ਭਾਰਤ ਦਾ ਪ੍ਰਗਿਆਨੰਦਾ ਬਣਿਆ ਵਿਸ਼ਵ ਯੂਥ ਸ਼ਤਰੰਜ ਚੈਂਪੀਅਨ

10/14/2019 1:20:36 AM

ਮੁੰਬਈ (ਨਿਕਲੇਸ਼ ਜੈਨ)- ਭਾਰਤ ਦੇ ਪ੍ਰਗਿਆਨੰਦਾ ਨੇ ਇਤਿਹਾਸ ਬਣਾਉਂਦੇ ਹੋਏ 14 ਸਾਲ ਦੀ ਉਮਰ ਵਿਚ ਵਿਸ਼ਵ ਅੰਡਰ-18 ਦੇ ਬਾਲਕ ਵਰਗ ਦਾ ਖਿਤਾਬ ਜਿੱਤ ਲਿਆ। ਆਖਰੀ ਰਾਊਂਡ ਤੋਂ ਪਹਿਲਾਂ ਪ੍ਰਗਿਆਨੰਦਾ ਅੱਧੇ ਅੰਕ ਦੀ ਬੜ੍ਹਤ 'ਤੇ ਸੀ ਤੇ ਜਰਮਨੀ ਦੇ ਬੁਕੇਲਸ ਵਾਲੇਂਟਿਨ ਨਾਲ ਡਰਾਅ ਖੇਡਦੇ ਹੋਏ 9 ਅੰਕ ਬਣਾਉਂਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ।
ਪੂਰੀ ਚੈਂਪੀਅਨਸ਼ਿਪ ਵਿਚ ਪ੍ਰਗਿਆਨੰਦਾ ਨੇ ਅਜੇਤੂ ਰਹਿੰਦਿਆਂ 7 ਜਿੱਤਾਂ ਤੇ 4 ਡਰਾਅ ਖੇਡੇ। 2567 ਦੀ ਰੇਟਿੰਗ ਦੇ ਨੰਦਾ ਨੇ ਆਪਣੀ ਰੇਟਿੰਗ ਵਿਚ 19 ਅੰਕਾਂ ਦੀ ਵਾਧਾ ਦਰਜ ਕਰਦਿਆਂ 2713 ਰੇਟਿੰਗ ਦਾ ਪ੍ਰਦਰਸ਼ਨ ਕੀਤਾ। ਦੂਜੇ ਸਥਾਨ 'ਤੇ ਅਰਮੀਨੀਆ ਦਾ ਸਰਗਸਯਨ ਸ਼ਾਂਤ 8.5 ਅੰਕਾਂ ਨਾਲ ਚਾਂਦੀ ਤੇ ਅਰਮੀਨੀਆ ਦਾ ਹੀ ਅਰਤੁਰ ਦਾਵਤਯਾਨ ਕਾਂਸੀ ਤਮਗਾ ਲੈਣ ਵਿਚ ਸਫਲ ਰਿਹਾ। ਅੰਡਰ-18 ਬਾਲਿਕਾ ਵਰਗ ਵਿਚ ਭਾਰਤ ਦੀ ਵੰਤਿਕਾ ਅਗਰਵਾਲ ਨੇ 8 ਅੰਕਾਂ ਨਾਲ ਚਾਂਦੀ ਤਮਗਾ ਹਾਸਲ ਕੀਤਾ, ਜਦਕਿ ਰੂਸ ਦੀ ਸ਼ੁਵਾਲੋਵਾ ਪੋਲਿਨਾ ਨੇ 8.5 ਅੰਕਾਂ ਨਾਲ ਸੋਨਾ ਤੇ ਰੂਸ ਦੀ ਹੀ ਅਲੈਗਜ਼ੈਂਡਰਾ ਓਬੋਲੇਂਤਸੇਵਾ ਨੇ 7.5 ਅੰਕਾਂ ਨਾਲ ਕਾਂਸੀ ਤਮਗਾ ਹਾਸਲ ਕੀਤਾ।
ਭਾਰਤ ਨੇ ਚੈਂਪੀਅਨਸ਼ਿਪ 'ਚ ਜਿੱਤੇ 7 ਤਮਗੇ
ਭਾਰਤ ਨੇ ਪ੍ਰਗਿਆਨੰਦਾ ਦੇ ਸੋਨ ਤਮਗੇ ਤੋਂ ਇਲਾਵਾ 3 ਚਾਂਦੀ ਤੇ 3 ਕਾਂਸੀ ਸਮੇਤ ਕੁਲ 7 ਤਮਗੇ ਆਪਣੇ ਨਾਂ ਕੀਤੇ ਤੇ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਰਿਹਾ। ਰੂਸ ਨੇ 3 ਸੋਨ, 1 ਚਾਂਦੀ  ਤੇ 1 ਕਾਂਸੀ ਤਮਗੇ ਨਾਲ ਪਹਿਲਾ ਸਥਾਨ ਹਾਸਲ ਕੀਤਾ। ਕਜ਼ਾਕਿਸਤਾਨ ਨੇ 1 ਸੋਨ, 1 ਚਾਂਦੀ ਸਣੇ ਕੁਲ 2 ਤਮਗੇ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਅਜ਼ਰਬੈਜਾਨ ਨੇ 1 ਸੋਨ, ਅਰਮੀਨੀਆ ਨੇ 1 ਚਾਂਦੀ, 1 ਕਾਂਸੀ ਸਮੇਤ 2 ਤਮਗੇ ਤੇ ਈਰਾਨ ਨੇ 1 ਕਾਂਸੀ ਤਮਗਾ ਆਪਣੇ ਨਾਂ ਕੀਤਾ।


Gurdeep Singh

Content Editor

Related News