IND vs SA T20i: ਤਿਲਕ ਵਰਮਾ ਦੇ ਤੂਫਾਨੀ ਸੈਂਕੜੇ ਦੀ ਬਦੌਲਤ ਭਾਰਤ ਨੇ ਅਫਰੀਕਾ ਨੂੰ ਦਿੱਤਾ 220 ਦੌੜਾਂ ਦਾ ਟੀਚਾ
Wednesday, Nov 13, 2024 - 10:29 PM (IST)
ਸਪੋਰਟਸ ਡੈਸਕ- ਭਾਰਤੀ ਟੀਮ ਅਤੇ ਦੱਖਣੀ ਅਫਰੀਕਾ ਵਿਚਾਲੇ 4 ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਮੈਚ ਸੈਂਚੁਰੀਅਨ ਦੇ ਸੁਪਰਸਪੋਰਟ ਪਾਰਕ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 220 ਦੌੜਾਂ ਦਾ ਟੀਚਾ ਰੱਖਿਆ। ਇਸ ਦੌਰਾਨ ਤਿਲਕ ਵਰਮਾ ਅਤੇ ਅਭਿਸ਼ੇਕ ਸ਼ਰਮਾ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਤਿਲਕ ਨੇ ਤੂਫਾਨੀ ਅੰਦਾਜ਼ 'ਚ ਸੈਂਕੜਾ ਲਗਾਇਆ।
ਅਭਿਸ਼ੇਕ ਨੇ 25 ਗੇਂਦਾਂ 'ਚ 50 ਦੌੜਾਂ ਅਤੇ ਤਿਲਕ ਵਰਮਾ ਨੇ 56 ਗੇਂਦਾਂ 'ਚ 107 ਦੌੜਾਂ ਬਣਾਈਆਂ, ਜਿਸ ਨਾਲ ਟੀਮ ਇੰਡੀਆ ਨੇ 6 ਵਿਕਟਾਂ ਦੇ ਨੁਕਸਾਨ 'ਤੇ 219 ਦੌੜਾਂ ਬਣਾਈਆਂ। ਅਫਰੀਕਾ ਲਈ ਸਿਮਲੇਨ ਅਤੇ ਕੇਸ਼ਵ ਮਹਾਰਾਜ ਨੇ 2-2 ਵਿਕਟਾਂ ਲਈਆਂ।
ਪਹਿਲੇ ਦੋ ਮੈਚਾਂ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ ਸੀਰੀਜ਼ 1-1 ਨਾਲ ਬਰਾਬਰ ਹੈ। ਆਲਰਾਊਂਡਰ ਰਮਨਦੀਪ ਸਿੰਘ ਨੇ ਇਸ ਮੈਚ ਨਾਲ ਆਪਣਾ ਡੈਬਿਊ ਕੀਤਾ। ਉਨ੍ਹਾਂ ਨੂੰ ਅਵੇਸ਼ ਖਾਨ ਦੀ ਥਾਂ 'ਤੇ ਐਂਟਰੀ ਮਿਲੀ। ਪਿਛਲੇ ਮੈਚ ਵਿੱਚ ਭਾਰਤੀ ਟੀਮ ਜਿੱਤ ਦੇ ਕਰੀਬ ਪਹੁੰਚ ਗਈ ਸੀ ਪਰ 3 ਵਿਕਟਾਂ ਨਾਲ ਹਾਰ ਗਈ। ਜਦੋਂ ਕਿ ਉਸ ਨੇ ਪਹਿਲਾ ਮੈਚ ਜਿੱਤ ਲਿਆ ਸੀ। ਹੁਣ ਤੀਜਾ ਮੈਚ ਜਿੱਤ ਕੇ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਸੀਰੀਜ਼ ਵਿਚ ਬੜ੍ਹਤ ਲੈਣਾ ਚਾਹੁਣਗੇ।
ਸੈਂਚੁਰੀਅਨ 'ਚ ਭਾਰਤੀ ਟੀਮ ਦਾ ਰਿਕਾਰਡ
ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਸੈਂਚੁਰੀਅਨ ਦੇ ਇਸ ਸਟੇਡੀਅਮ ਵਿੱਚ ਸਿਰਫ਼ ਇੱਕ ਟੀ-20 ਮੈਚ ਖੇਡਿਆ ਸੀ। 21 ਫਰਵਰੀ 2018 ਨੂੰ ਖੇਡੇ ਗਏ ਇਸ ਮੈਚ ਵਿੱਚ ਦੱਖਣੀ ਅਫਰੀਕਾ ਨੇ 6 ਵਿਕਟਾਂ ਨਾਲ ਹਰਾਇਆ ਸੀ। ਮੌਜੂਦਾ ਸੀਰੀਜ਼ 'ਚ ਉਸ ਪੁਰਾਣੀ ਅਫਰੀਕੀ ਟੀਮ ਦੇ 3 ਖਿਡਾਰੀ ਵੀ ਖੇਡ ਰਹੇ ਹਨ। ਇਹ ਕਲਾਸੇਨ, ਡੇਵਿਡ ਮਿਲਰ ਅਤੇ ਰੀਜ਼ਾ ਹੈਂਡਰਿਕਸ ਹਨ।