IND v AUS : ਪੰਤ ਨੇ ਤੋੜਿਆ ਧੋਨੀ ਦਾ ਰਿਕਾਰਡ, ਹਾਸਲ ਕੀਤੀ ਇਹ ਉਪਲੱਬਧੀ
Tuesday, Jan 19, 2021 - 09:30 PM (IST)
ਬ੍ਰਿਸਬੇਨ- ਭਾਰਤ ਦੀ ਜਿੱਤ ਦੇ ਨਾਇਕਾਂ ਵਿਚ ਰਹੇ ਰਿਸ਼ਭ ਪੰਤ ਨੇ ਮਹਿੰਦਰ ਸਿੰਘ ਧੋਨੀ ਦਾ ਰਿਕਾਰਡ ਤੋੜ ਦਿੱਤਾ ਤੇ ਉਹ ਸਭ ਤੋਂ ਤੇਜ਼ 1000 ਟੈਸਟ ਦੌੜਾਂ ਬਣਾਉਣ ਵਾਲਾ ਭਾਰਤੀ ਵਿਕਟਕੀਪਰ ਬਣ ਗਿਆ ਹੈ। ਪੰਤ ਨੇ ਇਹ ਅੰਕੜਾ 27ਵੀਂ ਪਾਰੀ ਵਿਚ ਛੂਹਿਆ ਜਦਕਿ ਧੋਨੀ ਨੇ 32 ਟੈਸਟ ਪਾਰੀਆਂ ਵਿਚ 1000 ਦੌੜਾਂ ਪੂਰੀਆਂ ਕੀਤੀਆਂ ਸਨ।
ਇੰਗਲੈਂਡ ਵਿਰੁੱਧ 2018 ਵਿਚ ਟੈਸਟ ਕ੍ਰਿਕਟ ਵਿਚ ਡੈਬਿਊ ਕਰਨ ਵਾਲਾ ਪੰਤ ਇੰਗਲੈਂਡ ਤੇ ਆਸਟਰੇਲੀਆ ਵਿਚ ਸੈਂਕੜੇ ਲਾਉਣ ਵਾਲਾ ਭਾਰਤ ਦੇ ਇਕੱਲਾ ਵਿਕਟਕੀਪਰ ਬੱਲੇਬਾਜ਼ ਹੈ। ਪਿਛਲੀ ਵਾਰ 2018-19 ਦੇ ਆਸਟਰੇਲੀਆ ਦੌਰੇ ’ਤੇ ਵੀ ਉਸ ਨੇ ਸਿਡਨੀ ਵਿਚ ਅਜੇਤੂ 159 ਦੌੜਾਂ ਬਣਾਈਆਂ ਸਨ, ਜਿਹੜਾ ਉਸਦਾ ਸਰਵਉੱਚ ਟੈਸਟ ਸਕੋਰ ਹੈ। ਹੁਣ ਤਕ ਉਹ 16 ਟੈਸਟਾਂ ਵਿਚ 1088 ਦੌੜਾਂ ਬਣਾ ਚੁੱਕਾ ਹੈ, ਜਿਸ ਵਿਚ ਦੋ ਸੈਂਕੜੇ ਤੇ ਚਾਰ ਅਰਧ ਸੈਂਕੜੇ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਨੌਜਵਾਨ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (91), ਟੀਮ ਇੰਡੀਆ ਦੀ ਦੀਵਾਰ ਚੇਤੇਸ਼ਵਰ ਪੁਜਾਰਾ (56) ਤੇ ਪ੍ਰਤਿਭਾਸ਼ਾਲੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (ਅਜੇਤੂ 89) ਦੀ ਚਮਤਕਾਰੀ ਬੱਲੇਬਾਜ਼ੀ ਨਾਲ ਭਾਰਤ ਨੇ ਬ੍ਰਿਸਬੇਨ ਦੇ ਗਾਬਾ ਮੈਦਾਨ ’ਤੇ ਆਸਟਰੇਲੀਆ ਨੂੰ ਚੌਥੇ ਤੇ ਆਖਰੀ ਕ੍ਰਿਕਟ ਟੈਸਟ ਦੇ 5ਵੇਂ ਦਿਨ ਮੰਗਲਵਾਰ ਨੂੰ 3 ਵਿਕਟਾਂ ਨਾਲ ਹਰਾ ਕੇ ਨਵਾਂ ਇਤਿਹਾਸ ਰਚ ਦਿੱਤਾ। ਭਾਰਤ ਨੇ ਪਹਿਲੀ ਵਾਰ ਬ੍ਰਿਸਬੇਨ ਵਿਚ ਟੈਸਟ ਜਿੱਤ ਹਾਸਲ ਕੀਤੀ ਤੇ 4 ਮੈਚਾਂ ਦੀ ਸੀਰੀਜ਼ ਨੂੰ 2-1 ਨਾਲ ਜਿੱਤ ਕੇ ਬਾਰਡਰ-ਗਾਵਸਕਰ ਟਰਾਫੀ ’ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।