ਫੀਫਾ ਮਹਿਲਾ ਅੰਡਰ-17 ਵਿਸ਼ਵ ਕੱਪ : ਮੋਰੱਕੋ ਹੱਥੋਂ 0-3 ਨਾਲ ਹਾਰ ਭਾਰਤ ਟੂਰਨਾਮੈਂਟ ’ਚੋਂ ਹੋਇਆ ਬਾਹਰ

Friday, Oct 14, 2022 - 11:58 PM (IST)

ਭੁਵਨੇਸ਼ਵਰ, (ਭਾਸ਼ਾ)– ਮੇਜ਼ਬਾਨ ਭਾਰਤ ਨੇ ਸ਼ੁੱਕਰਵਾਰ ਨੂੰ ਇੱਥੇ ਦੂਜੇ ਹਾਫ ਵਿਚ ਤਿੰਨ ਗੋਲ ਖਾ ਲਏ, ਜਿਸ ਨਾਲ ਉਸ ਨੂੰ ਗਰੁੱਪ-ਏ ਦੇ ਆਪਣੇ ਦੂਜੇ ਮੈਚ ਵਿਚ ਮੋਰੱਕੋ ਹੱਥੋਂ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਟੀਮ ਫੀਫਾ ਮਹਿਲਾ ਅੰਡਰ-17 ਵਿਸ਼ਵ ਕੱਪ ਦੀ ਖਿਤਾਬੀ ਦੌੜ ਵਿਚੋਂ ਬਾਹਰ ਹੋ ਗਈ।  ਡੈਬਿਊ ਕਰ ਰਹੀ ਮੋਰੱਕੋ ਲਈ ਐੱਲ. ਮਦਾਨੀ ਨੇ 50ਵੇਂ, ਯਾਸਮਿਨ ਜੌਹਿਰ ਨੇ 61ਵੇਂ ਤੇ ਚੇਰਿਫ ਜੇਨਾਹ ਨੇ 90+1 ਮਿੰਟ ਵਿਚ ਗੋਲ ਕੀਤੇ, ਜਿੱਤ ਨਾਲ ਟੀਮ ਨੇ ਟੂਰਨਾਮੈਂਟ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ। 

ਭਾਰਤ ਵੀ ਮੇਜ਼ਬਾਨ ਦੇ ਤੌਰ ’ਤੇ ਖੁਦ ਕੁਆਲੀਫਾਈ ਕਰਕੇ ਡੈਬਿਊ ਕਰ ਰਿਹਾ ਹੈ। ਟੀਮ ਮੰਗਲਵਾਰ ਨੂੰ ਸ਼ੁਰੂਆਤੀ ਮੈਚ ਵਿਚ ਅਮਰੀਕਾ ਹੱਥੋਂ 0-8 ਨਾਲ ਹਾਰੀ ਸੀ। ਹੁਣ ਭਾਰਤੀ ਟੀਮ ਦਾ ਸਾਹਮਣਾ 17 ਅਕਤੂਬਰ ਨੂੰ ਆਖਰੀ ਗਰੁੱਪ ਮੈਚ ਵਿਚ ਬ੍ਰਾਜ਼ੀਲ ਨਾਲ ਹੋਵੇਗਾ। ਮੋਰੱਕੋ ਹੁਣ ਵੀ ਕੁਆਰਟਰ ਫਾਈਨਲ ਦੀ ਦੌੜ ਵਿਚ ਸ਼ਾਮਲ ਹੈ ਕਿਉਂਕਿ ਉਸਦੇ 3 ਅੰਕ ਹਨ। ਖਿਤਾਬ ਦੀ ਦਾਅਵੇਦਾਰ ਬ੍ਰਾਜ਼ੀਲ ਤੇ ਅਮਰੀਕਾ ਦੀਆਂ ਟੀਮਾਂ ਨੇ ਦਿਨ ਵਿਚ ਇੱਥੇ ਗਰੁੱਪ ਦੇ ਇਕ ਹੋਰ ਮੈਚ ਵਿਚ 1-1 ਨਾਲ ਡਰਾਅ ਖੇਡਿਆ ਸੀ। ਬ੍ਰਾਜ਼ੀਲ ਤੇ ਅਮਰੀਕਾ ਦੇ ਹੁਣ ਦੋ ਮੈਚਾਂ ਤੋਂ ਬਾਅਦ 4-4 ਅੰਕ ਹੋ ਗਏ ਹਨ। ਮੋਰੱਕੋ ਨੂੰ ਮੰਗਲਵਾਰ ਨੂੰ ਬ੍ਰਾਜ਼ੀਲ ਹੱਥੋਂ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਟੀਮ ਹੁਣ 17 ਅਕਤੂਬਰ ਨੂੰ ਅਮਰੀਕਾ ਵਿਰੁੱਧ ਖੇਡੇਗੀ।
 


Manoj

Content Editor

Related News