ਹਰਮਨਪ੍ਰੀਤ ਭਾਰਤ ਲਈ ਮਹੱਤਵਪੂਰਨ ਖਿਡਾਰਨ : ਮਿਤਾਲੀ

Sunday, May 12, 2019 - 11:46 PM (IST)

ਹਰਮਨਪ੍ਰੀਤ ਭਾਰਤ ਲਈ ਮਹੱਤਵਪੂਰਨ ਖਿਡਾਰਨ : ਮਿਤਾਲੀ

ਜੈਪੁਰ- ਭਾਰਤੀ ਮਹਿਲਾ ਕ੍ਰਿਕਟ ਦੀਆਂ ਦੋ ਸਟਾਰ ਖਿਡਾਰਨਾਂ ਵਨ ਡੇ ਕਪਤਾਨ ਮਿਤਾਲੀ ਰਾਜ ਤੇ ਟੀ-20 ਕਪਤਾਨ ਹਰਮਨਪ੍ਰੀਤ ਕੌਰ ਵਿਚਾਲੇ ਭਾਵੇਂ ਕਿੰਨੇ ਵੀ ਮਤਭੇਦ ਹੋਣ ਪਰ ਮੈਦਾਨ 'ਤੇ ਪ੍ਰਦਰਸ਼ਨ ਲਈ ਮਿਤਾਲੀ ਨੇ ਹਰਮਨਪ੍ਰੀਤ ਦੀ ਜੰਮ ਕੇ ਸ਼ਲਾਘਾ ਕੀਤੀ। ਮਹਿਲਾ ਟੀ-20 ਟੂਰਨਾਮੈਂਟ ਦੇ ਰੋਮਾਂਚਕ ਫਾਈਨਲ ਮੁਕਾਬਲੇ ਵਿਚ ਸੁਪਰਨੋਵਾਜ਼ ਦੀ ਕਪਤਾਨ ਹਰਮਨਪ੍ਰੀਤ ਕੌਰ ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਕਾਰਨ ਵੇਲੋਸਿਟੀ ਦੇ ਹਾਰ ਜਾਣ ਨਾਲ ਕਪਤਾਨ ਮਿਤਾਲੀ ਰਾਜ ਨੇ ਹਰਮਨਪ੍ਰੀਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਭਾਰਤ ਲਈ ਮਹੱਤਵਪੂਰਨ ਖਿਡਾਰਨ ਹੈ। ਆਖਰੀ ਗੇਂਦ 'ਤੇ ਮੈਚ ਹਾਰ ਜਾਣ ਤੋਂ ਬਾਅਦ ਮਿਤਾਲੀ ਨੇ ਕਿਹਾ, ''ਸਾਡੇ ਉੱਪਰੀ ਕ੍ਰਮ ਦੇ ਬੱਲੇਬਾਜ਼ਾਂ ਦੇ ਬੇਹੱਦ ਘੱਟ ਸਕੋਰ 'ਤੇ ਆਊਟ ਹੋਣ ਤੋਂ ਬਾਅਦ ਐਮੇਲੀਆ ਕੇਰ ਤੇ ਸੁਸ਼ਮਾ ਵਰਮਾ ਵਿਚਾਲੇ ਸਾਂਝੇਦਾਰੀ ਬੇਹੱਦ ਮਹੱਤਵਪੂਰਨ ਸੀ। ਉਨ੍ਹਾਂ ਦੀ ਸਾਂਝੇਦਾਰੀ ਦੀ ਬਦੌਲਤ ਅਸੀਂ ਸਨਮਾਨਜਨਕ ਸਕੋਰ ਤਕ ਪਹੁੰਚਣ 'ਚ ਕਾਮਯਾਬ ਰਹੇ।''
ਟੀਮ ਦੇ ਪ੍ਰਦਰਸ਼ਨ 'ਤੇ ਉਸ ਨੇ ਕਿਹਾ, ''ਮੈਂ ਜਾਣਦੀ ਸੀ ਕਿ ਸਾਡੀ ਟੀਮ ਟੀਚੇ ਨੂੰ ਬਚਾਉਣ ਲਈ ਪੂਰੀ ਮਿਹਨਤ ਕਰੇਗੀ ਪਰ ਹਰਮਨਪ੍ਰੀਤ ਦੀ ਸ਼ਾਨਦਾਰ ਪਾਰੀ ਕਾਰਨ ਉਹ ਮੈਚ ਜਿੱਤਣ ਵਿਚ ਕਾਮਯਾਬ ਰਹੇ। ਕੁਲ ਮਿਲਾ ਕੇ ਖਿਡਾਰੀਆਂ ਨੇ ਪਹਿਲੇ ਮੁਕਾਬਲੇ ਤੋਂ ਹੁਣ ਤਕ ਚੰਗਾ ਪ੍ਰਦਰਸ਼ਨ ਕੀਤਾ ਤੇ ਜਿਸ ਤਰ੍ਹਾਂ ਉਹ ਫਾਈਨਲ ਮੁਕਾਬਲੇ ਵਿਚ ਖੇਡੇ, ਉਸ 'ਤੇ ਮੈਨੂੰ ਮਾਣ ਹੈ।''
ਮਿਤਾਲੀ ਨੇ ਇਸ ਟੂਰਨਾਮੈਂਟ ਵਿਚ ਘਰੇਲੂ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ, ''ਜੇਕਰ ਖਿਡਾਰਨਾਂ ਨੂੰ ਅਜਿਹੇ ਮੌਕੇ ਮਿਲਣਗੇ ਤਾਂ ਹੋਰ ਵੱਧ ਸਿੱਖ ਸਕਣਗੀਆਂ। ਸ਼ੇਫਾਲੀ ਵਰਮਾ ਤੇ ਦੇਵਿਕਾ ਨੇ ਆਪਣਾ ਪਹਿਲਾ ਮੁਕਾਬਲਾ ਖੇਡਿਆ। ਸਾਡੀ ਗੇਂਦਬਾਜ਼ੀ ਵਿਚ ਤਜਰਬੇ ਦੀ ਕਮੀ ਸੀ ਪਰ ਗੇਂਦਬਾਜ਼ ਯੋਜਨਾਵਾਂ 'ਤੇ ਟਿਕੀਆਂ ਰਹੀਆਂ, ਜਿਸ ਦੀ ਵਜ੍ਹਾ ਨਾਲ ਮੈਚ 'ਚ ਇੰਨੇ ਨੇੜੇ ਜਾ ਸਕੇ। ''


author

Gurdeep Singh

Content Editor

Related News