IND vs WI 1st Test : ਤੀਜੇ ਦਿਨ ਦੀ ਖੇਡ ਖਤਮ, ਟੀਮ ਇੰਡੀਆ ਮਜ਼ਬੂਤ ਸਥਿਤੀ 'ਚ

08/24/2019 10:42:18 PM

ਨਾਰਥ ਸਾਊਂਡ- ਵੈਸਟਇੰਡੀਜ਼ ਦੀ ਪਹਿਲੀ ਪਾਰੀ ਨੂੰ 222 ਦੌੜਾਂ 'ਤੇ ਸਮੇਟਣ ਤੋਂ ਬਾਅਦ ਭਾਰਤ ਨੇ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ 3 ਵਿਕਟਾਂ 'ਤੇ 185 ਦੌੜਾਂ ਬਣਾ ਲਈਆਂ ਹਨ, ਜਿਸ ਨਾਲ ਟੀਮ ਨੇ ਹੁਣ ਤੱਕ 260 ਦੌੜਾਂ ਦੀ ਮਜ਼ਬੂਤ ਬੜ੍ਹਤ ਹਾਸਲ ਕਰ ਲਈ ਹੈ। ਭਾਰਤ ਵਲੋਂ ਕਪਤਾਨ ਵਿਰਾਟ ਕੋਹਲੀ (ਅਜੇਤੂ 51) ਤੇ ਉਪ ਕਪਤਾਨ ਅਜਿੰਕਯ ਰਹਾਨੇ (ਅਜੇਤੂ 53) ਕ੍ਰੀਜ਼ 'ਤੇ ਮੌਜੂਦ ਸਨ।

PunjabKesari
ਵੈਸਟਇੰਡੀਜ਼ ਨੂੰ ਲੰਚ ਤੋਂ ਬਾਅਦ ਪਹਿਲੀ ਸਫਲਤਾ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਿਆ। ਮਯੰਕ ਅਗਰਵਾਲ 16 ਦੌੜਾਂ ਬਣਾ ਕੇ ਰੋਸਟਨ ਚੇਜ਼ ਦਾ ਸ਼ਿਕਾਰ ਹੋਇਆ। ਇਸ ਸਮੇਂ ਟੀਮ ਦਾ ਸਕੋਰ 30 ਦੌੜਾਂ ਸੀ। ਇਸ ਤੋਂ ਬਾਅਦ ਲੋਕੇਸ਼ ਰਾਹੁਲ ਤੇ ਚੇਤੇਸ਼ਵਰ ਪੁਜਾਰਾ ਸੰਭਲ ਕੇ ਬੱਲੇਬਾਜ਼ੀ ਕਰ ਰਹੇ ਸਨ ਪਰ 9 ਗੇਂਦਾਂ ਦੇ ਅੰਦਰ ਦੋਵੇਂ ਆਊਟ ਹੋ ਗਏ। ਦੋਵਾਂ ਨੇ ਦੂਜੀ ਵਿਕਟ ਲਈ 43 ਦੌੜਾਂ ਦੀ ਸਾਂਝੇਦਾਰੀ ਕੀਤੀ। ਰਾਹੁਲ ਗਲਤ ਸ਼ਾਟ ਚੋਣ ਕਾਰਨ ਚੇਜ਼ ਦਾ ਦੂਜਾ ਸ਼ਿਕਾਰ ਬਣਿਆ। ਪੁਜਾਰਾ ਵੀ ਚੰਗੀ ਸ਼ੁਰੂਆਤ ਦਾ ਫਾਇਦਾ ਨਹੀਂ ਚੁੱਕ ਸਕਿਆ ਤੇ ਕੇਮਰ ਰੋਚ ਦੀ ਗੇਂਦ 'ਤੇ ਬੋਲਡ ਹੋ ਗਿਆ। ਉਸ ਨੇ 53 ਗੇਂਦਾਂ 'ਤੇ 25 ਦੌੜਾਂ ਬਣਾਈਆਂ। 
ਭਾਰਤ ਨੇ ਇਸ ਤੋਂ ਪਹਿਲਾਂ ਇਸ਼ਾਂਤ ਸ਼ਰਮਾ (43 ਦੌੜਾਂ 'ਤੇ 5 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਵੈਸਟਇੰਡੀਜ਼ ਦੀ ਪਹਿਲੀ ਪਾਰੀ 74.2 ਓਵਰਾਂ ਵਿਚ 222 ਦੌੜਾਂ 'ਤੇ ਢੇਰ ਹੋ ਗਈ। ਭਾਰਤੀ ਟੀਮ ਨੇ ਪਹਿਲੀ ਪਾਰੀ ਵਿਚ 297 ਦੌੜਾਂ ਬਣਾਈਆਂ ਸਨ, ਜਿਸ ਨਾਲ ਪਹਿਲੀ ਪਾਰੀ ਦੇ ਆਧਾਰ 'ਤੇ ਟੀਮ ਨੂੰ 75 ਦੌੜਾਂ ਦੀ ਬੜ੍ਹਤ ਮਿਲੀ। ਇਸ਼ਾਂਤ ਸ਼ਰਮਾ ਤੋਂ ਇਲਾਵਾ ਭਾਰਤ ਲਈ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ (48 ਦੌੜਾਂ 'ਤੇ 2 ਵਿਕਟਾਂ) ਤੇ ਸਪਿਨਰ ਰਵਿੰਦਰ ਜਡੇਜਾ (64 ਦੌੜਾਂ 'ਤੇ 2 ਵਿਕਟਾਂ) ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। 
ਵੈਸਟਇੰਡੀਜ਼ ਲਈ ਰੋਸਟਨ ਚੇਜ਼ (48), ਕਪਤਾਨ ਜੈਸਨ ਹੋਲਡਰ (39), ਜਾਨ ਕੈਂਪਬੈੱਲ (23), ਡੈਰੇਨ ਬ੍ਰਾਵੋ (18), ਸ਼ਾਈ ਹੋਪ (24) ਤੇ ਸ਼ਿਮਰੋਨ ਹੈੱਟਮਾਇਰ (35) ਚੰਗੀ ਸ਼ੁਰੂਆਤ ਦਾ ਫਾਇਦਾ ਨਹੀਂ ਚੁੱਕ ਸਕੇ। ਵੈਸਟਇੰਡੀਜ਼ ਨੇ ਦਿਨ ਦੀ ਸ਼ੁਰੂਆਤ 8 ਵਿਕਟਾਂ 'ਤੇ 189 ਦੌੜਾਂ ਨਾਲ ਕੀਤੀ ਸੀ।


Gurdeep Singh

Content Editor

Related News