ਟੀ-20 ਵਿਸ਼ਵ ਕੱਪ ਮੁੱਦੇ 'ਤੇ ICC ਤੇ BCCI ਇਕ ਵਾਰ ਫਿਰ ਆਹਮੋ-ਸਾਹਮਣੇ
Thursday, Jun 18, 2020 - 11:01 AM (IST)

ਨਵੀਂ ਦਿੱਲੀ– ਅਾਸਟਰੇਲੀਅਾ ਵਿਚ ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਭਵਿੱਖ ਨੂੰ ਲੈ ਕੇ ਲਗਾਤਾਰ ਫੈਸਲਾ ਟਾਲਣ ਲਈ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਅਾਈ. ਸੀ. ਸੀ.) ਤੋਂ ਨਾਰਾਜ਼ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਅਾਈ.) ਨੇ ਮੌਜੂਦਾ ਚੇਅਰਮੈਨ ਸ਼ਸ਼ਾਂਕ ਮਨੋਹਰ ’ਤੇ ਜਾਣਬੁੱਝ ਕੇ ਇਸ ਮੁੱਦੇ ’ਤੇ ਅਾਪਣੀ ਟੰਗ ਅੜਾਉਣ ਦਾ ਦੋਸ਼ ਲਾਇਅਾ ਹੈ। ਕ੍ਰਿਕਟ ਅਾਸਟਰੇਲੀਅਾ ਦਾ ਚੇਅਰਮੈਨ ਅਰਲ ਐਂਡਿੰਗਸ ਇਕ ਵਾਰ ਫਿਰ 18 ਅਕਤੂਬਰ ਤੋਂ 15 ਨਵੰਬਰ ਤਕ ਹੋਣ ਵਾਲੇ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਨੂੰ ਲੈ ਕੇ ਅਾਪਣੇ ਬੋਰਡ ਦੀ ਅਸਮਰਥਾ ਜ਼ਾਹਿਰ ਕਰ ਚੁੱਕਾ ਹੈ ਤੇ ਅਜਿਹੇ ਵਿਚ ਬੀ. ਸੀ. ਸੀ. ਅਾਈ. ਦਾ ਮੰਨਣਾ ਹੈ ਕਿ ਅਾਈ. ਸੀ. ਸੀ. ਦੀ ਦੇਰੀ ਦੀ ਰਣਨੀਤੀ ਅਾਈ. ਪੀ. ਐੱਲ. ਦੀਅਾਂ ਤਿਅਾਰੀਅਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਬੀ. ਸੀ. ਸੀ.ਅਾਈ. ਦੇ ਇਕ ਸੀਨੀਅਰ ਅਧਿਕਾਰੀ ਨੇ ਨਾਂ ਜ਼ਾਹਿਰ ਨਾ ਕਰਨ ਦੀ ਸ਼ਰਤ ’ਤੇ ਦੱਸਿਅਾ, ‘‘ਮੌਜੂਦਾ ਅਾਈ. ਸੀ. ਸੀ. ਚੇਅਰਮੈਨ (ਮਨੋਹਰ) ਸ਼ਸ਼ੋਪੰਜ ਦੀ ਸਥਿਤੀ ਕਿਉਂ ਪੈਦਾ ਕਰ ਰਹੇ ਹਨ? ਜੇਕਰ ਮੇਜ਼ਬਾਨ ਕ੍ਰਿਕਟ ਬੋਰਡ ਟੀ-20 ਵਿਸ਼ਵ ਕੱਪ ਦਾ ਅਾਯੋਜਨ ਨਹੀਂ ਕਰਨਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਫੈਸਲੇ ਦਾ ਅੈਲਾਨ ਕਰਨ ਲਈ ਇਕ ਮਹੀਨਾ ਕਿਉਂ ਚਾਹੀਦਾ ਹੈ।’’ ਇਸ ਮਹੀਨੇ ਦੀ ਸ਼ੁਰੂਅਾਤ ਵਿਚ ਬੋਰਡ ਮੀਟਿੰਗ ਤੋਂ ਬਾਅਦ ਅਾਈ. ਸੀ. ਸੀ. ਨੇ ਇਕ ਮਹੀਨਾ ਹੋਰ ਇੰਤਜ਼ਾਰ ਕਰਨ ਦਾ ਫੈਸਲਾ ਕੀਤਾ ਹੈ ਤੇ ਕੋਵਿਡ-19 ਮਹਾਮਾਰੀ ਵਿਚਾਲੇ ਪ੍ਰਤੀਯੋਗਿਤਾ ਦੇ ਅਾਯੋਜਨ ਨੂੰ ਲੈ ਕੇ ਕੋਈ ਫੈਸਲਾ ਕਰਨ ਤੋਂ ਪਹਿਲਾਂ ਤੇ ਹੰਗਾਮੀ ਯੋਜਨਾਵਾਂ ’ਤੇ ਵਿਚਾਰ ਕਰਨਾ ਚਾਹੁੰਦਾ ਹੈ।