IRE vs IND 2nd T20 : ਭਾਰਤ ਨੇ ਆਇਰਲੈਂਡ ਨੂੰ 33 ਦੌੜਾਂ ਨਾਲ ਹਰਾ ਕੇ ਸੀਰੀਜ਼ ਕੀਤੀ ਆਪਣੇ ਨਾਂ

Sunday, Aug 20, 2023 - 11:12 PM (IST)

IRE vs IND 2nd T20 : ਭਾਰਤ ਨੇ ਆਇਰਲੈਂਡ ਨੂੰ 33 ਦੌੜਾਂ ਨਾਲ ਹਰਾ ਕੇ ਸੀਰੀਜ਼ ਕੀਤੀ ਆਪਣੇ ਨਾਂ

ਡਬਲਿਨ (ਭਾਸ਼ਾ) : ਰਿਤੂਰਾਜ ਗਾਇਕਵਾੜ, ਸੰਜੂ ਸੈਮਸਨ ਤੇ ਰਿੰਕੂ ਸਿੰਘ ਦੀਆਂ ਧਮਾਕੇਦਾਰ ਪਾਰੀਆਂ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਮੇਜ਼ਬਾਨ ਆਇਰਲੈਂਡ ਨੂੰ ਦੂਜੇ ਟੀ-20 ’ਚ 33 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ’ਚ 2-0 ਨਾਲ ਅਜੇਤੂ ਬੜ੍ਹਤ ਹਾਸਲ ਕਰ ਲਈ। ਟੀਮ ਇੰਡੀਆ ਨੇ ਟਾਸ ਹਾਰ ਜਾਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ 5 ਵਿਕਟਾਂ ’ਤੇ 185 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ ਤੋਂ ਬਾਅਦ ਆਇਰਲੈਂਡ ਨੂੰ 8 ਵਿਕਟਾਂ ’ਤੇ 152 ਦੌੜਾਂ ’ਤੇ ਰੋਕ ਦਿੱਤਾ। ਭਾਰਤ ਨੇ ਪਹਿਲਾ ਮੁਕਾਬਲਾ ਡਕਵਰਥ ਲੂਈਸ ਨਿਯਮ ਦੇ ਤਹਿਤ 2 ਦੌੜਾਂ ਨਾਲ ਜਿੱਤਿਆ ਸੀ। ਸੀਰੀਜ਼ ਦਾ ਤੀਜਾ ਤੇ ਆਖਰੀ ਮੁਕਾਬਲਾ 23 ਅਗਸਤ ਨੂੰ ਖੇਡਿਆ ਜਾਵੇਗਾ।

ਇਸ ਤੋਂ ਪਹਿਲਾਂ ਗਾਇਕਵਾੜ ਨੇ 43 ਗੇਂਦਾਂ ’ਤੇ 6 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 58 ਦੌੜਾਂ ਬਣਾਈਆਂ, ਜਦਕਿ ਸੰਜੂ ਸੈਮਸਨ ਨੇ 26 ਗੇਂਦਾਂ ’ਚ 40 ਦੌੜਾਂ ਬਣਾਈਆਂ, ਜਿਸ ਵਿੱਚ 5 ਚੌਕੇ ਤੇ 1 ਛੱਕਾ ਸ਼ਾਮਲ ਸੀ। ਆਈ. ਪੀ. ਐੱਲ. ਸਟਾਰ ਤੇ ‘ਮੈਨ ਆਫ਼ ਦਿ ਮੈਚ’ ਰਿੰਕੂ ਸਿੰਘ ਨੇ 21 ਗੇਂਦਾਂ ’ਤੇ 2 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 38 ਦੌੜਾਂ ਬਣਾਈਆਂ। ਭਾਰਤੀ ਪਾਰੀ ਦਾ ਆਗਾਜ਼ ਕਾਫੀ ਹਮਲਾਵਰ ਰਿਹਾ, ਜਦੋਂ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੇ ਜੋਸ਼ ਲਿਟਲ ਦੀ ਗੇਂਦ ’ਤੇ 2 ਚੌਕੇ ਤੇ 1 ਛੱਕਾ ਲਾਇਆ। ਭਾਰਤ ਦੀਆਂ 2 ਵਿਕਟਾਂ 35 ਦੌੜਾਂ ’ਤੇ ਡਿੱਗ ਗਈਆਂ ਸਨ, ਜਿਸ ਤੋਂ ਬਾਅਦ ਸੈਮਸਨ ਤੇ ਗਾਇਕਵਾੜ ਨੇ ਤੀਜੀ ਵਿਕਟ ਲਈ 71 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ 12ਵੇਂ ਓਵਰ ’ਚ 100 ਦੌੜਾਂ ਦੇ ਪਾਰ ਪਹੁੰਚਾਇਆ।

ਸੈਮਸਨ ਨੇ 11ਵੇਂ ਓਵਰ ’ਚ ਜੋਸ਼ ਲਿਟਲ ਦਾ ਚੰਗਾ ਕੁਟਾਪਾ ਚਾੜ੍ਹਿਆ। ਗਾਇਕਵਾੜ ਨੇ ਇਸ ਵਿਚਾਲੇ ਵ੍ਹਾਈਟ ਦੀ ਗੇਂਦ ’ਤੇ ਪੁਲ ਸ਼ਾਟ ਖੇਡ ਕੇ ਟੀ-20 ਕ੍ਰਿਕਟ ’ਚ ਆਪਣਾ ਦੂਜਾ ਅਰਧ ਸੈਂਕੜਾ ਪੂਰਾ ਕੀਤਾ। ਉਸ ਨੇ ਵ੍ਹਾਈਟ ਦੇ ਸਿਰ ਦੇ ਉੱਪਰ ਤੋਂ ਛੱਕਾ ਲਾਇਆ। ਗਾਇਕਵਾੜ ਦੀ ਪਾਰੀ ਦਾ ਅੰਤ ਮੈਕਾਰਥੀ ਦੀ ਹੌਲੀ ਗੇਂਦ ’ਤੇ ਹੋਇਆ। ਰਿੰਕੂ ਤੇ ਸ਼ਿਵਮ ਦੂਬੇ ਨੇ 19ਵੇਂ ਤੇ 20ਵੇਂ ਓਵਰ ਵਿਚ ਕ੍ਰਮਵਾਰ 22 ਤੇ 20 ਦੌੜਾਂ ਬਣਾਈਆਂ।

 

ਦੋਵੇਂ ਦੇਸ਼ਾਂ ਦੀ ਪਲੇਇੰਗ 11

ਭਾਰਤ : ਯਸ਼ਸਵੀ ਜਾਇਸਵਾਲ, ਰੁਤੂਰਾਜ ਗਾਇਕਵਾੜ, ਤਿਲਕ ਵਰਮਾ, ਸੰਜੂ ਸੈਮਸਨ (ਵਿਕਟਕੀਪਰ), ਰਿੰਕੂ ਸਿੰਘ, ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਪ੍ਰਸਿਧ ਕ੍ਰਿਸ਼ਨਾ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ (ਕਪਤਾਨ), ਰਵੀ ਬਿਸ਼ਨੋਈ

ਆਇਰਲੈਂਡ : ਐਂਡਰਿਊ ਬਲਬੀਰਨੀ, ਪਾਲ ਸਟਰਲਿੰਗ (ਕਪਤਾਨ), ਲੋਰਕਨ ਟਕਰ (ਵਿਕਟਕੀਪਰ), ਹੈਰੀ ਟੇਕਟਰ, ਕਰਟਿਸ ਕੈਮਫਰ, ਜਾਰਜ ਡੌਕਰੇਲ, ਮਾਰਕ ਐਡੇਅਰ, ਬੈਰੀ ਮੈਕਕਾਰਥੀ, ਕ੍ਰੇਗ ਯੰਗ, ਜੋਸ਼ੂਆ ਲਿਟਲ, ਬੈਂਜਾਮਿਨ ਵ੍ਹਾਈਟ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News