ਰੋਹਿਤ ’ਤੇ ਰਹਿਣਗੀਆਂ ਨਜ਼ਰਾਂ, ਕੋਹਲੀ ਨਹੀਂ ਖੇਡੇਗਾ ਪਹਿਲਾ ਟੀ-20
Wednesday, Jan 10, 2024 - 07:56 PM (IST)
ਸਪੋਰਟਸ ਡੈਸਕ–ਭਾਰਤ ਤੇ ਅਫਗਾਨਿਸਤਾਨ ਵਿਚਾਲੇ ਸੀਮਤ ਓਵਰਾਂ ਦੀ ਪਹਿਲੀ ਲੜੀ ਦੇ ਸ਼ੁਰੂਆਤੀ ਟੀ-20 ਮੈਚ ’ਚ ਵੀਰਵਾਰ ਸਾਰਿਆਂ ਦੀਆਂ ਨਜ਼ਰਾਂ ਰੋਹਿਤ ਸ਼ਰਮਾ ’ਤੇ ਟਿਕੀਆਂ ਹੋਣਗੀਆਂ ਕਿਉਂਕਿ ਵਿਰਾਟ ਕੋਹਲੀ ‘ਨਿੱਜੀ ਕਾਰਨਾਂ’ ਤੋਂ ਇਸ ਮੁਕਾਬਲੇ ਤੋਂ ਹਟ ਗਿਆ ਹੈ। ਕੋਹਲੀ ਹਾਲਾਂਕਿ ਦੂਜੇ ਤੇ ਤੀਜੇ ਟੀ-20 ਕੌਮਾਂਤਰੀ ਲਈ ਉਪਲੱਬਧ ਹੋਵੇਗਾ। ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਨਾਲ ਗੱਲ ਕਰਨ ਤੋਂ ਪਹਿਲਾਂ ਭਾਰਤ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਦੱਸਿਆ ਕਿ ਕੋਹਲੀ ‘ਪਰਿਵਾਰਕ ਕਾਰਨਾਂ’ ਤੋਂ ਹਟ ਗਿਆ ਹੈ। ਰੋਹਿਤ ਤੇ ਕੋਹਲੀ 14 ਮਹੀਨਿਆਂ ਬਾਅਦ ਇਸ ਸਵਰੂਪ ਵਿਚ ਵਾਪਸੀ ਕਰ ਰਹੇ ਹਨ। ਜੂਨ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਤਿੰਨ ਮੈਚਾਂ ਦੀ ਇਹ ਲੜੀ ਭਾਰਤ ਲਈ ਆਖਰੀ ਹੈ ਤੇ ਇਸ ਤੋਂ ਅਮਰੀਕਾ ਤੇ ਵੈਸਟਇੰਡੀਜ਼ ਵਿਚ ਹੋਣ ਵਾਲੇ ਵਿਸ਼ਵ ਕੱਪ ਲਈ ਟੀਮ ਸੰਯੋਜਨ ਤਿਆਰ ਕਰਨ ਵਿਚ ਮਦਦ ਮਿਲੇਗੀ। ਵੈਸੇ ਆਖਰੀ-15 ਦੀ ਚੋਣ ਆਈ. ਪੀ. ਐੱਲ. ਵਿਚ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਹੋਣ ਦੀ ਸੰਭਾਵਨਾ ਹੈ ਕਿਉਂਕਿ ਉਹ ਵਿਸ਼ਵ ਕੱਪ ਤੋਂ ਠੀਕ ਪਹਿਲਾਂ ਹੋਵੇਗੀ। ਦ੍ਰਾਵਿੜ ਨੇ ਕਿਹਾ ਕਿ ਅਫਗਾਨਿਸਤਾਨ ਵਿਰੁੱਧ ਰੋਹਿਤ ਨੌਜਵਾਨ ਯਸ਼ਸਵੀ ਜਾਇਸਵਾਲ ਨਾਲ ਪਾਰੀ ਦਾ ਆਗਾਜ਼ ਕਰੇਗਾ। ਰੋਹਿਤ ਤੇ ਵਾਪਸੀ ਤੋਂ ਬਾਅਦ ਕੋਹਲੀ ਦਾ ਟੀਮ ਵਿਚ ਖੇਡਣਾ ਤੈਅ ਹੈ। ਅਫਗਾਨਿਸਤਾਨ ਟੀਮ ਆਪਣੇ ਸਟਾਰ ਸਪਿਨਰ ਰਾਸ਼ਿਦ ਖਾਨ ਦੇ ਬਿਨਾਂ ਉਤਰੇਗੀ ਜਿਹੜਾ ਨਵੰਬਰ ਵਿਚ ਕਮਰ ਦੀ ਸਰਜਰੀ ਤੋਂ ਬਾਅਦ ਤੋਂ ਅਜੇ ਤਕ ਪੂਰੀ ਤਰ੍ਹਾਂ ਨਾਲ ਫਿੱਟ ਨਹੀਂ ਹੈ।
ਇਹ ਵੀ ਪੜ੍ਹੋ- ਪੈਰਾ ਨਿਸ਼ਾਨੇਬਾਜ਼ ਸ਼ੀਤਲ ਸਮੇਤ 26 ਖਿਡਾਰੀਆਂ ਨੂੰ ਅਰਜੁਨ ਐਵਾਰਡ
ਅਫਗਾਨਿਸਤਾਨ ਦੇ ਕਪਤਾਨ ਇਬ੍ਰਾਹਿਮ ਜਦਰਾਨ ਨੇ ਮੈਚ ਤੋਂ ਪੂਰਬਲੀ ਸ਼ਾਮ ’ਤੇ ਕਿਹਾ,‘‘ਉਹ ਪੂਰੀ ਤਰ੍ਹਾਂ ਨਾਲ ਫਿੱਟ ਨਹੀਂ ਹੈ। ਸਾਨੂੰ ਉਸਦੀ ਕਮੀ ਮਹਿਸੂਸ ਹੋਵੇਗੀ ਤੇ ਉਸਦੇ ਨਾ ਹੋਣ ਨਾਲ ਸਾਡੇ ਪ੍ਰਦਰਸ਼ਨ ’ਤੇ ਅਸਰ ਪਵੇਗਾ ਪਰ ਸਾਨੂੰ ਹਰ ਤਰ੍ਹਾਂ ਦੇ ਹਾਲਾਤ ਲਈ ਤਿਆਰ ਰਹਿਣਾ ਪਵੇਗਾ।’’
ਦੂਜੇ ਪਾਸੇ ਰੋਹਿਤ ਦਰਸ਼ਕਾਂ ਦਾ ਚਹੇਤਾ ਹੈ ਤੇ ਉਸ ਦੇ ਖੇਡਣ ਨਾਲ ਭਾਰੀ ਸ਼ੀਤਲਹਿਰ ਦੇ ਬਾਵਜੂਦ ਮੋਹਾਲੀ ਵਿਚ ਇਸ ਮੈਚ ਨੂੰ ਲੈ ਕੇ ਕਾਫੀ ਰੋਮਾਂਚ ਹੈ। ਕਪਤਾਨ ਰੋਹਿਤ ਸ਼ਰਮਾ ਪਾਵਰਪਲੇਅ ਵਿਚ ਉਹ ਹੀ ਹਮਲਵਾਰ ਅੰਦਾਜ਼ ਦੁਹਰਾਉਣਾ ਚਾਹੇਗਾ ਜਿਹੜਾ ਉਸ ਨੇ ਵਨ ਡੇ ਵਿਸ਼ਵ ਕੱਪ ਵਿਚ ਦਿਖਾਇਆ ਸੀ।
ਪਿਛਲੇ ਹਫਤੇ ਦੱਖਣੀ ਅਫਰੀਕਾ ਤੋਂ ਪਰਤੀ ਟੀਮ ਬੁੱਧਵਾਰ ਨੂੰ ਲੜੀ ਦੇ ਪਹਿਲੇ ਮੈਚ ਤੋਂ ਇਕ ਦਿਨ ਪਹਿਲਾ ਹੀ ਇਕੱਠੀ ਹੋਵੇਗੀ। ਦੱਖਣੀ ਅਫਰੀਕਾ ਵਿਚ ਚੋਟੀਕ੍ਰਮ ਵਿਚ ਜ਼ਿੰਮੇਵਾਰੀ ਨਿਭਾਉਣ ਤੋਂ ਬਾਅਦ ਜਾਇਸਵਾਲ ਤੇ ਤਿਲਕ ਵਰਮਾ ਟੀਮ ਵਿਚ ਹਨ। ਸ਼ੁਭਮਨ ਗਿੱਲ ਵੀ ਟੀਮ ਦਾ ਹਿੱਸਾ ਹੈ। ਦੱਖਣੀ ਅਫਰੀਕਾ ਵਿਚ ਗਿੱਲ ਦਾ ਪ੍ਰਦਰਸ਼ਨ ਓਨਾ ਚੰਗਾ ਨਹੀਂ ਰਿਹਾ ਤੇ ਚੋਟੀਕ੍ਰਮ ਲਈ ਤੇਜ਼ ਹੁੰਦੀ ਮੁਕਾਬਲੇਬਾਜ਼ੀ ਵਿਚਾਲੇ ਉਸ ਨੂੰ ਅਫਗਾਨਿਸਤਾਨ ਵਿਰੁੱਧ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਦੱਖਣੀ ਅਫਰੀਕਾ ਵਿਚ ਰਿੰਕੂ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਮੱਧਕ੍ਰਮ ਵਿਚ ਜ਼ਖ਼ਮੀ ਸੂਰਯਕੁਮਾਰ ਯਾਦਵ ਤੇ ਹਾਰਦਿਕ ਪੰਡਯਾ ਦੀ ਗੈਰ-ਮੌਜੂਦਗੀ ਵਿਚ ਉਸਦੀ ਭੂਮਿਕਾ ਅਹਿਮ ਹੋਵੇਗੀ।
ਇਹ ਵੀ ਪੜ੍ਹੋ- ਸਿੰਧੂ ਤੇ ਪ੍ਰਣਯ ਕਰਨਗੇ ਬੈਡਮਿੰਟਨ ਏਸ਼ੀਆ ਟੀਮ ਚੈਂਪਅਨਸ਼ਿਪ ’ਚ ਭਾਰਤੀ ਟੀਮ ਦੀ ਅਗਵਾਈ
ਈਸ਼ਾਨ ਕਿਸ਼ਨ ਟੀਮ ਵਿਚ ਨਹੀਂ ਹੈ ਤੇ ਵਿਕਟਕੀਪਿੰਗ ਦੇ ਬਦਲ ਲਈ ਜਿਤੇਸ਼ ਸ੍ਰਮਾ ਤੇ ਸੰਜੂ ਸੈਮਸਨ ਹੋਣਗੇ। ਪਿਛਲੀਆਂ ਦੋ ਲੜੀਆਂ ਵਿਚ ਵਿਕਟਕੀਪਿੰਗ ਕਰ ਚੁੱਕੇ ਜਿਤੇਸ਼ ਨੂੰ ਤਰਜੀਹ ਮਿਲਣ ਦੀ ਉਮੀਦ ਹੈ। ਸ਼ਿਵਮ ਦੂਬੇ ਵੀ ਟੀਮ ਵਿਚ ਹੈ ਤੇ ਤੇਜ਼ ਗੇਂਦਬਾਜ਼ ਆਲਰਾਂਡਰ ਦੇ ਰੂਪ ਵਿਚ ਖੇਡ ਸਕਦਾ ਹੈ। ਤੇਜ਼ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਅਰਸ਼ਦੀਪ ਸਿੰਘ, ਆਵੇਸ਼ ਖਾਨ ਤੇ ਮੁਕੇਸ਼ ਕੁਮਾਰ ’ਤੇ ਹੋਵੇਗੀ। ਸਪਿਨ ਦਾ ਦਾਰੋਮਦਾਰ ਕੁਲਦੀਪ ਯਾਦਵ ਸੰਭਾਲੇਗਾ ਜਦਕਿ ਦੂਜੇ ਬਦਲ ਦੀ ਚੋਣ ਅਕਸ਼ਰ ਪਟੇਲ, ਰਵੀ ਬਿਸ਼ਨੋਈ ਤੇ ਵਾਸ਼ਿੰਗਟਨ ਸੁੰਦਰ ਵਿਚੋਂ ਹੋਵੇਗਾ। ਭਾਰਤ ਵਿਚ ਵਨ ਡੇ ਵਿਸ਼ਵ ਕੱਪ ਵਿਚ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਹੈਰਾਨ ਕਰਨ ਵਾਲੀ ਅਫਗਾਨਿਸਤਾਨ ਟੀਮ ਦੇ ਹੌਸਲੇ ਬੁਲੰਦ ਹਨ ਤੇ ਇਹ ਸਵਰੂਪ ਉਨ੍ਹਾਂ ਨੂੰ ਰਾਸ ਵੀ ਆਉਂਦਾ ਹੈ। ਰਾਸ਼ਿਦ ਦੀ ਗੈਰ-ਮੌਜੂਦਗੀ ਦੇ ਬਾਵਜੂਦ ਟੀਮ ਕੋਲ ਮੁਜੀਬ ਜਦਰਾਨ, ਨਵੀਨ ਉਲ ਹੱਕ ਤੇ ਫਜ਼ਲਹੱਕ ਫਾਰੂਕੀ ਵਰਗੇ ਸ਼ਾਨਦਾਰ ਖਿਡਾਰੀ ਵੀ ਹਨ।
ਟੀਮਾਂ ਇਸ ਤਰ੍ਹਾਂ ਹਨ-ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜਾਇਸਵਾਲ, ਤਿਲਕ ਵਰਮਾ, ਰਿੰਕੂ ਸਿੰਘ, ਜਿਤੇਸ਼ ਸ਼ਰਮਾ, ਸੰਜੂ ਸੈਮਸਨ, ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ,ਆਵੇਸ਼ ਖਾਨ, ਮੁਕੇਸ਼ ਕੁਮਾਰ।
ਅਫਗਾਨਿਸਤਾਨ : ਇਬ੍ਰਾਹਿਮ ਜਦਰਾਨ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ, ਇਕਰਾਮ ਅਲੀਖਿਲ, ਹਜ਼ਰਤਉੱਲ੍ਹਾ ਜਜਈ, ਰਹਿਮਤ ਸ਼ਾਹ, ਨਜੀਬਉੱਲ੍ਹਾ ਜਦਰਾਨ, ਮੁਹੰਮਦ ਨਬੀ, ਕਰੀਮ ਜੰਨਤ, ਅਜਮਤਉੱਲ੍ਹਾ ਉਮਰਜਈ, ਸ਼ਰਾਫੂਉੱਦੀਨ ਅਸ਼ਰਫ, ਮੁਜੀਬ ਉਰ ਰਹਿਮਾਨ, ਫਜ਼ਲਹੱਕ ਫਾਰੂਕੀ, ਫਰੀਦ ਅਹਿਮਦ, ਨਵੀਨਉੱਲ ਹੱਕ, ਨੂਰ ਅਹਿਮਦ, ਮੁਹੰਮਦ ਸਲੀਮ, ਕੈਸ ਅਹਿਮਦ, ਗੁਲਬਦਿਨ ਨਾਇਬ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।