IND vs SA : ਦੱ. ਅਫਰੀਕਾ ਨੂੰ ਕੀਤਾ 194 ਦੌੜਾਂ 'ਤੇ ਢੇਰ, ਭਾਰਤ ਦਾ ਸਕੋਰ 49/1
Thursday, Jan 25, 2018 - 11:26 PM (IST)
ਜੋਹਾਨਸਬਰਗ- ਭਾਰਤ ਦੇ ਯਾਰਕਰਮੈਨ ਜਸਪ੍ਰੀਤ ਬੁਮਰਾਹ (54 ਦੌੜਾਂ 'ਤੇ 5 ਵਿਕਟਾਂ) ਨੇ ਆਪਣੇ ਕਰੀਅਰ ਵਿਚ ਪਹਿਲੀ ਵਾਰ 5 ਵਿਕਟਾਂ ਹਾਸਲ ਕਰਦਿਆਂ ਦੱਖਣੀ ਅਫਰੀਕਾ ਨੂੰ ਤੀਜੇ ਤੇ ਆਖਰੀ ਟੈਸਟ ਦੇ ਦੂਜੇ ਦਿਨ ਵੀਰਵਾਰ ਨੂੰ 194 ਦੌੜਾਂ 'ਤੇ ਸਮੇਟ ਦਿੱਤਾ। ਭਾਰਤ ਨੇ ਆਪਣੀ ਦੂਜੀ ਪਾਰੀ ਵਿਚ ਦਿਨ ਦੀ ਖੇਡ ਖਤਮ ਹੋਣ ਤੱਕ 1 ਵਿਕਟ 'ਤੇ 49 ਦੌੜਾਂ ਬਣਾ ਲਈਆਂ ਹਨ ਤੇ ਉਸਦੇ ਕੋਲ 42 ਦੌੜਾਂ ਦੀ ਬੜ੍ਹਤ ਹੋ ਗਈ ਹੈ।
ਭਾਰਤ ਨੇ ਪਹਿਲੀ ਪਾਰੀ ਵਿਚ 7 ਦੌੜਾਂ ਨਾਲ ਪਿਛੜਨ ਤੋਂ ਬਾਅਦ ਦੂਜੀ ਪਾਰੀ ਵਿਚ ਓਪਨਿੰਗ ਲਈ ਵਿਕਟਕੀਪਰ ਪਾਰਥਿਵ ਪਟੇਲ ਨੂੰ ਮੁਰਲੀ ਵਿਜੇ ਨਾਲ ਉਤਾਰਿਆ। ਪਟੇਲ ਨੇ 15 ਗੇਂਦਾਂ ਵਿਚ ਤਿੰਨ ਚੌਕਿਆਂ ਦੀ ਮਦਦ ਨਾਲ 16 ਦੌੜਾਂ ਬਣਾਈਆਂ। ਪਟੇਲ ਬਦਕਿਸਮਤ ਰਿਹਾ ਕਿ ਵਰਨੇਨ ਫਿਲੈਂਡਰ ਦੀ ਗੇਂਦ ਉਸਦੇ ਬੱਲੇ ਦਾ ਅੰਦਰੂਨੀ ਕਿਨਾਰਾ ਲੈਣ ਤੋਂ ਬਅਦ ਪੈਡ ਨਾਲ ਟਕਰਾਈ ਤੇ ਫਿਰ ਗਲੀ ਵੱਲ ਉਛਲ ਗਈ। ਐਡਨ ਮਾਰਕਰਮ ਨੇ ਛਲਾਂਗ ਲਾਉਂਦਿਆਂ ਜ਼ਮੀਨ ਤੋਂ ਕੁਝ ਇੰਚ ਉਪਰ ਕੈਚ ਫੜ ਲਿਆ।
ਇਸ ਤੋਂ ਬਾਅਦ ਵਿਜੇ ਦਾ ਸਾਥ ਦੇਣ ਮੈਦਾਨ 'ਤੇ ਲੋਕੇਸ਼ ਰਾਹੁਲ ਉਤਰਿਆ ਤੇ ਦੋਵੇਂ ਬੱਲੇਬਾਜ਼ਾਂ ਨੇ ਬਾਕੀ ਸਮਾਂ ਬਿਨਾਂ ਕਿਸੇ ਨੁਕਸਾਨ ਦੇ ਕੱਢ ਲਿਆ। ਸਟੰਪਸ ਦੇ ਸਮੇਂ ਵਿਜੇ 49 ਗੇਂਦਾਂ 'ਤੇ 13 ਦੌੜਾਂ ਤੇ ਰਾਹੁਲ 38 ਗੇਂਦਾਂ 'ਤੇ 16 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸਨ। ਦੋਵਾਂ ਨੇ ਦੂਜੀ ਵਿਕਟ ਦੀ ਸਾਂਝੇਦਾਰੀ ਵਿਚ ਅਜੇਤੂ 32 ਦੌੜਾਂ ਬਣਾ ਲਈਆਂ ਹਨ। ਸੀਰੀਜ਼ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਇਕ ਵਿਕਟ ਗੁਆ ਕੇ 30 ਦੌੜਾਂ ਤੋਂ ਵੱਧ ਦੌੜਾਂ ਬਣਾਈਆਂ ਹਨ।
ਇਸ ਤੋਂ ਪਹਿਲਾਂ ਬੁਮਰਾਹ ਨੇ 18.5 ਓਵਰਾਂ ਵਿਚ 54 ਦੌੜਾਂ 'ਤੇ 5 ਵਿਕਟਾਂ ਤੇ ਭੁਵਨੇਸ਼ਵਰ ਕੁਮਾਰ ਨੇ 19 ਓਵਰਾਂ ਵਿਚ 44 ਦੌੜਾਂ 'ਤੇ 3 ਵਿਕਟਾਂ ਲੈ ਕੇ ਦੱਖਣੀ ਅਫਰੀਕਾ ਨੂੰ ਵੱਡੀ ਬੜ੍ਹਤ ਹਾਸਲ ਕਰਨ ਤੋਂ ਰੋਕ ਦਿੱਤਾ। ਦੱਖਣੀ ਅਫਰੀਕਾ ਦੀ ਪਾਰੀ 65.5 ਓਵਰਾਂ ਵਿਚ 194 ਦੌੜਾਂ 'ਤੇ ਸਿਮਟ ਗਈ। ਇਸ ਤਰ੍ਹਾਂ ਦੱਖਣੀ ਅਫਰੀਕਾ ਨੂੰ ਪਹਿਲੀ ਪਾਰੀ ਵਿਚ 7 ਦੌੜਾਂ ਦੀ ਮਾਮੂਲੀ ਬੜ੍ਹਤ ਮਿਲੀ। ਭਾਰਤ ਨੇ ਆਪਣੀ ਪਹਿਲੀ ਪਾਰੀ ਵਿਚ 187 ਦੌੜਾਂ ਬਣਾਈਆਂ ਸਨ।
ਆਪਣੇ ਕਰੀਅਰ ਦਾ ਤੀਜਾ ਟੈਸਟ ਖੇਡ ਰਹੇ ਬੁਮਰਾਹ ਨੇ 66ਵੇਂ ਓਵਰ ਵਿਚ 3 ਗੇਦਾਂ ਦੇ ਅੰਦਰ 2 ਵਿਕਟਾਂ ਲੈ ਕੇ ਦੱਖਣੀ ਅਫਰੀਕਾ ਨੂੰ ਸਮੇਟ ਦਿੱਤਾ। ਦੱਖਣੀ ਅਫਰੀਕਾ ਦੀ ਪਾਰੀ ਵਿਚ ਹਾਸ਼ਿਮ ਅਮਲਾ ਨੇ 121 ਗੇਂਦਾਂ ਵਿਚ 7 ਚੌਕਿਆਂ ਦੀ ਮਦਦ ਨਾਲ ਸਭ ਤੋਂ ਵੱਧ 61 ਦੌੜਾਂ ਬਣਾਈਆਂ, ਜਦਕਿ ਤੇਜ਼ ਗੇਂਦਬਾਜ਼ ਵਰਨੇਨ ਫਿਲੈਂਡਰ ਨੇ 55 ਗੇਦਾਂ 'ਤੇ 5 ਚੌਕਿਆਂ ਦੇ ਸਹਾਰੇ 35 ਦੌੜਾਂ ਤੇ ਨਾਈਟ ਵਾਚਮੈਨ ਕੈਗਿਸੋ ਰਬਾਡਾ ਨੇ 84 ਗੇਂਦਾਂ ਵਿਚ ਛੇ ਚੌਕਿਆਂ ਦੀ ਮਦਦ ਨਾਲ 30 ਦੌੜਾਂ ਬਣਾਈਆਂ। ਹੋਰ ਕੋਈ ਵੀ ਬੱਲੇਬਾਜ਼ ਦਹਾਈ ਦੇ ਅੰਕੜੇ ਵਿਚ ਨਹੀਂ ਪਹੁੰਚ ਸਕਿਆ।
