ICC T20 CWC : ਆਇਰਲੈਂਡ ਨੇ ਪਾਕਿਸਤਾਨ ਦੇ ਛੁਡਾਏ ''ਪਸੀਨੇ'', 3 ਵਿਕਟਾਂ ਨਾਲ ਪਾਕਿ ਦੀ ਸੰਘਰਸ਼ਪੂਰਨ ਜਿੱਤ
Monday, Jun 17, 2024 - 12:04 AM (IST)
ਸਪੋਰਟਸ ਡੈਸਕ- ਪਾਕਿਸਤਾਨ ਤੇ ਆਇਰਲੈਂਡ ਵਿਚਾਲੇ ਖੇਡੇ ਗਏ ਟੀ-20 ਵਿਸ਼ਵ ਕੱਪ ਮੁਕਾਬਲੇ 'ਚ ਪਾਕਿਸਤਾਨ ਨੇ ਰੋਮਾਂਚਕ ਅੰਦਾਜ਼ 'ਚ ਆਇਰਲੈਂਡ ਨੂੰ 3 ਵਿਕਟਾਂ ਨਾਲ ਹਰਾ ਕੇ ਜਿੱਤ ਨਾਲ ਟੂਰਨਾਮੈਂਟ ਤੋਂ ਵਿਦਾਈ ਲਈ ਹੈ। ਹਾਲਾਂਕਿ ਇਹ ਜਿੱਤ ਪਾਕਿਸਤਾਨ ਲਈ ਆਸਾਨ ਨਹੀਂ ਰਹੀ ਤੇ ਆਇਰਲੈਂਡ ਦੀ ਟੀਮ ਨੇ ਪਾਕਿਸਤਾਨ ਨੂੰ ਸਖ਼ਤ ਟੱਕਰ ਦਿੱਤੀ।
ਇਸ ਤੋਂ ਪਹਿਲਾਂ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਇਰਲੈਂਡ ਦੀ ਟੀਮ ਪਾਕਿਸਤਾਨ ਦੀ ਖ਼ਤਰਨਾਕ ਗੇਂਦਬਾਜ਼ੀ ਦਾ ਸਾਹਮਣਾ ਕਰਦੇ ਹੋਏ 20 ਓਵਰਾਂ 'ਚ 9 ਵਿਕਟਾਂ ਗੁਆ ਕੇ 106 ਦੌੜਾਂ ਹੀ ਬਣਾ ਸਕੀ ਸੀ।
ਇਸ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਟੀਮ ਨੂੰ ਮੁਹੰਮਦ ਰਿਜ਼ਵਾਨ ਤੇ ਸਾਇਮ ਆਯੂਬ ਨੇ ਤੇਜ਼ ਸ਼ੁਰੂਆਤ ਦਿਵਾਈ ਤੇ ਦੋਵਾਂ ਨੇ 17-17 ਦੌੜਾਂ ਬਣਾਈਆਂ। ਇਨ੍ਹਾਂ ਤੋਂ ਬਾਅਦ ਕਪਤਾਨ ਬਾਬਰ ਆਜ਼ਮ ਨੇ 34 ਗੇਂਦਾਂ 'ਚ 32 ਦੌੜਾਂ ਦੀ ਕਪਤਾਨੀ ਪਾਰੀ ਖੇਡੀ ਤੇ ਦੂਜੇ ਪਾਸੇ ਤੋਂ ਲਗਾਤਾਰ ਡਿੱਗ ਰਹੀਆਂ ਵਿਕਟਾਂ ਕਾਰਨ ਮੁਸ਼ਕਲ 'ਚ ਫਸੀ ਟੀਮ ਨੂੰ ਮੁਸ਼ਕਲ ਸਥਿਤੀ 'ਚੋਂ ਬਾਹਰ ਕੱਢਿਆ। ਆਇਰਲੈਂਡ ਵੱਲੋਂ ਬੈਰੀ ਮਕਾਰਥੀ (4 ਓਵਰ,15 ਦੌੜਾਂ ਤੇ 3 ਵਿਕਟਾਂ) ਤੇ ਕਰਟਿਸ ਕੈਂਫਰ (4 ਓਵਰ, 24 ਦੌੜਾਂ, 2 ਵਿਕਟਾਂ) ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਪਾਕਿਸਤਾਨ ਨੂੰ ਆਸਾਨੀ ਨਾਲ ਮੁਕਾਬਲਾ ਜਿੱਤਣ ਨਾ ਦਿੱਤਾ।
ਅੱਬਾਸ ਅਫਰੀਦੀ ਨੇ ਵੀ 21 ਗੇਂਦਾਂ 'ਚ 17 ਦੌੜਾਂ ਦੀ ਪਾਰੀ ਖੇਡੀ। ਅੰਤ 'ਚ ਆ ਕੇ ਸ਼ਾਹੀਨ ਸ਼ਾਹ ਅਫਰੀਦੀ ਨੇ 5 ਗੇਂਦਾਂ 'ਚ 2 ਛੱਕਿਆਂ ਦੀ ਬਦੌਲਤ 13 ਦੌੜਾਂ ਦੀ ਪਾਰੀ ਖੇਡੀ ਤੇ ਛੱਕਾ ਮਾਰ ਕੇ ਟੀਮ ਨੂੰ ਜਿੱਤ ਦਿਵਾਈ। ਇਸ ਤਰ੍ਹਾਂ ਪਾਕਿਸਤਾਨ ਨੇ 18.5 ਓਵਰਾਂ 'ਚ ਇਹ ਮੁਕਾਬਲਾ 3 ਵਿਕਟਾਂ ਨਾਲ ਆਪਣੇ ਨਾਂ ਕਰ ਲਿਆ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਪਹਿਲਾਂ ਹੀ ਸੁਪਰ-8 'ਚ ਪਹੁੰਚਣ ਦੀ ਰੇਸ 'ਚੋਂ ਬਾਹਰ ਹੋ ਚੁੱਕੀ ਹੈ। ਇਸ ਜਿੱਤ ਦਾ ਪਾਕਿਸਤਾਨ ਨੂੰ ਕੋਈ ਫ਼ਾਇਦਾ ਨਹੀਂ ਹੋਇਆ ਹੈ। ਗਰੁੱਪ ਸਟੇਜ 'ਚ ਯੂ.ਐੱਸ.ਏ. ਹੱਥੋਂ ਹਾਰ ਜਾਣ ਤੋਂ ਬਾਅਦ ਪਾਕਿਸਤਾਨ ਦੀਆਂ ਸੁਪਰ-8 'ਚ ਪਹੁੰਚਣ ਦੀਆਂ ਉਮੀਦਾਂ ਨੂੰ ਤਕੜਾ ਝਟਕਾ ਲੱਗਿਆ ਸੀ। ਇਸ ਤੋਂ ਬਾਅਦ ਯੂ.ਐੱਸ.ਏ. ਦੇ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ ਪਾਕਿਸਤਾਨ ਨੂੰ ਟੂਰਨਾਮੈਂਟ ਤੋਂ ਬਾਹਰ ਹੋਣਾ ਪੈ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e