ਭਾਰਤ ਵੀ ਜਿੱਤ ਸਕਦਾ ਹੈ 2019 ਵਿਸ਼ਵ ਕੱਪ : ਗਿਲੇਸਪੀ
Wednesday, Jan 16, 2019 - 05:13 PM (IST)

ਐਡੀਲੇਡ— ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਜਾਸਨ ਗਿਲੇਸਪੀ ਨੂੰ ਲਗਦਾ ਹੈ ਕਿ ਜਸਪ੍ਰੀਤ ਬੁਮਰਾਹ ਦੀ ਅਗਵਾਈ ਵਾਲਾ ਮੌਜੂਦਾ ਗੇਂਦਬਾਜ਼ੀ ਹਮਲਾ ਭਾਰਤ ਨੂੰ ਆਗਾਮੀ ਆਈ.ਸੀ.ਸੀ. ਵਿਸ਼ਵ ਕੱਪ 'ਚ ਮੇਜ਼ਬਾਨ ਇੰਗਲੈਂਡ ਦੇ ਨਾਲ ਮਜ਼ਬੂਤ ਦਾਅਵੇਦਾਰਾਂ 'ਚੋਂ ਇਕ ਬਣਾਉਂਦਾ ਹੈ। ਗਿਲੇਸਪੀ ਨੇ ਪੱਤਰਕਾਰਾਂ ਨੂੰ ਦਿੱਤੇ ਇੰਟਰਵਿਊ 'ਚ ਕਿਹਾ, ''ਮੈਨੂੰ ਲਗਦਾ ਹੈ ਕਿ ਭਾਰਤੀ ਹਮਲਾ ਬਹੁਤ ਸੰਤੁਲਿਤ ਹੈ। ਬੁਮਰਾਹ ਨੂੰ ਕੁਝ ਨਿਸ਼ਚਿਤ ਕਾਰਨਾਂ ਕਰਕੇ ਆਰਾਮ ਦਿੱਤਾ ਗਿਆ ਹੈ ਪਰ ਉਨ੍ਹਾਂ ਦਾ ਹਮਲਾ ਫਿਰ ਵੀ ਕਾਫੀ ਚੰਗਾ ਹੈ।'' ਉਨ੍ਹਾਂ ਕਿਹਾ, ''ਹਰ ਕੋਈ ਵੱਖੋ-ਵੱਖ ਤਰੀਕੇ ਨਾਲ ਗੇਂਦਬਾਜ਼ੀ ਕਰਦਾ ਹੈ ਅਤੇ ਇਸ 'ਚ ਤੁਸੀਂ ਬੁਮਰਾਹ ਨੂੰ ਵੀ ਜੋੜ ਦਿਓ ਤਾਂ ਉਹ ਵਿਸ਼ਵ ਕੱਪ 'ਚ ਚੁਣੌਤੀ ਪੇਸ਼ ਕਰਨ ਲਈ ਬਿਹਤਰ ਸਥਾਨ 'ਤੇ ਮੌਜੂਦ ਹਨ। ਮੈਨੂੰ ਲਗਦਾ ਹੈ ਕਿ ਇੰਗਲੈਂਡ ਯਕੀਨੀ ਤੌਰ 'ਤੇ ਮਜ਼ਬੂਤ ਦਾਅਵੇਦਾਰ ਹੈ ਪਰ ਭਾਰਤ ਵੀ ਇਸ 'ਚ ਪਿੱਛੇ ਨਹੀਂ ਹੈ।''
ਗਿਲੇਸਪੀ ਨੇ ਬੁਮਰਾਹ ਦੀ ਖਾਸ ਤਾਰੀਫ ਕੀਤੀ ਅਤੇ ਕਿਹਾ ਕਿ ਇਸ ਗੇਂਦਬਾਜ਼ ਦਾ ਗੈਰ ਰਵਾਇਤੀ ਗੇਂਦਬਾਜ਼ੀ ਐਕਸ਼ਨ ਉਸ ਨੁੰ ਦੂਜੇ ਗੇਂਦਬਾਜ਼ਾਂ ਤੋਂ ਅਲਗ ਬਣਾਉਂਦਾ ਹੈ। ਇਸ 43 ਸਾਲਾ ਸਾਬਕਾ ਤੇਜ਼ ਗੇਂਦਬਾਜ਼ ਨੇ ਕਿਹਾ, ''ਮੈਨੂੰ ਬੁਮਰਾਹ ਨੂੰ ਗੇਂਦਬਾਜ਼ੀ ਕਰਦੇ ਹੋਏ ਦੇਖਣਾ ਕਾਫੀ ਪਸੰਦ ਹੈ। ਉਹ ਹੌਲੇ-ਹੌਲੇ ਚਲਦਾ ਹੈ ਪਰ ਜਦੋਂ ਉਹ ਕ੍ਰੀਜ਼ 'ਤੇ ਆਉਂਦਾ ਹੈ ਤਾਂ ਉਸ ਦਾ ਐਕਸ਼ਨ ਕਾਫੀ ਚੁਸਤ ਹੋ ਜਾਂਦਾ ਹੈ। ਉਹ ਚੰਗੀ ਰਫਤਾਰ ਨਾਲ ਗੇਂਦਬਾਜ਼ੀ ਕਰਦਾ ਹੈ, ਬੱਲੇਬਾਜ਼ ਨੂੰ ਪਰੇਸ਼ਾਨ ਕਰਦਾ ਹੈ ਅਤੇ ਉਹ ਆਪਣੀ ਰਫਤਾਰ 'ਚ ਕਾਫੀ ਬਦਲਾਅ ਵੀ ਕਰ ਸਕਦਾ ਹੈ ਉਹ ਬਹੁਤ ਹੀ ਸ਼ਾਨਦਾਰ ਗੇਂਦਬਾਜ਼ ਹੈ।'' ਉਨ੍ਹਾਂ ਕਿਹਾ, ''ਉਸ ਦਾ ਐਕਸ਼ਨ ਬਿਹਤਰੀਨ ਹੈ। ਉਹ ਗੇਂਦ ਸੁਟਦੇ ਸਮੇਂ ਪੈਰ ਅੱਗੇ ਕਰਕੇ ਰਖਦਾ ਹੈ, ਉਸ ਦੀ ਬਾਂਹ ਦਾ ਐਕਸ਼ਨ ਜ਼ਰਾ ਦੇਰ ਨਾਲ ਹੁੰਦਾ ਹੈ। ਉਹ ਤੁਹਾਨੂੰ ਸਲਿੰਗ ਸ਼ਾਟ ਸੁੱਟਦਾ ਹੈ ਅਤੇ ਇਸ ਨਾਲ ਹੀ ਰਫਤਾਰ ਬਣਦੀ ਹੈ। ਪਰ ਤੁਹਾਨੂੰ ਅਜਿਹਾ ਕਰਨ ਲਈ ਮਜ਼ਬੂਤ ਹੋਣ ਦੀ ਜ਼ਰੂਰਤ ਹੈ। ਬੁਮਰਾਹ ਮਜ਼ਬੂਤ ਹੈ ਅਤੇ ਟੈਸਟ ਕ੍ਰਿਕਟ 'ਚ ਲੰਬੇ ਸਪੈਲ ਸੁੱਟਣ ਲਈ ਫਿੱਟ ਹੈ। ਉਹ ਟੈਸਟ 'ਚ ਹਮੇਸ਼ਾ ਆਪਣੀ ਰਫਤਾਰ ਬਣਾਏ ਰਖਦਾ ਹੈ ਅਤੇ ਇਹੋ ਚੀਜ਼ ਉਸ ਨੂੰ ਬਿਹਤਰੀਨ ਗੇਂਦਬਾਜ਼ ਬਣਾਉਂਦੀ ਹੈ।''
ਭਾਰਤ ਅਤੇ ਆਸਟਰੇਲੀਆਈ ਟੀਮਾਂ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ 'ਚ 1-1 ਨਾਲ ਬਰਾਬਰ ਚਲ ਰਹੀਆਂ ਹਨ ਅਤੇ ਫੈਸਲਾਕੁੰਨ ਮੈਚ ਸ਼ੁੱਕਰਵਾਰ ਨੂੰ ਮੈਲਬੋਰਨ 'ਚ ਖੇਡਿਆ ਜਾਵੇਗਾ। ਆਸਟਰੇਲੀਆ ਟੀਮ ਜਨਵਰੀ 2017 ਦੇ ਬਾਅਦ ਪਹਿਲੀ ਵਨ ਡੇ ਸੀਰੀਜ਼ ਜਿੱਤਣ 'ਤੇ ਨਿਗਾਹ ਲਾਏ ਹੈ ਅਤੇ ਗਿਲੇਸਪੀ ਨੇ ਕਿਹਾ ਕਿ ਯੁਵਾਵਾਂ ਲਈ ਇਹ ਬਿਹਤਰੀਨ ਮੌਕਾ ਹੈ। ਉਨ੍ਹਾਂ ਕਿਹਾ ਕਿ ਯਕੀਨੀ ਤੌਰ 'ਤੇ ਉਨ੍ਹਾਂ ਨੂੰ ਬੱਲੇਬਾਜ਼ੀ ਅਤੇ ਗੇਂਦਬਾਜ਼ੀ 'ਚ ਦੋ ਅਹਿਮ ਖਿਡਾਰੀਆਂ ਦੀ ਕਮੀ ਮਹਿਸੂਸ ਹੋ ਰਹੀ ਹੈ ਪਰ ਵਿਸ਼ਵ ਕੱਪ 'ਚ ਟੀਮ ਬਹੁਤ ਅਲਗ ਦਿਖਾਈ ਦੇਵੇਗੀ। ਇਸ ਲਈ ਇਨ੍ਹਾਂ ਖਿਡਾਰੀਆਂ ਲਈ ਸ਼ਾਨਦਾਰ ਮੌਕਾ ਹੋਵੇਗਾ।