IND vs AUS : ਆਸਟਰੇਲੀਆ ਨੇ ਭਾਰਤ ਨੂੰ 34 ਦੌੜਾਂ ਨਾਲ ਹਰਾਇਆ

01/12/2019 4:33:42 PM

ਸਿਡਨੀ— ਝਾਯ ਰਿਚਰਡਸਨ (4 ਵਿਕਟ) ਦੀ ਬਿਹਤਰੀਨ ਗੇਂਦਬਾਜ਼ੀ ਦੀ ਬਦੌਲਤ ਆਸਟਰੇਲੀਆ ਨੇ ਸਿਡਨੀ 'ਚ ਖੇਡੇ ਗਏ ਪਹਿਲੇ ਵਨ ਡੇ 'ਚ ਭਾਰਤ ਨੂੰ 34 ਦੌੜਾਂ ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਆਸਟਰੇਲੀਆ ਨੇ ਤਿੰਨ ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਸੀਰੀਜ਼ ਦਾ ਦੂਜਾ ਵਨ ਡੇ ਮੈਚ 15 ਜਨਵਰੀ ਨੂੰ ਐਡੀਲੇਡ 'ਚ ਖੇਡਿਆ ਜਾਵੇਗਾ। ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕੀਤੀ ਅਤੇ ਨਿਰਧਾਰਤ 50 ਓਵਰਾਂ 'ਚ ਪੰਜ ਵਿਕਟਾਂ ਗੁਆ ਕੇ 288 ਦੌੜਾਂ ਬਣਾਈਆਂ। ਜਵਾਬ 'ਚ ਟੀਮ ਇੰਡੀਆ ਨੇ 50 ਓਵਰਾਂ 'ਚ 9 ਵਿਕਟਾਂ ਗੁਆ ਕੇ 254 ਦੌੜਾਂ ਹੀ ਬਣਾ ਸਕੀ। ਟੀਮ ਇੰਡੀਆ ਦੇ ਹਿਟਮੈਨ ਰੋਹਿਤ ਸ਼ਰਮਾ ਦੇ ਸੈਂਕੜੇ 'ਤੇ ਪਾਣੀ ਫਿਰ ਗਿਆ।

ਸਿਡਨੀ ਕ੍ਰਿਕਟ ਗਰਾਊਂਡ 'ਤੇ 289 ਦੌੜਾਂ ਦੇ ਚੁਣੌਤੀਪੂਰਨ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਆਪਣਾ ਪਹਿਲਾ ਵਨ ਡੇ ਖੇਡ ਰਹੇ ਜੇਸਨ ਬੇਹਰਨਡੋਰਫ ਨੇ ਪਹਿਲੇ ਓਵਰ ਦੀ ਆਖਰੀ ਗੇਂਦ 'ਤੇ ਸ਼ਿਖਰ ਧਵਨ ਨੂੰ ਐੱਲ.ਬੀ.ਡਬਲਿਊ ਆਊਟ ਕਰ ਦਿੱਤਾ। ਧਵਨ ਆਪਣੀ ਪਹਿਲੀ ਗੇਂਦ ਦਾ ਸਾਹਮਣਾ ਕਰ ਰਹੇ ਸਨ। ਉਹ ਬਿਨਾ ਖਾਤਾ ਖੋਲੇ ਆਊਟ ਹੋਏ। ਝਾਏ ਰਿਚਰਡਸ ਨੇ ਪਾਰੀ ਦੇ ਚੌਥੇ ਓਵਰ 'ਚ ਟੀਮ ਇੰਡੀਆ ਨੂੰ ਸਭ ਤੋਂ ਵੱਡਾ ਝਟਕਾ ਦਿੱਤਾ। ਉਨ੍ਹਾਂ ਨੇ ਕਪਤਾਨ ਵਿਰਾਟ ਕੋਹਲੀ ਨੂੰ ਸਕੁਆਇਰ ਲੈੱਗ 'ਤੇ ਮਾਰਕਸ ਸਟੋਈਨਿਸ ਦੇ ਹੱਥੋਂ ਕੈਚ ਆਊਟ ਕਰਾ ਕੇ ਟੀਮ ਦਾ ਦੂਜਾ ਵਿਕਟ ਲਿਆ। ਇਸੇ ਓਵਰ ਦੀ ਪੰਜਵੀਂ ਗੇਂਦ 'ਤੇ ਰਿਚਰਡਸ ਨੇ ਅੰਬਾਤੀ ਰਾਇਡੂ ਨੂੰ ਐੱਲ.ਬੀ.ਡਬਲਿਊ ਆਊਟ ਕਰਕੇ ਟੀਮ ਇੰਡੀਆ ਨੂੰ ਦਬਾਅ 'ਚ ਲਿਆ ਦਿੱਤਾ। ਰਾਇਡੂ ਖਾਤਾ ਵੀ ਨਾ ਖੋਲ ਸਕੇ। ਮੈਚ ਦੇ ਦੌਰਾਨ ਭਾਰਤ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਧੋਨੀ ਨੂੰ 51 ਦੌੜਾਂ ਦੇ ਨਿੱਜੀ ਸਕੋਰ 'ਤੇ ਬੇਹਰਨਡੋਰਫ ਨੇ ਐੱਲ.ਬੀ.ਡਬਲਿਊ. ਆਊਟ ਕਰ ਦਿੱਤਾ। ਧੋਨੀ ਨੇ ਇਸ ਦੌਰਾਨ 3 ਚੌਕੇ ਅਤੇ 1 ਛੱਕਾ ਲਾਇਆ। ਦਿਨੇਸ਼ ਕਾਰਤਿਕ ਕੁਝ ਖਾਸ ਨਾ ਕਰ ਸਕੇ ਅਤੇ 12 ਦੌੜਾਂ ਦੇ ਨਿੱਜੀ ਸਕੋਰ 'ਤੇ ਝਾਏ ਰਿਚਰਡਸਨ ਦੀ ਗੇਂਦ 'ਤੇ ਬੋਲਡ ਹੋ ਗਏ। ਰਵਿੰਦਰ ਜਡੇਜਾ 8 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਟੀਮ ਇੰਡੀਆ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਰੋਹਿਤ ਸ਼ਰਮਾ 133 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਰੋਹਿਤ ਸਟੋਈਨਿਸ ਦੀ ਗੇਂਦ 'ਤੇ ਮੈਕਸਵੇਲ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। 

ਇਸ ਤੋਂ ਪਹਿਲਾਂ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਜਾ ਰਹੇ ਪਹਿਲੇ ਵਨ ਡੇ ਮੈਚ 'ਚ ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 50 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 288 ਦੌੜਾਂ ਬਣਾਈਆਂ । ਇਸ ਤਰ੍ਹਾਂ ਆਸਟਰੇਲੀਆ ਨੇ ਭਾਰਤ ਨੂੰ ਮੈਚ ਜਿੱਤਣ ਲਈ 289 ਦੌੜਾਂ ਦਾ ਟੀਚਾ ਦਿੱਤਾ ।

PunjabKesari

ਟੀਮ ਇੰਡੀਆ ਖਿਲਾਫ ਸ਼ਨੀਵਾਰ ਨੂੰ ਪਹਿਲੇ ਵਨ ਡੇ ਮੈਚ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟਰੇਲੀਆ ਦੀ ਸ਼ੁਰੂਆਤ ਬੇਹੱਦ ਖਰਾਬ ਹੋਈ। ਆਸਟਰੇਲੀਆ ਦੇ ਪਹਿਲੇ ਬੱਲੇਬਾਜ਼ੀ ਕਰਨ ਦੇ ਫੈਸਲੇ ਨੂੰ ਭੁਵਨੇਸ਼ਵਰ ਕੁਮਾਰ ਨੇ ਗਲਤ ਸਾਬਤ ਕਰ ਦਿੱਤਾ। ਉਨ੍ਹਾਂ ਨੇ ਪਾਰੀ ਦੇ ਤੀਜੇ ਓਵਰ 'ਚ ਕਪਤਾਨ ਆਰੋਨ ਫਿੰਚ (6) ਨੂੰ ਕਲੀਨ ਬੋਲਡ ਕਰ ਦਿੱਤਾ। ਇਸ ਤੋਂ ਬਾਅਦ ਐਲੇਕਸ ਕੈਰੀ ਨੇ ਉਸਮਾਨ ਖਵਾਜਾ ਦੇ ਨਾਲ ਦੂਜੇ ਵਿਕਟ ਲਈ 33 ਦੌੜਾਂ ਜੋੜਕੇ ਆਸਟਰੇਲੀਆਈ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ ਕੀਤੀ। ਪਰ ਟੀਮ ਇੰਡੀਆ ਦੇ ਚਾਈਨਾਮੈਨ ਕੁਲਦੀਪ ਯਾਦਵ ਨੇ ਕੈਰੀ ਨੂੰ ਰੋਹਿਤ ਸ਼ਰਮਾ ਦੇ ਹੱਥੋਂ ਕੈਚ ਆਊਟ ਕਰਾ ਕੇ ਇਸ ਸਾਂਝੇਦਾਰੀ ਨੂੰ ਤੋੜਿਆ ਅਤੇ ਮੇਜ਼ਬਾਨ ਟੀਮ ਨੂੰ ਦੂਜਾ ਝਟਕਾ ਦਿੱਤਾ। ਖਵਾਜਾ ਨੂੰ ਮਾਰਸ਼ ਦਾ ਸਾਥ ਮਿਲਿਆ ਅਤੇ ਦੋਵੇਂ ਆਸਟਰੇਲੀਆਈ ਪਾਰੀ ਨੂੰ ਸੰਭਾਲਣ 'ਚ ਲਗ ਗਏ। ਖਵਾਜਾ ਅਤੇ ਮਾਰਸ਼ ਨੇ ਤੀਜੇ ਵਿਕਟ ਲਈ 92 ਦੌੜਾਂ ਦੀ ਸਾਂਝੇਦਾਰੀ ਕੀਤੀ। ਖਵਾਜਾ ਨੇ ਆਪਣੇ ਵਨ ਡੇ ਕਰੀਅਰ ਦਾ ਪੰਜਵਾਂ ਅਰਧ ਸੈਂਕੜਾ ਲਗਾਇਆ ਪਰ ਰਵਿੰਦਰ ਜਡੇਜਾ ਨੇ ਖਵਾਜਾ ਨੂੰ ਐੱਲ.ਬੀ.ਡਬਲਿਊ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ। ਆਸਟਰੇਲੀਆ ਨੂੰ ਜ਼ੋਰ ਦਾ ਝਟਕਾ ਉਦੋਂ ਲੱਗਾ ਜਦੋਂ ਸ਼ਾਨ ਮਾਰਸ਼ 54 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਸ਼ਾਨ ਮਾਰਸ਼ ਕੁਲਦੀਪ ਯਾਦਵ ਦੀ ਗੇਂਦ 'ਤੇ ਮੁਹੰਮਦ ਸ਼ਮੀ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਆਸਟਰੇਲੀਆ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਪੀਟਰ ਹੈਂਡਸਕਾਂਬ 73 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਹੈਂਡਸਕਾਂਬ ਭੁਵਨੇਸ਼ਵਰ ਦੀ ਗੇਂਦ 'ਤੇ ਧਵਨ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਮਾਰਕਸ ਸਟੋਈਨਿਸ (47 ਦੌੜਾਂ) ਅਤੇ ਗਲੇਨ ਮੈਕਸਵੇਲ (11 ਦੌੜਾਂ) ਅਜੇਤੂ ਰਹੇ। ਭਾਰਤ ਲਈ ਭੁਵਨੇਸ਼ਵਰ ਕੁਮਾਰ ਨੇ 2, ਕੁਲਦੀਪ ਯਾਦਵ ਨੇ 2 ਅਤੇ ਰਵਿੰਦਰ ਜਡੇਜਾ ਨੇ ਇਕ ਵਿਕਟ ਲਿਆ।

PunjabKesari

ਆਸਟਰੇਲੀਆ ਨੂੰ 4 ਟੈਸਟ ਮੈਚਾਂ ਦੀ ਸੀਰੀਜ਼ 'ਚ 2-1 ਨਾਲ ਹਰਾਉਣ ਦੇ ਬਾਅਦ ਹੁਣ ਭਾਰਤੀ ਕ੍ਰਿਕਟ ਟੀਮ ਵਨ ਡੇ ਸੀਰੀਜ਼ 'ਚ ਜਿੱਤ ਹਾਸਲ ਕਰਨਾ ਚਾਹੇਗੀ। ਜੇਕਰ ਦੋਹਾਂ ਦੇਸ਼ਾਂ ਵਿਚਾਲੇ ਹੋਏ ਮੈਚਾਂ ਦੇ ਅੰਕੜੇ 'ਤੇ ਝਾਤ ਪਾਈਏ ਤਾਂ ਆਸਟਰੇਲੀਆ ਦਾ ਪਲੜਾ ਭਾਰੀ ਨਜ਼ਰ ਆਉਂਦਾ ਹੈ। ਪਰ 'ਵਿਰਾਟ ਬ੍ਰਿਗੇਡ' ਨੂੰ ਇਤਿਹਾਸ ਬਦਲਣ ਦੀ ਆਦਤ ਹੈ। ਅਜਿਹੇ 'ਚ ਉਮੀਦ ਹੈ ਕਿ ਭਾਰਤ ਜਿੱਤ ਦਰਜ ਕਰੇ। ਸਿਡਨੀ 'ਚ ਭਾਰਤ-ਆਸਟਰੇਲੀਆ ਵਿਚਾਲੇ ਅਜੇ ਤੱਕ 16 ਮੈਚ ਖੇਡੇ ਗਏ ਹਨ ਜਿਸ 'ਚ ਕੰਗਾਰੂਆਂ ਨੇ 13 'ਚ ਜਿੱਤ ਦਰਜ ਕੀਤੀ ਹੈ ਅਤੇ ਭਾਰਤ ਨੇ ਸਿਰਫ 2 ਮੁਕਾਬਲੇ ਜਿੱਤੇ ਹਨ। ਜਦਕਿ 1 ਮੈਚ ਬੇਨਤੀਜਾ ਰਿਹਾ। ਭਾਰਤ ਨੇ ਇੱਥੇ ਪਹਿਲਾ ਮੈਚ 18 ਦਸੰਬਰ 1980 'ਚ ਖੇਡਿਆ ਸੀ ਜੋ ਆਸਟਰੇਲੀਆ ਨੇ 9 ਵਿਕਟਾਂ ਨਾਲ ਜਿੱਤਿਆ ਸੀ ।

ਟੀਮਾਂ ਇਸ ਤਰ੍ਹਾਂ ਹਨ
ਭਾਰਤ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਅੰਬਾਤੀ ਰਾਇਡੂ, ਦਿਨੇਸ਼ ਕਾਰਤਿਕ, ਕੇਦਾਰ ਜਾਧਵ, ਮਹਿੰਦਰ ਸਿੰਘ ਧੋਨੀ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ 'ਚੋਂ

ਆਸਟਰੇਲੀਆ (ਲਾਸਟ ਇਲੈਵਨ) : ਆਰੋਨ ਫਿੰਚ (ਕਪਤਾਨ), ਐਲੇਕਸ ਕੈਰੀ, ਉਸਮਾਨ ਖਵਾਜਾ, ਸ਼ਾਨ ਮਾਰਸ਼, ਪੀਟਰ ਹੈਂਡਸਕਾਂਬ, ਮਾਰਕਸ ਸਟੋਈਨਿਸ, ਗਲੇਨ ਮੈਕਸਵੇਲ, ਨਾਥਨ ਲੀਓਨ, ਪੀਟਰ ਸਿਡਲ, ਝਾਏ ਰਿਚਰਡਸਨ ਅਤੇ ਜੇਸਨ ਬੇਹਰੇਨਡੋਰਫ। 


Tarsem Singh

Content Editor

Related News