ਦੂਜਾ ਵਨ ਡੇ ਜਿੱਤਦਿਆਂ ਭਾਰਤ ਦੇ ਨਾਂ ਦਰਜ ਹੋਏ ਇਹ 5 ਵੱਡੇ ਰਿਕਾਰਡ
Wednesday, Mar 06, 2019 - 05:21 PM (IST)

ਨਵੀਂ ਦਿੱਲੀ : ਭਾਰਤ ਅਤੇ ਆਸਟਰੇਲੀਆ ਖਿਲਾਫ ਨਾਗਪੁਰ ਵਿਚ ਹੋਏ ਦੂਜੇ ਵਨ ਡੇ ਵਿਚ ਕਈ ਪੁਰਾਣੇ ਰਿਕਾਰਡ ਟੁੱਟੇ ਅਤੇ ਕਈ ਨਵੇਂ ਰਿਕਾਰਡ ਬਣੇ। ਜਿੱਥੇ ਵਿਰਾਟ ਕੋਹਲੀ ਨੇ ਬੱਲੇਬਾਜ਼ੀ ਵਿਚ ਕਈ ਰਿਕਾਰਡ ਆਪਣੇ ਨਾਂ ਕੀਤੇ ਤਾਂ ਉੱਥੇ ਹੀ ਰਵਿੰਦਰ ਜਡੇਜਾ ਨੇ ਵੀ ਇਕ ਖਾਸ ਸੂਚੀ ਵਿਚ ਆਪਣੀ ਜਗ੍ਹਾ ਬਣਾਈ। ਦੂਜੇ ਵਨ ਡੇ ਵਿਚ ਇਹ ਖਾਸ ਰਿਕਾਰਡ ਬਣੇ।
500 ਵੀਂ ਜਿੱਤ
ਆਸਟਰੇਲੀਆ ਨੂੰ ਦੂਜੇ ਵਨ ਡੇ ਵਿਚ 8 ਵਿਕਟਾਂ ਨਾਲ ਹਰਾਉਂਦਿਆਂ ਭਾਰਤੀ ਟੀਮ ਨੇ ਵਨ ਡੇ ਮੈਚਾਂ ਵਿਚ ਆਪਣੀ 500ਵੀਂ ਜਿੱਤ ਦਰਜ ਕੀਤੀ ਅਤੇ ਸਭ ਤੋਂ ਵੱਧ ਜਿੱਤ ਦਰਜ ਕਰਨ ਵਾਲੀਆਂ ਟੀਮਾਂ ਵਿਚ ਦੂਜੇ ਸਥਾਨ 'ਤੇ ਆ ਗਏ। ਵਨ ਡੇ ਵਿਚ ਸਭ ਤੋਂ ਵੱਧ ਮੈਚਾਂ ਜਿੱਤਣ ਦਾ ਰਿਕਾਰਡ ਆਸਟਰੇਲੀਆ (558 ਮੈਚ) ਦੇ ਨਾਂ ਹੈ। ਇਹ ਰਿਕਾਰਡ ਧੋਨੀ ਲਈ ਇਸ ਲਈ ਵੀ ਖਾਸ ਬਣ ਜਾਂਦਾ ਹੈ ਕਿਉਂ ਕਿ ਉਹ ਭਾਰਤ ਦੀ 300ਵੀਂ, 350ਵੀਂ, 500ਵੀਂ, 450ਵੀਂ ਅਤੇ 500ਵੀਂ ਜਿੱਤ ਵਿਚ ਸ਼ਾਮਲ ਰਹੇ ਹਨ।
ਸਭ ਤੋਂ ਤੇਜ਼ 9000 ਦੌੜਾਂ
ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵਨ ਡੇ ਵਿਚ ਬਤੌਰ ਸਭ ਤੋਂ ਤੇਜ਼ 9000 ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਂ ਕੀਤਾ ਹੈ। ਉਸ ਨੇ ਇਹ ਕਮਾਲ 159 ਪਾਰੀਆਂ ਵਿਚ ਕੀਤਾ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਆਸਟਰੇਲੀਆ ਦੇ ਰਿਕੀ ਪੌਂਟਿੰਗ ਦੇ ਨਾਂ ਸੀ ਜਿਸ ਨੇ ਬਤੌਰ 9000 ਦੌੜਾਂ 204 ਪਾਰੀਆਂ ਵਿਚ ਪੂਰੀਆਂ ਕੀਤੀਆਂ ਸੀ।
ਸਭ ਤੋਂ ਤੇਜ਼ 1000 ਚੌਕੇ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵਨ ਡੇ ਵਿਚ ਸਭ ਤੋਂ ਤੇਜ਼ 1000 ਚੌਕੇ ਮਾਰਨ ਦਾ ਕਾਰਨਾਮਾ ਕੀਤਾ ਹੈ। ਉਸ ਨੇ ਇਹ ਚੌਕੇ 216 ਪਾਰੀਆਂ ਵਿਚ ਪੂਰੇ ਕੀਤੇ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਭਾਰਤ ਦੇ ਸਾਬਕਾ ਧਾਕੜ ਬੱਲੇਬਾਜ਼ ਵਰਿੰਦਰ ਸਹਿਵਾਗ ਦੇ ਨਾਂ ਸੀ ਜਿਸ ਨੇ 1000 ਚੌਕੇ ਲਾਉਣ ਲਈ 221 ਪਾਰੀਆਂ ਦਾ ਖੇਡੀਆਂ।
ਸਚਿਨ ਦੀ ਬਰਾਬਰੀ
ਕੋਹਲੀ ਨੇ ਆਸਟਰੇਲੀਆ ਖਿਲਾਫ ਦੂਜੇ ਵਨ ਡੇ ਵਿਚ 116 ਪਾਰੀਆਂ ਖੇਡਦਿਆਂ ਹੀ ਵਨ ਡੇ ਵਿਚ ਆਪਣਾ 40ਵਾਂ ਸੈਂਕੜਾ ਪੂਰਾ ਕਰ ਲਿਆ। ਟੀਚੇ ਦਾ ਪਿੱਛਾ ਕਰਦਿਆਂ ਇਹ ਕੋਹਲੀ ਦਾ 33ਵਾਂ ਸੈਂਕੜਾ ਸੀ। ਇਸ ਮਾਮਲੇ ਵਿਚ ਕੋਹਲੀ ਨੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੀ ਬਰਾਬਰੀ ਕੀਤੀ ਹੈ।
ਜਡੇਜਾ ਨੇ ਵੀ ਬਣਾਈ ਖਾਸ ਸੂਚੀ 'ਚ ਜਗ੍ਹਾ
ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ ਨੇ ਦੂਜੇ ਵਨ ਡੇ ਵਿਚ 21 ਦੌੜਾਂ ਬਣਾਉਂਦਿਆਂ ਅਤੇ ਗੇਂਦਬਾਜ਼ੀ ਕਰਦਿਆਂ ਇਕ ਵਿਕਟ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਜਡੇਜਾ ਵਨ ਡੇ ਕ੍ਰਿਕਟ ਵਿਚ 2000 ਦੌੜਾਂ ਬਣਾਉਣ ਦੇ ਨਾਲ-ਨਾਲ 150 ਵਿਕਟ ਹਾਸਲ ਕਰਨ ਵਾਲੇ ਤੀਜੇ ਭਾਰਤੀ ਖਿਡਾਰੀ ਬਣ ਗਏ ਹਨ। ਉਸ ਤੋਂ ਪਹਿਲਾਂ ਇਹ ਕਾਰਨਾਮਾ ਭਾਰਤ ਦੇ ਸਾਬਕਾ ਮਹਾਨ ਆਲਰਾਊਂਡਰ ਕਪਿਲ ਦੇਵ ਅਤੇ ਸਚਿਨ ਤੇਂਦੁਲਕਰ ਨੇ ਕੀਤਾ ਹੈ।