ਭਾਰਤ ਨੇ ਗੁਆਈ ਟੈਸਟ ਸੀਰੀਜ਼, ਸਾਊਥ ਅਫਰੀਕਾ ਨੇ 135 ਦੌੜਾਂ ਨਾਲ ਜਿੱਤਿਆ ਦੂਜਾ ਮੈਚ
Wednesday, Jan 17, 2018 - 04:09 PM (IST)

ਸੈਂਚੁਰੀਅਨ, (ਬਿਊਰੋ)— ਜ਼ਬਰਦਸਤ ਲੈਅ ਅਤੇ ਉੱਚੇ ਮਨੋਬਲ ਦੇ ਨਾਲ ਦੱਖਣੀ ਅਫਰੀਕਾ ਪਹੁੰਚੀ ਕਪਤਾਨ ਵਿਰਾਟ ਕੋਹਲੀ ਦੀ ਨੰਬਰ ਵਨ ਭਾਰਤੀ ਟੀਮ ਅਫਰੀਕਾ ਦੀ ਜ਼ਮੀਨ 'ਤੇ 25 ਸਾਲਾਂ ਦੇ ਬਾਅਦ ਵੀ ਅਪਵਾਦ ਸਾਬਤ ਨਹੀਂ ਹੋਈ ਅਤੇ ਬੁੱਧਵਾਰ ਨੂੰ ਕਰੋ ਜਾਂ ਮਰੋ ਦੇ ਦੂਜੇ ਕ੍ਰਿਕਟ ਟੈਸਟ ਮੈਚ 'ਚ 135 ਦੌੜਾਂ ਨਾਲ ਹਾਰ ਕੇ ਸੀਰੀਜ਼ ਗੁਆ ਬੈਠੀ।
ਭਾਰਤੀ ਟੀਮ ਕੇਪਟਾਊਨ 'ਚ ਪਹਿਲਾ ਮੈਚ ਹਾਰ ਕੇ ਤਿੰਨ ਟੈਸਟਾਂ ਦੀ ਸੀਰੀਜ਼ 'ਚ 0-1 ਨਾਲ ਪਿੱਛੜ ਚੁੱਕੀ ਸੀ ਪਰ ਰੋਮਾਂਚਕ ਅਤੇ ਹਮਲਾਵਰਤਾ ਨਾਲ ਭਰੇ ਦੂਜੇ ਟੈਸਟ 'ਚ ਟੀਮ 287 ਦੌੜਾਂ ਦੇ ਟੀਚੇ ਦਾ ਪਿੱਛਾ ਨਹੀਂ ਕਰ ਸਕੀ ਅਤੇ ਦੱਖਣੀ ਅਫਰੀਕਾ ਦੀਆਂ ਉਛਾਲ ਭਰੀਆਂ ਪਿੱਚਾਂ 'ਤੇ ਘੁੰਮਦੀਆਂ ਗੇਂਦਾਂ ਦੇ ਸਾਹਮਣਏ ਪੂਰੀ ਟੀਮ 50.2 ਓਵਰਾਂ 'ਚ 151 ਦੌੜਾਂ 'ਤੇ ਢੇਰ ਹੋ ਗਈ ਸੀ। ਇਸ ਦੇ ਨਾਲ ਹੀ ਮੇਜ਼ਬਾਨ ਟੀਮ ਨੇ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ।
ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੇ ਲਈ ਮੱਧ ਕ੍ਰਮ ਦੇ ਬੱਲੇਬਾਜ਼ ਰੋਹਿਤ ਸ਼ਰਮਾ 47 ਦੌੜਾਂ ਦੀ ਪਾਰੀ ਖੇਡ ਕੇ ਸਭ ਤੋਂ ਜ਼ਿਆਦਾ ਸਫਲ ਰਹੇ ਜਦਕਿ ਪਹਿਲੀ ਪਾਰੀ 'ਚ 153 ਦੌੜਾਂ ਦੀ ਬਿਹਤਰੀਨ ਸੈਂਕੜੇ ਵਾਲੀ ਪਾਰੀ ਖੇਡਣ ਵਾਲੇ ਵਿਰਾਟ ਦੂਜੀ ਪਾਰੀ 'ਚ 5 ਦੌੜਾਂ 'ਤੇ ਆਊਟ ਹੋ ਗਏ। ਭਾਰਤ ਦੇ ਬਾਕੀ ਬੱਲੇਬਾਜ਼ ਕੋਈ ਖਾਸ ਕਮਾਲ ਨਹੀਂ ਕਰ ਸਕੇ ਅਤੇ ਛੋਟੇ ਸਕੋਰ 'ਤੇ ਆਊਟ ਹੁੰਦੇ ਗਏ। ਨਤੀਜੇ ਵੱਜੋਂ ਭਾਰਤ ਇਸ ਟੈਸਟ ਮੈਚ ਨਾਲ ਟੈਸਟ ਸੀਰੀਜ਼ ਗੁਆ ਬੈਠਾ।