ਮੈਂ ਉਮਰਾਨ ਨੂੰ ਭਾਰਤੀ ਟੀਮ ''ਚ ਰੱਖਣਾ ਚਾਹਾਂਗਾ : ਰਵੀ ਸ਼ਾਸਤਰੀ
Wednesday, May 18, 2022 - 04:59 PM (IST)
ਮੁੰਬਈ (ਏਜੰਸੀ)- ਭਾਰਤੀ ਟੀਮ ਦੇ ਸਾਬਕਾ ਕੋਚ ਅਤੇ ਕਪਤਾਨ ਰਵੀ ਸ਼ਾਸਤਰੀ ਨੇ ਕਿਹਾ ਹੈ ਕਿ ਉਹ ਨੌਜਵਾਨ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਨੂੰ ਭਾਰਤੀ ਟੀਮ ਵਿਚ ਦੇਖਣਾ ਪਸੰਦ ਕਰਨਗੇ। ਸ਼ਾਸਤਰੀ ਦਾ ਮੰਨਣਾ ਹੈ ਕਿ ਜ਼ਰੂਰੀ ਨਹੀਂ ਕਿ ਉਸ ਨੂੰ ਹਰ ਮੈਚ 'ਚ ਖਿਡਾਇਆ ਜਾਵੇ, ਪਰ ਟੀਮ 'ਚ ਰਹਿਣ ਨਾਲ ਇਸ ਨੌਜਵਾਨ ਪ੍ਰਤਿਭਾ ਨੂੰ ਅੱਗੇ ਵਧਣ ਅਤੇ ਸੁਧਾਰ ਕਰਨ 'ਚ ਮਦਦ ਮਿਲੇਗੀ।
ਸ਼ਾਸਤਰੀ ਨੇ ਕਿਹਾ, 'ਜਿਵੇਂ-ਜਿਵੇਂ ਉਮਰਾਨ ਜ਼ਿਆਦਾ ਮੈਚ ਖੇਡੇਗਾ, ਉਹ ਬਿਹਤਰ ਹੋਵੇਗਾ। ਪੇਸ ਦਾ ਕੋਈ ਬਦਲ ਨਹੀਂ ਹੈ। ਜਦੋਂ ਤੱਕ ਉਸ ਨੂੰ ਪਹਿਲੀ ਵਿਕਟ ਨਹੀਂ ਮਿਲਦੀ, ਉਦੋਂ ਤੱਕ ਉਹ ਬਹੁਤ ਕੁੱਝ ਪ੍ਰਯੋਗ ਕਰਦਾ ਹੈ ਅਤੇ ਇਸ ਚੱਕਰ ਵਿਚ ਕਈ ਦੌੜਾਂ ਵੀ ਦਿੰਦਾ ਹੈ। ਪਰ ਇੱਕ ਵਾਰ ਜਦੋਂ ਉਹ ਵਿਕਟ ਹਾਸਲ ਕਰ ਲੈਂਦਾ ਹੈ, ਤਾਂ ਉਹ ਖ਼ਤਰਨਾਕ ਬਣ ਜਾਂਦਾ ਹੈ, ਸਹੀ ਲਾਈਨ-ਲੰਬਾਈ 'ਤੇ ਲਗਾਤਾਰ ਗੇਂਦਬਾਜ਼ੀ ਕਰਦਾ ਹੈ ਅਤੇ ਫਿਰ ਗੁੱਛਿਆਂ ਵਿੱਚ ਵਿਕਟਾਂ ਲੈਂਦਾ ਹੈ।'
ਰਵੀ ਨੇ ਅੱਗੇ ਕਿਹਾ, ''ਜੇਕਰ ਇਸ ਪ੍ਰਤਿਭਾ ਨੂੰ ਹੋਰ ਵਿਕਸਿਤ ਕਰਨਾ ਹੈ ਤਾਂ ਮੈਂ ਕਹਾਂਗਾ ਕਿ ਇਸ ਨੂੰ ਹਰ ਸੀਰੀਜ਼ 'ਚ ਭਾਰਤੀ ਟੀਮ ਦੇ ਨਾਲ ਰੱਖਣਾ ਚਾਹੀਦਾ ਹੈ। ਉਹ ਆਪਣੇ ਸਾਥੀ ਅਨੁਭਵੀ ਤੇਜ਼ ਗੇਂਦਬਾਜ਼ਾਂ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਦੇ ਨਾਲ ਬਹੁਤ ਕੁਝ ਸਿੱਖੇਗਾ ਅਤੇ ਆਪਣੀਆਂ ਕਮੀਆਂ ਨੂੰ ਦੂਰ ਕਰ ਸਕਦਾ ਹੈ। ਜੇਕਰ ਅਸੀਂ ਉਸ ਨੂੰ ਆਈ.ਪੀ.ਐੱਲ. ਤੋਂ ਬਾਅਦ ਇਸ ਤਰ੍ਹਾਂ ਛੱਡ ਦਿੰਦੇ ਹਾਂ ਤਾਂ ਉਹ ਭਟਕ ਵੀ ਸਕਦਾ ਹੈ। ਉਸ ਕੋਲ ਸਲਾਹ ਦੇਣ ਵਾਲੇ ਬਹੁਤ ਸਾਰੇ ਲੋਕ ਹੋਣਗੇ ਜੋ ਉਸਨੂੰ ਉਲਝਣ ਵਿੱਚ ਪਾ ਸਕਦੇ ਹਨ। ਇਸ ਲਈ ਉਸ ਨੂੰ ਭਾਰਤੀ ਟੀਮ ਨਾਲ ਰੱਖਣਾ ਮਹੱਤਵਪੂਰਨ ਹੈ।'' ਮੁੰਬਈ ਇੰਡੀਅਨਜ਼ ਦੇ ਖਿਲਾਫ ਮੈਚ 'ਚ ਉਮਰਾਨ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਤਿੰਨ ਵਿਕਟਾਂ ਲਈਆਂ, ਜਿਸ 'ਚ 12 ਡਾਟ ਗੇਂਦਾਂ ਸ਼ਾਮਲ ਸਨ। ਉਮਰਾਨ 150+ ਦੀ ਰਫਤਾਰ ਨਾਲ ਗੇਂਦਬਾਜ਼ੀ ਕਰਦੇ ਹੋਏ ਲਗਾਤਾਰ 21 ਵਿਕਟਾਂ ਲੈ ਚੁੱਕਾ ਹੈ।