ਡੋਪਿੰਗ ਟੈਸਟ ''ਚ ਫੇਲ ਹੋਣ ''ਤੇ ਬੰਗਲਾਦੇਸ਼ ਦੇ ਸ਼ੋਹਿਦੁਲ ਇਸਲਾਮ ''ਤੇ ਲੱਗੀ 10 ਮਹੀਨਿਆਂ ਦੀ ਪਾਬੰਦੀ

07/15/2022 4:43:15 PM

ਦੁਬਈ (ਏਜੰਸੀ)- ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਵੀਰਵਾਰ ਨੂੰ ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਸ਼ੋਹਿਦੁਲ ਇਸਲਾਮ 'ਤੇ ਮਾਰਚ ਵਿਚ ਟੂਰਨਾਮੈਂਟ ਤੋਂ ਬਾਹਰ ਡੋਪ ਟੈਸਟ ਵਿਚ ਅਸਫ਼ਲ ਰਹਿਣ ਤੋਂ ਬਾਅਦ 10 ਮਹੀਨਿਆਂ ਲਈ ਪਾਬੰਦੀ ਲਗਾ ਦਿੱਤੀ। ਸ਼ੋਹਿਦੁਲ ਦੇ ਪਿਸ਼ਾਬ ਦੇ ਨਮੂਨੇ ਵਿੱਚ ਕਲੋਮੀਫੀਨ ਪਾਇਆ ਗਿਆ, ਜਿਸ ਨੂੰ ਵਾਡਾ ਦੀ ਪਾਬੰਦੀਸ਼ੁਦਾ ਸੂਚੀ ਅਧੀਨ ਨਿਰਧਾਰਿਤ ਪਦਾਰਥਾਂ ਦੀ ਸੂਚੀ ਵਿੱਚ ਰੱਖਿਆ ਗਿਆ ਹੈ। ਇਸ 'ਤੇ ਟੂਰਨਾਮੈਂਟ ਦੇ ਅੰਦਰ ਅਤੇ ਬਾਹਰ ਪਾਬੰਦੀ ਹੈ। ਆਈ.ਸੀ.ਸੀ. ਦੇ ਟੂਰਨਾਮੈਂਟ ਤੋਂ ਬਾਹਰ ਜਾਂਚ ਪ੍ਰੋਗਰਾਮ ਤਹਿਤ ਉਸ ਦੇ ਪਿਸ਼ਾਬ ਦਾ ਨਮੂਨਾ ਲਿਆ ਗਿਆ ਸੀ। ਆਈ.ਸੀ.ਸੀ. ਨੇ ਇੱਕ ਬਿਆਨ ਵਿੱਚ ਕਿਹਾ, "ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਸ਼ੋਹਿਦੁਲ ਇਸਲਾਮ 'ਤੇ ਆਈ.ਸੀ.ਸੀ. ਡੋਪਿੰਗ ਵਿਰੋਧੀ ਕੋਡ ਦੀ ਧਾਰਾ 2.1 ਦੀ ਉਲੰਘਣਾ ਕਰਨ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ 10 ਮਹੀਨਿਆਂ ਲਈ ਪਾਬੰਦੀ ਲਗਾਈ ਗਈ ਹੈ।"

ਇਸ ਵਿਚ ਅੱਗੇ ਕਿਹਾ ਗਿਆ, "ਉਲੰਘਣ ਨੂੰ ਸਵੀਕਾਰ ਕਰਨ ਤੋਂ ਬਾਅਦ, ਸ਼ੋਹਿਦੁਲ 'ਤੇ 10 ਮਹੀਨਿਆਂ ਲਈ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਪਾਬੰਦੀ ਲਗਾਈ ਗਈ ਹੈ।" ਮੁਅੱਤਲ ਕਰਦੇ ਹੋਏ, ਆਈ.ਸੀ.ਸੀ. ਨੇ ਹਾਲਾਂਕਿ ਪੁਸ਼ਟੀ ਕੀਤੀ ਕਿ ਸ਼ੋਹਿਦੁਲ ਨੇ ਅਣਜਾਣੇ ਵਿੱਚ ਦਵਾਈ ਦੇ ਰੂਪ ਵਿੱਚ ਪਾਬੰਦੀਸ਼ੁਦਾ ਪਦਾਰਥ ਦਾ ਸੇਵਨ ਕੀਤਾ ਸੀ ਜੋ ਉਸਨੂੰ ਇਲਾਜ ਦੇ ਉਦੇਸ਼ ਲਈ ਦਿੱਤਾ ਗਿਆ ਸੀ। ਇਹ 10 ਮਹੀਨੇ ਦੀ ਪਾਬੰਦੀ 28 ਮਈ ਤੋਂ ਸ਼ੁਰੂ ਹੋਵੇਗੀ, ਜਿਸ ਕਾਰਨ ਬੰਗਲਾਦੇਸ਼ ਦਾ ਇਹ ਤੇਜ਼ ਗੇਂਦਬਾਜ਼ 28 ਮਾਰਚ 2023 ਤੱਕ ਕ੍ਰਿਕਟ ਨਹੀਂ ਖੇਡ ਸਕੇਗਾ। 27 ਸਾਲਾ ਖਿਡਾਰੀ ਨੇ ਬੰਗਲਾਦੇਸ਼ ਲਈ ਸਿਰਫ਼ ਇਕ ਟੀ-20 ਖੇਡਿਆ ਹੈ, ਜਿਸ ਵਿਚ ਉਸ ਨੇ ਸੀਰੀਜ਼ ਦੇ ਤੀਜੇ ਅਤੇ ਆਖਰੀ ਮੈਚ ਵਿਚ ਮੁਹੰਮਦ ਰਿਜ਼ਵਾਨ ਦੀ ਵਿਕਟ ਲਈ ਸੀ ਜਿਸ ਵਿਚ ਪਾਕਿਸਤਾਨ 3-0 ਨਾਲ ਜਿੱਤਿਆ ਸੀ।


cherry

Content Editor

Related News