20 ਕਿੱਲੋ ਗਾਂਜੇ ਤੇ ਅਸਲੇ ਨਾਲ ਫੜ੍ਹਿਆ ਮੁਲਜ਼ਮ ਦੋਸ਼ੀ ਕਰਾਰ, 10 ਸਾਲ ਦੀ ਕੈਦ
Sunday, Mar 22, 2026 - 12:55 PM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ 20 ਕਿੱਲੋ 300 ਗ੍ਰਾਮ ਗਾਂਜੇ ਤੇ ਗ਼ੈਰ-ਕਾਨੂੰਨੀ ਹਥਿਆਰਾਂ ਸਮੇਤ ਫੜ੍ਹੇ ਗਏ ਇਕ ਵਿਅਕਤੀ ਨੂੰ ਦੋਸ਼ੀ ਠਹਿਰਾਉਂਦੇ ਹੋਏ 10 ਸਾਲ ਕੈਦ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਫ਼ੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਕਿਹਾ ਕਿ ਨਸ਼ੇ ਦੀ ਲਤ ਦੇਸ਼ ਦੇ ਨੌਜਵਾਨਾਂ ਤੇ ਸਮਾਜ ਦੇ ਹਰ ਪੱਖ ਤੋਂ ਭਵਿੱਖ ਨੂੰ ਬਰਬਾਦ ਕਰ ਰਹੀ ਹੈ। ਅਦਾਲਤ ਨੇ ਇਹ ਵੀ ਟਿੱਪਣੀ ਕੀਤੀ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਚਿੰਤਾਜਨਕ ਪੱਧਰ ’ਤੇ ਪਹੁੰਚ ਚੁੱਕੀ ਹੈ, ਜੋ ਦੇਸ਼ ਲਈ ਵੱਡਾ ਖ਼ਤਰਾ ਬਣ ਰਹੀ ਹੈ, ਇਸ ਲਈ ਅਜਿਹੇ ਮਾਮਲਿਆਂ ’ਚ ਸਖ਼ਤੀ ਲਾਜ਼ਮੀ ਹੈ। ਜਾਣਕਾਰੀ ਅਨੁਸਾਰ ਮੌਲੀਜਾਗਰਾਂ ਪੁਲਸ ਨੇ 12 ਸਤੰਬਰ 2023 ਨੂੰ ਇਲਾਕੇ ’ਚ ਗਸ਼ਤ ਦੌਰਾਨ ਦੋਸ਼ੀ ਨੂੰ 20 ਕਿੱਲੋ 300 ਗ੍ਰਾਮ ਗਾਂਜੇ ਸਮੇਤ ਕਾਬੂ ਕੀਤਾ ਸੀ। ਤਲਾਸ਼ੀ ਦੌਰਾਨ ਉਸ ਕੋਲੋਂ ਗ਼ੈਰ-ਕਾਨੂੰਨੀ ਹਥਿਆਰ ਵੀ ਬਰਾਮਦ ਕੀਤਾ ਗਿਆ। ਪੁਲਸ ਨੇ ਮੁਲਜ਼ਮ ਅਰੁਣ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਸੀ। ਅਦਾਲਤੀ ਕਾਰਵਾਈ ਦੌਰਾਨ ਪੇਸ਼ ਕੀਤੇ ਗਏ ਸਬੂਤਾਂ, ਗਵਾਹਾਂ ਤੇ ਦਲੀਲਾਂ ਨੂੰ ਧਿਆਨ ’ਚ ਰੱਖਦੇ ਹੋਏ ਅਦਾਲਤ ਨੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ।
ਸਜ਼ਾਵਾਂ ਇਕੱਠੇ ਚੱਲਣਗੀਆਂ
ਅਦਾਲਤ ਨੇ ਐੱਨ. ਡੀ. ਪੀ. ਐੱਸ. ਐਕਟ ਅਧੀਨ 10 ਸਾਲ ਕੈਦ, ਆਰਮਜ਼ ਐਕਟ ਅਧੀਨ 7 ਸਾਲ ਕੈਦ ਤੇ 2,000 ਰੁਪਏ ਜੁਰਮਾਨਾ, ਜਦੋਂ ਕਿ ਆਈ. ਪੀ. ਸੀ. ਦੀ ਧਾਰਾ 411 ਤਹਿਤ 6 ਮਹੀਨੇ ਦੀ ਵਾਧੂ ਸਜ਼ਾ ਸੁਣਾਈ ਹੈ। ਸਾਰੀਆਂ ਸਜ਼ਾਵਾਂ ਇਕੋ ਸਮੇਂ ਚੱਲਣਗੀਆਂ ਅਤੇ ਪਹਿਲਾਂ ਕੱਟੀ ਹਿਰਾਸਤ ਦੀ ਮਿਆਦ ਨੂੰ ਸਜ਼ਾ ’ਚ ਜੋੜਿਆ ਜਾਵੇਗਾ।
ਨਰਮੀ ਦੀ ਅਪੀਲ ਰੱਦ
ਸੁਣਵਾਈ ਦੌਰਾਨ ਦੋਸ਼ੀ ਨੇ ਆਪਣੇ ਆਪ ਨੂੰ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਦੱਸਦਿਆਂ ਨਰਮੀ ਦੀ ਮੰਗ ਕੀਤੀ, ਪਰ ਅਦਾਲਤ ਨੇ ਇਸ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ ਤੇ ਕਿਹਾ ਕਿ ਨਸ਼ੇ ਦੀ ਤਸਕਰੀ ਸਮਾਜ ਲਈ ਗੰਭੀਰ ਖ਼ਤਰਾ ਹੈ, ਜਿਸ ’ਤੇ ਕਾਬੂ ਪਾਉਣ ਲਈ ਸਖ਼ਤ ਸਜ਼ਾ ਜ਼ਰੂਰੀ ਹੈ।
