ਹਰਾਉਂਦਿਆਂ ਆਪਣੀ ਜੇਤੂ ਲੈਅ ਬਰਕਰਾਰ ਰੱਖੀ। ਭਾਰਤ ਦੇ ਚੋਟੀ ਦੇ ਖਿਡਾਰੀ ਸੂਰਯ ਸ਼ੇਖਰ ਗਾਂਗੁਲੀ ਨੇ ਈਰਾਨ ਦੇ ਸ਼ਹਿਨੀਨ ਨਾਲ, ਅਭਿਜੀਤ ਗੁਪਤਾ ਨੇ ਹਮਵਤਨ ਐੱਨ. ਆਰ. ਵਿਘਨੇਸ਼ ਨਾਲ ਡਰਾਅ ਖੇਡਿਆ। 
ਖੈਰ, ਭਾਰਤ ਦੇ ਨਾਂ ਸਭ ਤੋਂ ਵੱਡਾ ਉਲਟਫੇਰ ਰਿਹਾ, ਜਦੋਂ ਭਾਰਤ ਦੇ ਸਾਈ ਬਸਵਾਂਥ ਨੇ ਆਪਣੇ ਤੋਂ 600 ਰੇਟਿੰਗ ਵੱਡੇ ਰੂਸੀ ਗ੍ਰੈਂਡਮਾਸਟਰ ਵਾਦਿਮ ਮਖਲਤਕੋਵ ਨੂੰ ਡਰਾਅ 'ਤੇ ਰੋਕਿਆ। ਨੌਜਵਾਨ ਖਿਡਾਰੀਆਂ ਵਿਚ ਗੁਕੇਸ਼ ਨੇ ਵਾਪਸੀ ਕਰਦਿਆਂ ਲਗਾਤਾਰ ਦੋ ਮੈਚ ਜਿੱਤ ਕੇ ਹੁਣ 2.5 ਅੰਕ ਬਣਾ ਲਏ ਹਨ। ਭਾਰਤ ਦੇ ਖਿਡਾਰੀਆਂ 'ਚ ਸੂਰਯ ਸ਼ੇਖਰ ਗਾਂਗੁਲੀ, ਅਭਿਜੀਤ ਗੁਪਤਾ, ਵਿਘਨੇਸ਼ ਐੱਨ. ਆਰ. ,ਇਨਯਾਨ ਪੀ., ਦੇਬਾਸ਼ੀਸ਼ ਦਾਸ, ਵਿਸ਼ਣੂ ਪ੍ਰਸੰਨਾ, ਸਟੇਨੀ ਜੀ. ਏ., ਕੁਣਾਲ ਐੱਮ., ਪ੍ਰਵੀਨ ਕੁਮਾਰ, ਸੰਦੀਪਨ ਚੰਦਰਾ ਵੀ 2.5 ਅੰਕਾਂ 'ਤੇ ਖੇਡ ਰਹੇ ਹਨ।


Gurdeep Singh

Content Editor

Related News