ਟੀ-20 ਵਿਸ਼ਵ ਕੱਪ ਦੀ ਫਿਕਰ ਕੀਤੇ ਬਿਨਾ ਮੌਕੇ ਦਾ ਪੂਰਾ ਲਾਹਾ ਲੈਣਾ ਚਾਹੁੰਦਾ ਹਾਂ : ਰਾਹੁਲ

12/07/2019 1:12:23 PM

ਹੈਦਰਾਬਾਦ— ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ 'ਚ ਭਾਰਤ ਲਈ ਪਾਰੀ ਦੀ ਸ਼ੁਰੂਆਤ ਕਰ ਰਹੇ ਕੇ. ਐੱਲ. ਰਾਹੁਲ ਨੇ ਕਿਹਾ ਕਿ ਉਹ ਟੀ-20 ਵਿਸ਼ਵ ਕੱਪ ਟੀਮ 'ਚ ਜਗ੍ਹਾ ਬਣਾਉਣ ਦੀ ਫਿਕਰ ਕੀਤੇ ਬਿਨਾ ਮੌਕੇ ਦਾ ਪੂਰਾ ਲਾਹਾ ਲੈਣਾ ਚਾਹੁਣਗੇ। ਭਾਰਤੀ ਟੀਮ ਤਿੰਨ ਮੈਚਾਂ ਦੀ ਇਸ ਸੀਰੀਜ਼ ਦੇ ਜ਼ਰੀਏ ਅਗਲੇ ਸਾਲ ਆਸਟਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀ ਤਿਆਰ ਕਰੇਗੀ। ਅਜਿਹੇ 'ਚ ਜਿਨ੍ਹਾਂ ਖਿਡਾਰੀਆਂ ਦੀ ਟੀਮ 'ਚ ਜਗ੍ਹਾ ਪੱਕੀ ਨਹੀਂ ਹੈ, ਉਹ ਚੋਣਕਰਤਾਵਾਂ ਦਾ ਧਿਆਨ ਖਿੱਚਣਾ ਚਾਹੁਣਗੇ। ਸੱਟ ਦਾ ਸ਼ਿਕਾਰ ਸ਼ਿਖਰ ਧਵਨ ਦੀ ਜਗ੍ਹਾ ਪਹਿਲੇ ਟੀ-20 ਮੈਚ 'ਚ ਪਾਰੀ ਦਾ ਆਗਾਜ਼ ਕਰਨ ਵਾਲੇ ਰਾਹੁਲ ਨੇ 40 ਗੇਂਦਾਂ 'ਚ 62 ਦੌੜਾਂ ਬਣਾਈਆਂ। ਭਾਰਤ ਨੇ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ।
PunjabKesari
ਰਾਹੁਲ ਨੇ ਮੈਚ ਦੇ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ, ''ਅਜੇ ਟੀ-20 ਵਿਸ਼ਵ ਕੱਪ 'ਚ ਕਾਫੀ ਸਮਾਂ ਹੈ। ਮੈਨੂੰ ਇਕ ਵਾਰ ਫਿਰ ਪਾਰੀ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਹੈ ਅਤੇ ਮੈਂ ਇਸ ਦਾ ਪੂਰਾ ਫਾਇਦਾ ਉਠਾਉਣਾ ਚਾਹੁੰਦਾ ਹਾਂ।'' ਉਨ੍ਹਾਂ ਕਿਹਾ, ''ਇਹ ਚੰਗਾ ਮੈਚ ਸੀ ਅਤੇ ਮੈਂ ਖੁੱਲ੍ਹ ਕੇ ਖੇਡ ਸਕਿਆ।'' ਕਰਨਾਟਕ ਦੇ ਇਸ ਸਟਾਈਲਿਸ਼ ਬੱਲੇਬਾਜ਼ ਨੇ ਕਿਹਾ, ''ਦੋਵੇਂ ਟੀਮਾਂ ਨੇ 200 ਤੋਂ ਜ਼ਿਆਦਾ ਦੌੜਾਂ ਬਣਾਈਆਂ ਪਰ ਇਹ ਵਿਕਟ ਬਹੁਤਾ ਆਸਾਨ ਨਹੀਂ ਸੀ ਪਰ ਓਨਾ ਵੀ ਬੁਰਾ ਨਹੀਂ ਸੀ।'' ਵਿਰਾਟ ਕੋਹਲੀ ਦੇ ਨਾਲ ਸੈਂਕੜੇ ਵਾਲੀ ਸਾਂਝੇਦਾਰੀ ਦੇ ਬਾਰੇ 'ਚ ਉਨ੍ਹਾਂ ਕਿਹਾ, ''ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ ਕਈ ਵਾਰ ਅਜਿਹੀਆਂ ਸਾਂਝੇਦਾਰੀਆਂ ਜ਼ਰੂਰੀ ਹੁੰਦੀਆਂ ਹਨ। ਅਸੀਂ ਸੰਜਮ ਨਾਲ ਢਿੱਲੀਆਂ ਗੇਂਦਾਂ ਦਾ ਇੰਤਜ਼ਾਰ ਕੀਤਾ। ਕ੍ਰੀਜ਼ 'ਤੇ ਡਟਣ ਦੇ ਬਾਅਦ ਅਸੀਂ ਦੋਵੇਂ ਖੁੱਲ੍ਹ ਕੇ ਖੇਡੇ।''


Tarsem Singh

Content Editor

Related News