India vs Australia, 2nd Test Day 1: ਪਹਿਲੇ ਦਿਨ ਦੀ ਖੇਡ ਖ਼ਤਮ, ਭਾਰਤ ਦਾ ਸਕੋਰ 21/0
Friday, Feb 17, 2023 - 06:19 PM (IST)

ਨਵੀਂ ਦਿੱਲੀ (ਭਾਸ਼ਾ)- ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਉਸਮਾਨ ਖਵਾਜਾ (81 ਦੌੜਾਂ) ਅਤੇ ਪੀਟਰ ਹੈਂਡਸਕੌਮ (ਅਜੇਤੂ 72 ਦੌੜਾਂ) ਦੇ ਅਰਧ ਸੈਂਕੜੇ ਦੇ ਦਮ 'ਤੇ ਭਾਰਤ ਵਿਰੁੱਧ ਸ਼ੁੱਕਰਵਾਰ ਨੂੰ ਇੱਥੇ ਦੂਜੇ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਪਹਿਲੀ ਪਾਰੀ 'ਚ 263 ਦੌੜਾਂ ਬਣਾਈਆਂ। ਭਾਰਤ ਲਈ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ 4 ਵਿਕਟਾਂ ਲਈਆਂ, ਜਦਕਿ ਸਪਿਨਰ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਨੇ 3-3 ਵਿਕਟਾਂ ਲਈਆਂ।
ਸਲਾਮੀ ਬੱਲੇਬਾਜ਼ ਉਸਮਾਨ ਖਵਾਜਾ (81) ਅਤੇ ਪੀਟਰ ਹੈਂਡਸਕੌਮ (ਅਜੇਤੂ 72) ਦੇ ਯੋਗਦਾਨ ਨੇ ਆਸਟਰੇਲੀਆ ਨੂੰ 250 ਦੌੜਾਂ ਦੇ ਪਾਰ ਪਹੁੰਚਾਇਆ। ਖਵਾਜਾ ਆਪਣਾ 14ਵਾਂ ਟੈਸਟ ਸੈਂਕੜਾ ਲਗਾਉਣ ਲਈ ਤਿਆਰ ਨਜ਼ਰ ਆ ਰਿਹਾ ਸੀ ਪਰ ਦੁਪਹਿਰ ਦੇ ਸੈਸ਼ਨ ਵਿੱਚ ਕੇਐਲ ਰਾਹੁਲ ਦੁਆਰਾ ਇੱਕ ਸ਼ਾਨਦਾਰ ਕੈਚ ਨੇ ਸਲਾਮੀ ਬੱਲੇਬਾਜ਼ ਦੀ ਪਾਰੀ ਦਾ ਅੰਤ ਕਰ ਦਿੱਤਾ। ਕਪਤਾਨ ਪੈਟ ਕਮਿੰਸ ਨੇ 59 ਗੇਂਦਾਂ 'ਤੇ 33 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਜਿਸ 'ਚ ਤਿੰਨ ਚੌਕੇ ਅਤੇ ਦੋ ਛੱਕੇ ਸ਼ਾਮਲ ਸਨ। ਭਾਰਤ ਚਾਰ ਮੈਚਾਂ ਦੀ ਸੀਰੀਜ਼ 'ਚ 1-0 ਨਾਲ ਅੱਗੇ ਹੈ।
ਇਸ ਤੋਂ ਬਾਅਦ ਭਾਰਤੀ ਟੀਮ ਨੇ ਬੱਲੇਬਾਜ਼ੀ ਕਰਦੇ ਹੋਏ ਪਹਿਲੇ ਦਿਨ ਦੇ ਸਟੰਪ ਤੱਕ ਬਿਨਾਂ ਕੋਈ ਵਿਕਟ ਗੁਆਏ 21 ਦੌੜਾਂ ਬਣਾਈਆਂ। ਭਾਰਤ ਵੱਲੋਂ ਕਪਤਾਨ ਰੋਹਿਤ ਸ਼ਰਮਾ ਅਜੇਤੂ 12 ਅਤੇ ਕੇ.ਐੱਲ. ਰਾਹੁਲ ਅਜੇਤੂ 4 ਦੌੜਾਂ ਨਾਲ ਕ੍ਰੀਜ਼ 'ਤੇ ਮੌਜੂਦ ਹਨ।