ICC ਨੇ ਨਵੇਂ ਕੋਵਿਡ-19 ਵੈਰੀਏਂਟ ਦੇ ਆਉਣ ਤੋਂ ਬਾਅਦ ਮਹਿਲਾ ਵਿਸ਼ਵ ਕੱਪ ਕੁਆਲੀਫ਼ਾਇਰ ਕੀਤੇ ਰੱਦ
Saturday, Nov 27, 2021 - 06:31 PM (IST)
ਦੁਬਈ- ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਅਫ਼ਰੀਕੀ ਖੇਤਰ 'ਚ ਕੋਵਿਡ-19 ਦੇ ਬੇਹੱਦ ਖ਼ਤਰਨਾਕ ਸਵਰੂਪ ਓਮੀਕ੍ਰੋਨ ਦਾ ਪਤਾ ਲੱਗਣ ਦੇ ਬਾਅਦ ਅਗਲੇ ਸਾਲ ਹੋਣ ਵਾਲੇ ਮਹਿਲਾ ਵਨ-ਡੇ ਵਿਸ਼ਵ ਕੱਪ ਦੇ ਲਈ ਹਰਾਰੇ 'ਚ ਕੁਆਲੀਫ਼ਾਇਰ ਸ਼ਨੀਵਾਰ ਨੂੰ ਰੱਦ ਕਰ ਦਿੱਤੇ ਜਿਸ ਨਾਲ ਰੈਂਕਿੰਗ ਦੇ ਆਧਾਰ 'ਤੇ ਪਾਕਿਸਤਾਨ, ਵੈਸਟਇੰਡੀਜ਼ ਤੇ ਬੰਗਲਾਦੇਸ਼ ਨੇ ਕੁਆਲੀਫ਼ਾਈ ਕੀਤਾ। ਦੱਖਣੀ ਅਫ਼ਰੀਕਾ 'ਚ ਨਵੇਂ ਸਵਰੂਪ ਦੇ ਪਤਾ ਲਗਣ ਦੇ ਬਾਅਦ ਦੁਨੀਆ ਭਰ 'ਚ ਡਰ ਪੈਦਾ ਹੋ ਗਿਆ ਹੈ ਜਿਸ ਨਾਲ ਕਈ ਅਫ਼ਰੀਕੀ ਦੇਸ਼ਾਂ ਦੀ ਯਾਤਰਾ 'ਤੇ ਬੈਨ ਲਾ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਤਿੰਨ 'ਚੋਂ ਦੋ ਨਿਰਧਾਰਤ ਮੈਚਾਂ ਦਾ ਖੇਡ- ਜ਼ਿੰਬਾਬਵੇ ਬਨਾਮ ਪਾਕਿਸਤਾਨ ਤੇ ਅਮਰੀਕਾ ਬਨਾਮ ਥਾਈਲੈਂਡ, ਸ਼ੁਰੂ ਹੋ ਗਿਆ ਸੀ। ਪਰ ਦਿਨ ਦਾ ਤੀਜਾ ਮੈਚ ਵੈਸਟਇੰਡੀਜ਼ ਤੇ ਸ਼੍ਰੀਲੰਕਾ ਦਰਮਿਆਨ ਨਹੀਂ ਕਰਵਾਇਆ ਜਾ ਸਕਿਆ ਕਿਉਂਕਿ ਸ਼੍ਰੀਲੰਕਾਈ ਟੀਮ ਦੇ ਸਹਿਯੋਗੀ ਕਰਮਚਾਰੀਆਂ ਦਾ ਇਕ ਮੈਂਬਰ ਕੋਵਿਡ-19 ਪਾਜ਼ੇਟਿਵ ਪਾਇਆ ਗਿਆ। ਆਈ. ਸੀ. ਸੀ ਦੇ ਟੂਰਨਾਮੈਂਟ ਪ੍ਰਮੁੱਖ ਕ੍ਰਿਸ ਟੇਟਲੇ ਨੇ ਕਿਹਾ ਕਿ ਅਸੀਂ ਬਚੇ ਹੋਏ ਟੂਰਨਾਮੈਂਟ ਨੂੰ ਰੱਦ ਕਰਕੇ ਕਾਫ਼ੀ ਨਿਰਾਸ਼ ਹਾਂ ਪਰ ਇੰਨੇ ਘੱਟ ਸਮੇਂ 'ਚ ਲਾਈਆਂ ਗਈਆਂ ਕਈ ਅਫ਼ਰੀਕੀ ਦੇਸ਼ਾਂ 'ਚ ਯਾਤਰਾ ਪਾਬੰਦੀਆਂ ਕਾਰਨ ਗੰਭੀਰ ਜੋਖ਼ਮ ਸੀ ਕਿ ਟੀਮਾਂ ਆਪਣੇ ਵਤਨ ਪਰਤਨ 'ਚ ਅਸਰਥ ਹੋਣਗੀਆਂ। ਚਾਰ ਮਾਰਚ ਤੋਂ ਤਿੰਨ ਅਪ੍ਰੈਲ ਤਕ ਨਿਊਜ਼ੀਲੈਂਡ 'ਚ ਹੋਣ ਵਾਲੇ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਾਲੀਆਂ ਟੀਮਾਂ ਆਸਟਰੇਲੀਆ, ਇੰਗਲੈਂਡ, ਭਾਰਤ, ਦੱਖਣੀ ਅਫ਼ਰੀਕਾ, ਨਿਊਜ਼ੀਲੈਂਡ (ਮੇਜ਼ਬਾਨ), ਪਾਕਿਸਤਾਨ, ਵੈਸਟਇੰਡੀਜ਼ ਤੇ ਬੰਗਲਾਦੇਸ਼ ਹਨ।