IND vs AUS : ਇਸ ਵਿਸ਼ਵ ਕੱਪ ''ਚ ਪਹਿਲੀ ਵਾਰ ਆਲ ਆਊਟ ਹੋਈ ਟੀਮ ਇੰਡੀਆ, ਜਾਣੋ ਕੀ ਕਹਿੰਦੇ ਨੇ ਅੰਕੜੇ
Sunday, Nov 19, 2023 - 09:19 PM (IST)
ਸਪੋਰਟਸ ਡੈਸਕ- ਵਿਸ਼ਵ ਕੱਪ 2023 ਦਾ ਫਾਈਨਲ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ 240 ਦੇ ਸਕੋਰ 'ਤੇ ਆਲ ਆਊਟ ਹੋ ਗਈ ਪਰ ਇਸ ਟੂਰਨਾਮੈਂਟ 'ਚ ਪਹਿਲੀ ਵਾਰ ਅਜਿਹਾ ਹੋਇਆ ਕਿ ਟੀਮ ਇੰਡੀਆ ਵਿਰੋਧੀ ਟੀਮ ਦੇ ਸਾਹਮਣੇ ਆਲ ਆਊਟ ਹੋ ਗਈ। ਦਰਅਸਲ, ਇਸ ਟੂਰਨਾਮੈਂਟ ਵਿੱਚ ਭਾਰਤ ਲਗਾਤਾਰ 10 ਮੈਚ ਜਿੱਤ ਕੇ ਫਾਈਨਲ ਵਿੱਚ ਪਹੁੰਚਿਆ ਹੈ ਅਤੇ ਇਨ੍ਹਾਂ ਸਾਰੇ ਮੈਚਾਂ ਵਿੱਚ ਭਾਰਤ ਇੱਕ ਵਾਰ ਵੀ ਆਲ ਆਊਟ ਨਹੀਂ ਹੋਇਆ ਹੈ।
ਟੀਮ ਇੰਡੀਆ ਪਹਿਲੀ ਵਾਰ ਟੂਰਨਾਮੈਂਟ 'ਚ ਆਲ ਆਊਟ ਹੋਈ
ਇਸ ਟੂਰਨਾਮੈਂਟ ਦੇ ਗਰੁੱਪ ਮੈਚ ਵਿੱਚ ਭਾਰਤ ਨੇ ਆਸਟਰੇਲੀਆ ਖ਼ਿਲਾਫ਼ ਛੇ ਵਿਕਟਾਂ ਬਾਕੀ ਰਹਿੰਦਿਆਂ ਮੈਚ ਜਿੱਤ ਲਿਆ। ਅਫਗਾਨਿਸਤਾਨ ਖਿਲਾਫ ਦੂਜੇ ਮੈਚ 'ਚ ਭਾਰਤ ਨੇ ਅੱਠ ਵਿਕਟਾਂ ਨਾਲ ਮੈਚ ਜਿੱਤ ਲਿਆ। ਤੀਜੇ ਮੈਚ ਵਿੱਚ ਟੀਮ ਇੰਡੀਆ ਨੇ ਪਾਕਿਸਤਾਨ ਵੱਲੋਂ ਦਿੱਤੇ 192 ਦੌੜਾਂ ਦੇ ਟੀਚੇ ਨੂੰ ਸੱਤ ਵਿਕਟਾਂ ਨਾਲ ਹਾਸਲ ਕਰ ਲਿਆ। ਬੰਗਲਾਦੇਸ਼ ਖਿਲਾਫ ਆਪਣੇ ਚੌਥੇ ਮੈਚ 'ਚ ਟੀਮ ਇੰਡੀਆ ਨੇ ਸੱਤ ਵਿਕਟਾਂ ਨਾਲ ਜਿੱਤ ਦਰਜ ਕੀਤੀ। ਨਿਊਜ਼ੀਲੈਂਡ ਨੂੰ ਪੰਜਵੇਂ ਮੈਚ ਵਿੱਚ ਚਾਰ ਵਿਕਟਾਂ ਨਾਲ ਹਰਾਇਆ ਗਿਆ ਸੀ।
ਛੇਵੇਂ ਮੈਚ ਵਿੱਚ ਭਰਾਤ ਨੇ ਇੰਗਲੈਂਡ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦਿਆਂ ਨੌਂ ਵਿਕਟਾਂ ਗੁਆ ਕੇ 229 ਦੌੜਾਂ ਬਣਾਈਆਂ। ਸੱਤਵੇਂ ਮੈਚ ਵਿੱਚ ਭਾਰਤ ਨੇ ਅੱਠ ਵਿਕਟਾਂ ਗੁਆ ਕੇ ਸ੍ਰੀਲੰਕਾ ਨੂੰ 357 ਦੌੜਾਂ ਦਾ ਟੀਚਾ ਦਿੱਤਾ ਸੀ। ਅੱਠਵੇਂ ਮੈਚ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਪੰਜ ਵਿਕਟਾਂ ਗੁਆ ਕੇ 326 ਦੌੜਾਂ ਬਣਾਈਆਂ ਸਨ। ਨੌਵੇਂ ਮੈਚ ਵਿੱਚ ਭਾਰਤ ਨੇ ਚਾਰ ਵਿਕਟਾਂ ਗੁਆ ਕੇ ਨੀਦਰਲੈਂਡ ਨੂੰ 410 ਦੌੜਾਂ ਦਾ ਟੀਚਾ ਦਿੱਤਾ ਸੀ। ਉਥੇ ਹੀ ਨਿਊਜ਼ੀਲੈਂਡ ਖਿਲਾਫ ਸੈਮੀਫਾਈਨਲ (ਦਸਵੇਂ ਮੈਚ) 'ਚ ਭਾਰਤ ਨੇ ਚਾਰ ਵਿਕਟਾਂ ਗੁਆ ਕੇ 397 ਦੌੜਾਂ ਬਣਾਈਆਂ ਸਨ। ਭਾਰਤ ਨੇ ਇਹ ਸਾਰੇ ਮੈਚ ਜਿੱਤੇ ਸਨ।
ਇਸ ਟੂਰਨਾਮੈਂਟ ਦੇ ਫਾਈਨਲ ਮੈਚ 'ਚ ਭਾਰਤ ਆਸਟ੍ਰੇਲੀਆ ਦੇ ਖਿਲਾਫ ਆਲ ਆਊਟ ਹੋ ਗਿਆ। ਜੇਕਰ ਹੁਣ ਤੱਕ ਖੇਡੇ ਗਏ ਸਾਰੇ ਵਿਸ਼ਵ ਕੱਪਾਂ ਦੇ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਟੀਮ ਇੰਡੀਆ 10 ਵਾਰ ਆਲ ਆਊਟ ਹੋ ਚੁੱਕੀ ਹੈ, ਜਿਸ 'ਚੋਂ ਭਾਰਤ ਨੂੰ 7 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਇਕ ਮੈਚ ਟਾਈ ਵੀ ਰਿਹਾ। ਵਿਸ਼ਵ ਕੱਪ 2011 ਵਿੱਚ ਹੀ ਭਾਰਤ ਨੇ ਵੈਸਟਇੰਡੀਜ਼ ਖ਼ਿਲਾਫ਼ ਆਲ ਆਊਟ ਹੋ ਕੇ ਮੈਚ ਜਿੱਤਿਆ ਸੀ। ਇਸ ਤੋਂ ਪਹਿਲਾਂ ਟੀਮ ਇੰਡੀਆ ਨੂੰ 2003 ਵਿਸ਼ਵ ਕੱਪ ਦੇ ਫਾਈਨਲ ਵਿੱਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਖ਼ਿਲਾਫ਼ ਫਾਈਨਲ ਮੈਚ ਵਿੱਚ ਆਸਟਰੇਲੀਆਈ ਵਿਕਟਕੀਪਰ ਜੋਸ਼ ਇੰਗਲਿਸ਼ ਪੰਜ ਕੈਚ ਲੈ ਕੇ ਵਿਸ਼ਵ ਕੱਪ ਵਿੱਚ ਅਜਿਹਾ ਕਰਨ ਵਾਲਾ ਪਹਿਲਾ ਵਿਕਟਕੀਪਰ ਬਣਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8