ਟੀ-20 ਮੈਚ ''ਚ ਦੌੜਾਂ ਦੇ ਮਾਮਲੇ ''ਚ ਭਾਰਤ ਦੀ ਸਭ ਤੋਂ ਵੱਡੀ ਜਿੱਤ

Thursday, Dec 21, 2017 - 12:50 AM (IST)

ਟੀ-20 ਮੈਚ ''ਚ ਦੌੜਾਂ ਦੇ ਮਾਮਲੇ ''ਚ ਭਾਰਤ ਦੀ ਸਭ ਤੋਂ ਵੱਡੀ ਜਿੱਤ

ਕਟਕ— ਭਾਰਤ ਨੇ ਸ਼੍ਰੀਲੰਕਾ ਨੂੰ ਕਟਕ 'ਚ ਖੇਡੇ ਗਏ ਸੀਰੀਜ਼ ਦੇ ਪਹਿਲੇ ਟੀ-20 ਮੈਚ 'ਚ 93 ਦੌੜਾਂ ਨਾਲ ਹਰਾ ਦਿੱਤਾ। ਟੀ-20 ਕ੍ਰਿਕਟ ਇਤਿਹਾਸ 'ਚ ਦੌੜਾਂ ਦੇ ਮਾਮਲੇ 'ਚ ਇਹ ਭਾਰਤੀ ਟੀਮ ਦੀ ਸਭ ਤੋਂ ਵੱਡੀ ਜਿੱਤ ਹੈ। ਸ਼੍ਰੀਲੰਕਾ ਨੇ ਪਹਿਲਾਂ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਸ਼੍ਰੀਲੰਕਾ ਨੂੰ 181 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾਈ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕੇ 'ਤੇ ਸ਼੍ਰੀਲੰਕਾ ਦੀ ਪੂਰੀ ਟੀਮ 87 ਦੌੜਾਂ 'ਤੇ ਢੇਰ ਹੋ ਹੋ ਗਈ।  ਭਾਰਤ ਨੇ ਟੀ-20 ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ ਹੈ।
ਸ਼ਿਖਰ ਧਵਨ ਨੂੰ ਆਰਾਮ ਦੇਣ ਕਾਰਨ ਅੰਤਿਮ ਇਲੈਵਨ ਵਿਚ ਜਗ੍ਹਾ ਬਣਾਉਣ ਵਾਲੇ ਰਾਹੁਲ ਨੇ ਮੌਕੇ ਦਾ ਪੂਰਾ ਫਾਇਦਾ ਚੁੱਕਦੇ ਹੋਏ 48 ਗੇਂਦਾਂ 'ਤੇ 7 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 61 ਦੌੜਾਂ ਬਣਾਈਆਂ। ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਲਈ ਉਤਰੇ ਮਹਿੰਦਰ ਸਿੰਘ ਧੋਨੀ (22 ਗੇਂਦਾਂ 'ਤੇ ਅਜੇਤੂ 39) ਅਤੇ ਮਨੀਸ਼ ਪਾਂਡੇ (18 ਗੇਂਦਾਂ 'ਤੇ ਅਜੇਤੂ 32) ਨੇ ਟੀਮ ਨੂੰ ਮਜ਼ਬੂਤ ਸਕੋਰ ਤਕ ਪਹੁੰਚਾਇਆ। ਇਨ੍ਹਾਂ ਦੋਵਾਂ ਨੇ 33 ਗੇਂਦਾਂ 'ਤੇ 68 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ। ਇਨ੍ਹਾਂ ਵਿਚੋਂ 61 ਦੌੜਾਂ ਆਖਰੀ 4 ਓਵਰਾਂ ਵਿਚ ਬਣੀਆਂ। ਕ੍ਰਿਕਟ ਦੇ ਇਸ ਸਭ ਤੋਂ ਛੋਟੇ ਫਾਰਮੈੱਟ ਵਿਚ ਪਹਿਲੀ ਵਾਰ ਭਾਰਤੀ ਟੀਮ ਦੀ ਕਮਾਨ ਸੰਭਾਲ ਰਹੇ ਰੋਹਿਤ ਸ਼ਰਮਾ ਦਾ ਟਾਸ ਨੇ ਸਾਥ ਨਹੀਂ ਦਿੱਤਾ। ਇਸ ਤੋਂ ਬਾਅਦ ਉਹ ਲੰਬੀ ਪਾਰੀ ਖੇਡਣ ਵਿਚ ਵੀ ਨਾਕਾਮ ਰਿਹਾ। 
ਰੋਹਿਤ ਅਤੇ ਰਾਹੁਲ ਨੇ ਮਿਲ ਕੇ ਟੀਮ ਨੂੰ ਵਧੀਆ ਸ਼ੁਰੂਆਤ ਦਿੱਤੀ। ਇਸੇ ਦੌਰਾਨ ਰੋਹਿਤ ਟਵੰਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿਚ 1500 ਦੌੜਾਂ ਪੂਰੀਆਂ ਕਰਨ ਵਾਲਾ ਭਾਰਤ ਦਾ ਦੂਸਰਾ (ਵਿਰਾਟ ਕੋਹਲੀ ਤੋਂ ਬਾਅਦ) ਅਤੇ ਵਿਸ਼ਵ ਦਾ 13ਵਾਂ ਬੱਲੇਬਾਜ਼ ਬਣਿਆ ਪਰ ਐਂਜਲੋ ਮੈਥਿਊਜ਼ ਦੀ ਫੁੱਲ-ਲੈਂਥ ਗੇਂਦ 'ਤੇ ਉਹ ਸਹੀ ਟਾਈਮਿੰਗ ਨਾਲ ਸ਼ਾਟ ਨਹੀਂ ਲਾ ਸਕਿਆ ਅਤੇ ਦੁਸ਼ਮੰਤ ਚਾਮੀਰਾ ਨੇ ਉਸ ਦਾ ਕੈਚ ਫੜ ਲਿਆ। ਰੋਹਿਤ ਨੇ 13 ਗੇਂਦਾਂ 'ਤੇ 17 ਦੌੜਾਂ ਬਣਾਈਆਂ।  ਰਾਹੁਲ ਨੇ 35 ਗੇਂਦਾਂ 'ਤੇ ਟਵੰਟੀ-20 ਕ੍ਰਿਕਟ 'ਚ ਆਪਣਾ ਦੂਸਰਾ ਅਰਧ-ਸੈਂਕੜਾ ਪੂਰਾ ਕੀਤਾ। ਇਸੇ ਦੌਰਾਨ ਉਹ ਡੀ. ਆਰ. ਐੱਸ. ਦਾ ਸਹਾਰਾ ਲੈ ਕੇ ਐੱਲ. ਬੀ. ਡਬਲਯੂ. ਆਊਟ ਹੋਣ ਤੋਂ ਵੀ ਬਚਿਆ।
ਸ਼੍ਰੀਲੰਕਾ ਨੇ ਹਾਲਾਂਕਿ 11ਵੇਂ ਤੋਂ 16ਵੇਂ ਓਵਰ ਤੱਕ ਸਿਰਫ 35 ਦੌੜਾਂ ਦਿੱਤੀਆਂ। ਇਸ ਦੌਰਾਨ ਸ਼੍ਰੇਅਸ ਅਈਅਰ ਅਤੇ ਰਾਹੁਲ ਦੀਆਂ ਮਹੱਤਵਪੂਰਨ ਵਿਕਟਾਂ ਲਈਆਂ। ਵਨ ਡੇ ਵਿਚ 2 ਅਰਧ-ਸੈਂਕੜੇ ਜੜਨ ਵਾਲੇ ਅਈਅਰ (24) ਨੇ ਚਾਮੀਰਾ ਨੂੰ ਸ਼ੁਰੂ 'ਚ ਮਾਰੇ ਗਏ 2 ਚੌਕਿਆਂ ਨਾਲ ਆਪਣਾ ਆਤਮ-ਵਿਸ਼ਵਾਸ ਦਿਖਾਇਆ ਪਰ ਉਹ ਲੰਬੀ ਪਾਰੀ ਨਹੀਂ ਖੇਡ ਸਕਿਆ। ਨੁਵਾਨ ਪ੍ਰਦੀਪ ਦੀ ਗੇਂਦ ਥਰਡਮੈਨ 'ਤੇ ਖੇਡਣ ਦੇ ਯਤਨ ਵਿਚ ਉਸ ਨੇ ਵਿਕਟਕੀਪਰ ਨਿਰੋਸ਼ਨ ਡਿਕਵੇਲਾ ਨੂੰ ਕੈਚ ਫੜਾਇਆ। ਰਾਹੁਲ ਵੀ ਇਸ ਤੋਂ ਤੁਰੰਤ ਬਾਅਦ ਪਰੇਰਾ ਦੀ ਹੌਲੀ ਗੇਂਦ ਖੇਡਣ ਤੋਂ ਖੁੰਝ ਗਿਆ ਤੇ ਬੋਲਡ ਹੋ ਗਿਆ।   ਧੋਨੀ ਨੂੰ ਪਿਛਲੇ ਕੁਝ ਸਮੇਂ ਤੋਂ ਨੰਬਰ 4 'ਤੇ ਉਤਾਰਨ ਦੀ ਗੱਲ ਚੱਲ ਰਹੀ ਸੀ ਅਤੇ ਰੋਹਿਤ ਨੇ ਇਸ 'ਤੇ ਅਮਲ ਕੀਤਾ। ਉਸ 'ਤੇ ਡੈੱਥ ਓਵਰਾਂ ਦੀ ਜ਼ਿੰਮੇਵਾਰੀ ਸੀ ਅਤੇ ਉਸ ਨੇ ਇਸ ਨੂੰ ਵਧੀਆ ਢੰਗ ਨਾਲ ਨਿਭਾਇਆ। ਉਸਦੀਆਂ ਤਾਕਤ ਭਰੀਆਂ ਸ਼ਾਟਾਂ ਅਤੇ ਪਾਂਡੇ ਦੀ ਬੇਪਰਵਾਹ ਅੰਦਾਜ਼ 'ਚ ਕੀਤੀ ਗਈ ਬੱਲੇਬਾਜ਼ੀ ਨੇ ਦਰਸ਼ਕਾਂ ਦਾ ਚੰਗਾ ਮਨੋਰੰਜਨ ਕੀਤਾ।


Related News