IND vs WI: ਕੁਲਦੀਪ ਤੇ ਕਿਸ਼ਨ ਦਾ ਜ਼ਬਰਦਸਤ ਪ੍ਰਦਰਸ਼ਨ, ਭਾਰਤ ਨੇ ਜਿੱਤਿਆ ਪਹਿਲਾ ODI

Thursday, Jul 27, 2023 - 11:14 PM (IST)

IND vs WI: ਕੁਲਦੀਪ ਤੇ ਕਿਸ਼ਨ ਦਾ ਜ਼ਬਰਦਸਤ ਪ੍ਰਦਰਸ਼ਨ, ਭਾਰਤ ਨੇ ਜਿੱਤਿਆ ਪਹਿਲਾ ODI

ਸਪੋਰਟਸ ਡੈਸਕ: ਅੱਜ ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਪਹਿਲਾਂ ਵਨ ਡੇਅ ਮੁਕਾਬਲਾ ਖੇਡਿਆ ਗਿਆ ਜਿਸ ਨੂੰ ਭਾਰਤ ਨੇ ਬੜੇ ਆਰਾਮ ਨਾਲ ਜਿੱਤ ਲਿਆ। ਕੁਲਦੀਪ ਯਾਦਵ ਦੇ 6 ਦੌੜਾਂ ਦੇ ਕੇ 4 ਵਿਕਟਾਂ ਲਈਆਂ ਤੇ ਵਿਰੋਧੀ ਟੀਮ ਨੂੰ ਛੋਟੇ ਟੋਟਲ 'ਤੇ ਸਮੇਟਣ ਵਿਚ ਮਦਦ ਕੀਤੀ। ਉੱਥੇ ਹੀ ਟੀਚੇ ਦਾ ਪਿੱਛਾ ਕਰਦਿਆਂ ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਅਰਧ ਸੈਂਕੜਾ ਜੜ ਕੇ ਟੀਮ ਨੂੰ ਜਿੱਤ ਦੇ ਦਹਿਲੀਜ਼ 'ਤੇ ਪਹੁੰਚਾ ਦਿੱਤਾ। 

ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਵੈਸਟ ਇੰਡੀਜ਼ ਦੀ ਟੀਮ ਨਿਰਧਾਰਤ 50 ਓਵਰਾਂ 'ਚੋਂ ਅੱਧੇ ਓਵਰ ਵੀ ਨਹੀਂ ਖੇਡ ਸਕੀ ਤੇ 23 ਓਵਰਾਂ ਵਿਚ ਹੀ 114 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੇਜ਼ਬਾਨ ਟੀਮ ਨੂੰ ਸ਼ੁਰੂ ਤੋਂ ਹੀ ਦਬਾਅ ਵਿਚ ਰੱਖਿਆ। ਤੇਜ਼ ਗੇਂਦਬਾਜ਼ਾਂ ਵੱਲੋਂ ਮਿਲੀ ਸ਼ਾਨਦਾਰ ਸ਼ੁਰੂਆਤ ਨੂੰ ਸਪਿਨਰਾਂ ਨੇ ਵੀ ਅੱਗੇ ਤੋਰਿਆ। ਕੁਲਦੀਪ ਯਾਦਵ ਤੇ ਰਵਿੰਦਰ ਜਡੇਜਾ ਦੀ ਜੋੜੀ ਨੇ 7 ਵਿਕਟਾਂ ਲਈਆਂ। 

ਇਹ ਖ਼ਬਰ ਵੀ ਪੜ੍ਹੋ - ਮਣੀਪੁਰ ਘਟਨਾ ਦੀ ਵੀਡੀਓ ਬਣਾਉਣ ਵਾਲਾ ਵਿਅਕਤੀ ਗ੍ਰਿਫ਼ਤਾਰ, CBI ਕਰੇਗੀ ਮਾਮਲੇ ਦੀ ਜਾਂਚ

ਕੁਲਦੀਪ ਯਾਦਵ ਨੇ ਜ਼ਬਰਦਸਤ ਗੇਂਦਬਾਜ਼ੀ ਕਰਦਿਆਂ 3 ਓਵਰਾਂ ਵਿਚੋਂ 2 ਮੇਡਨ ਓਵਰ ਕੀਤੇ। ਉਸ ਨੇ 6 ਦੌੜਾਂ ਦੇ ਕੇ 4 ਵਿਕਟਾਂ ਆਪਣੇ ਨਾਂ ਕੀਤੀਆਂ। ਇਸੇ ਤਰ੍ਹਾਂ ਰਵਿੰਦਰ ਜਡੇਜਾ ਨੇ ਵੀ 6 ਓਵਰਾਂ ਵਿਚ 37 ਦੌੜਾਂ ਦੇ ਕੇ 3 ਵਿਕਟਾਂ ਆਪਣੇ ਨਾਂ ਕੀਤੀਆਂ। ਹਾਰਦਿਕ ਪੰਡਯਾ, ਮੁਕੇਸ਼ ਕੁਮਾਰ ਤੇ ਸ਼ਾਰਦੁਲ ਠਾਕੁਰ ਨੇ 1-1 ਵਿਕਟ ਆਪਣੇ ਨਾਂ ਕੀਤੀ। ਵੈਸਟ ਇੰਡੀਜ਼ ਦੇ ਕਪਤਾਨ ਸ਼ਾਈ ਹੋਪ (43) ਤੋਂ ਇਲਾਵਾ ਕੋਈ ਵੀ ਖਿਡਾਰੀ ਚੰਗੀ ਪਾਰੀ ਨਹੀਂ ਖੇਡ ਸਕਿਆ। ਐਲਿਕ ਅਲਥਾਂਜ਼ਾ ਨੇ 22 ਦੌੜਾਂ ਬਣਾਈਆਂ। 

ਇਹ ਖ਼ਬਰ ਵੀ ਪੜ੍ਹੋ - ਆਇਰਲੈਂਡ ਦੌਰੇ ਤੋਂ ਪਹਿਲਾਂ ਬੁਮਰਾਹ ਦੀ ਫਿਟਨੈੱਸ ਨੂੰ ਲੈ ਕੇ ਵੱਡੀ ਅਪਡੇਟ, ਜੈ ਸ਼ਾਹ ਨੇ ਸਾਂਝੀ ਕੀਤੀ ਜਾਣਕਾਰੀ

ਭਾਰਤੀ ਟੀਮ ਨੇ 115 ਦੌੜਾਂ ਦਾ ਟੀਚਾ 22.5 ਓਵਰਾਂ ਵਿਚ ਹੀ ਹਾਸਲ ਕਰ ਲਿਆ। ਛੋਟੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਬੱਲੇਬਾਜ਼ੀ ਕ੍ਰਮ ਵਿਚ ਕਈ ਤਜ਼ਰਬੇ ਕੀਤੇ। ਈਸ਼ਾਨ ਕਿਸ਼ਨ ਦੇ ਸ਼ਾਨਦਾਰ ਅਰਧ ਸੈਂਕੜੇ ਨੇ ਭਾਰਤੀ ਟੀਮ ਨੂੰ ਟੀਚੇ ਦੇ ਬਿਲਕੁਲ ਨੇੜੇ ਪਹੁੰਚਾ ਦਿੱਤਾ। ਹਾਲਾਂਕਿ ਉਨ੍ਹਾਂ ਤੋਂ ਇਲਾਵਾ ਕੋਈ ਵੀ ਹੋਰ ਬੱਲੇਬਾਜ਼ ਕੋਈ ਖ਼ਾਸ ਪਾਰੀ ਨਹੀਂ ਖੇਡ ਸਕਿਆ। ਕਪਤਾਨ ਰੋਹਿਤ ਸ਼ਰਮਾ ਓਪਨਿੰਗ ਦੀ ਬਜਾਏ 7ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਉਤਰੇ। ਉੱਥੇ ਹੀ ਵਿਰਾਟ ਕੋਹਲੀ ਬੱਲੇਬਾਜ਼ੀ ਕਰਨ ਹੀ ਨਹੀਂ ਆਏ। ਉਨ੍ਹਾਂ ਵੱਲੋਂ ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ ਤੇ ਸ਼ਾਰਦੁਲ ਠਾਕੁਰ ਨੂੰ ਆਪਣੇ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਦਾ ਮੌਕਾ ਦਿੱਤਾ ਗਿਆ। ਹਾਲਾਂਕਿ ਇਹ ਬੱਲੇਬਾਜ਼ ਕੋਈ ਖ਼ਾਸ ਪ੍ਰਦਰਸ਼ਨ ਨਹੀਂ ਕਰ ਸਕੇ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News