IND v ENG : ਲਾਰਾ, ਲਾਇਡ ਤੇ ਪੋਂਟਿੰਗ ਨੂੰ ਪਿੱਛੇ ਛੱਡ ਸੱਕਦੇ ਹਨ ਵਿਰਾਟ
Wednesday, Feb 03, 2021 - 11:29 PM (IST)
ਨਵੀਂ ਦਿੱਲੀ - ਭਾਰਤੀ ਕਪਤਾਨ ਅਤੇ ਰਨ ਮਸ਼ੀਨ ਵਿਰਾਟ ਕੋਹਲੀ ਇੰਗਲੈਂਡ ਖਿਲਾਫ 5 ਫਰਵਰੀ ਤੋਂ ਚੇਨਈ ’ਚ ਹੋਣ ਵਾਲੀ 4 ਟੈਸਟ ਮੈਚਾਂ ਦੀ ਸੀਰੀਜ਼ ’ਚ ਵੈਸਟਇੰਡੀਜ਼ ਦੇ 2 ਦਿੱਗਜ ਖਿਡਾਰੀਆਂ ਬ੍ਰਾਇਨ ਲਾਰਾ, ਕਲਾਇਵ ਲਾਇਡ ਅਤੇ ਆਸਟਰੇਲੀਆ ਦੇ ਦਿੱਗਜ ਬੱਲੇਬਾਜ਼ ਰਿਕੀ ਪੋਂਟਿੰਗ ਨੂੰ ਪਿੱਛੇ ਛੱਡ ਸਕਦੇ ਹਨ। ਵਿਰਾਟ ਨੇ ਕ੍ਰਿਕਟ ਦੇ ਤਿੰਨਾਂ ਫਾਰਮੈਟ ’ਚ ਕੁਲ 423 ਮੈਚਾਂ ’ਚ 22,286 ਦੌੜਾਂ ਬਣਾਈਆਂ ਹਨ। ਉਨ੍ਹਾਂ ਕੋਲ ਲਾਰਾ ਨੂੰ ਪਿੱਛੇ ਛੱਡਣ ਦਾ ਪੂਰਾ ਮੌਕਾ ਰਹੇਗਾ, ਜਿਨ੍ਹਾਂ ਦੇ ਨਾਮ 430 ਮੈਚਾਂ ’ਚ 22,358 ਦੌੜਾਂ ਹਨ। ਵਿਰਾਟ ਲਾਰਾ ਨੂੰ ਪਿੱਛੇ ਛੱਡਣ ਲਈ ਸਿਰਫ 73 ਦੌੜਾਂ ਦੀ ਲੋੜ ਹੈ ਅਤੇ ਇਹ ਕੰਮ ਉਹ ਚੇਨਈ ’ਚ ਪਹਿਲੇ ਟੈਸਟ ’ਚ ਕਰ ਸਕਦੇ ਹਨ।
ਭਾਰਤੀ ਕਪਤਾਨ ਤਿੰਨਾਂ ਫਾਰਮੈਟ ’ਚ ਸਭ ਤੋਂ ਜ਼ਿਆਦਾ ਸੈਂਕੜਾ ਬਣਾਉਣ ਦੇ ਮਾਮਲੇ ’ਚ ਆਸਟਰੇਲੀਆ ਦੇ ਸਾਬਕਾ ਕਪਤਾਨ ਪੋਂਟਿੰਗ ਨੂੰ ਵੀ ਪਿੱਛੇ ਛੱਡ ਸਕਦੇ ਹਨ। ਵਿਰਾਟ ਦੇ ਤਿੰਨਾਂ ਫਾਰਮੈੱਟ ’ਚ 423 ਮੈਚਾਂ ’ਚ 70 ਸੈਂਕੜੇ ਹਨ ਜਦੋਂਕਿ ਪੋਂਟਿੰਗ ਦੇ 560 ਮੈਚਾਂ ’ਚ ਤਿੰਨਾਂ ਫਾਰਮੈੱਟ ’ਚ 71 ਸੈਂਕੜੇ ਹਨ। ਵਿਰਾਟ ਨੂੰ ਪੋਂਟਿੰਗ ਤੋਂ ਅੱਗੇ ਨਿਕਲਣ ਲਈ 2 ਸੈਂਕੜਿਆਂ ਦੀ ਲੋੜ ਹੈ।
ਤਿੰਨਾਂ ਫਾਰਮੈਟ ’ਚ ਸਭ ਤੋਂ ਜ਼ਿਆਦਾ 100 ਸੈਂਕੜਿਆਂ ਦਾ ਰਿਕਾਰਡ ਕ੍ਰਿਕਟ ਲੀਜੈਂਡ ਭਾਰਤ ਦੇ ਸਚਿਨ ਤੇਂਦੁਲਕਰ ਦੇ ਨਾਂ ਹੈ। ਵਿਰਾਟ ਕੋਲ ਇੰਗਲੈਂਡ ਵਿਰੁੱਧ 4 ਟੈਸਟ ਮੈਚਾਂ ਦੀ ਸੀਰੀਜ਼ ’ਚ ਕਪਤਾਨ ਦੇ ਮਾਮਲੇ ’ਚ ਲਾਇਡ ਤੋਂ ਅੱਗੇ ਨਿਕਲਣ ਦਾ ਮੌਕਾ ਵੀ ਰਹੇਗਾ। ਵਿਰਾਟ ਨੇ ਆਪਣੀ ਕਪਤਾਨੀ ’ਚ 56 ਮੈਚਾਂ ’ਚ 33 ਮੈਚ ਜਿੱਤੇ ਹਨ, ਜਦੋਂਕਿ ਲਾਇਡ ਨੇ ਆਪਣੀ ਕਪਤਾਨੀ ’ਚ 74 ਮੈਚਾਂ ’ਚ 36 ਮੈਚ ਜਿੱਤੇ ਹਨ। ਲਾਇਡ ਦਾ ਮੁਕਾਬਲਾ ਕਰਨ ਲਈ ਵਿਰਾਟ ਨੂੰ ਇਸ ਸੀਰੀਜ਼ ’ਚ 3 ਟੈਸਟ ਜਿੱਤਣੇ ਹੋਣਗੇ, ਜਦੋਂਕਿ ਲਾਇਡ ਤੋਂ ਅੱਗੇ ਨਿਕਲਣ ਲਈ 4-0 ਦੀ ਕਲੀਨ ਸਵੀਪ ਕਰਨੀ ਹੋਵੇਗੀ।
ਟੈਸਟ ’ਚ ਆਪਣੀ ਕਪਤਾਨੀ ’ਚ ਸਭ ਤੋਂ ਜ਼ਿਆਦਾ ਮੈਚ ਜਿੱਤਣ ਦੇ ਮਾਮਲੇ ’ਚ ਵਿਰਾਟ ਇਸ ਸਮੇਂ 5ਵੇਂ ਨੰਬਰ ’ਤੇ ਹਨ। ਦੱਖਣ ਅਫਰੀਕਾ ਦੇ ਗਰੀਮ ਸਮਿਥ ਨੇ ਆਪਣੀ ਕਪਤਾਨੀ ’ਚ 109 ਟੈਸਟਾਂ ’ਚ 53 ਮੈਚ, ਆਸਟਰੇਲੀਆ ਦੇ ਰਿਕੀ ਪੋਂਟਿੰਗ ਨੇ 77 ਮੈਚਾਂ ’ਚ 48 ਟੈਸਟ, ਆਸਟਰੇਲੀਆ ਦੇ ਸਟੀਵ ਵਾ ਨੇ 57 ਟੈਸਟਾਂ ’ਚ 41 ਮੈਚ ਅਤੇ ਲਾਇਡ ਨੇ 74 ਟੈਸਟਾਂ ’ਚ 36 ਮੈਚ ਜਿੱਤੇ ਹਨ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।