ਆਈ. ਪੀ. ਐੱਲ. ''ਚ ਰਿਸ਼ਵਤ ਦਾ ਨਵਾਂ ਖੁਲਾਸਾ

Friday, Jul 20, 2018 - 01:04 AM (IST)

ਆਈ. ਪੀ. ਐੱਲ. ''ਚ ਰਿਸ਼ਵਤ ਦਾ ਨਵਾਂ ਖੁਲਾਸਾ

ਨਵੀਂ ਦਿੱਲੀ- ਦੁਨੀਆ ਦੀ ਸਭ ਤੋਂ ਮਸ਼ਹੂਰ ਟੀ-20 ਕ੍ਰਿਕਟ ਲੀਗ ਆਈ. ਪੀ. ਐੈੱਲ. ਆਨੇ-ਬਹਾਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਵੀ ਸੁਰਖੀਆਂ ਵਿਚ ਛਾਈ ਰਹਿੰਦੀ ਹੈ ਤੇ ਇਸ ਵਾਰ ਨਵਾਂ ਮਾਮਲਾ ਆਈ. ਪੀ. ਐੱਲ. ਵਿਚ ਖਿਡਾਰੀਆਂ ਦੀ ਚੋਣ ਬਦਲੇ ਰਿਸ਼ਵਤ ਲੈਣ ਦਾ ਹੈ।

PunjabKesari
ਆਈ. ਪੀ. ਐੱਲ. ਦੇ ਚੇਅਰਮੈਨ ਰਾਜੀਵ ਸ਼ੁਕਲਾ ਦੇ ਨਿੱਜੀ ਸਟਾਫ ਦਾ ਕਥਿਤ ਤੌਰ 'ਤੇ ਟੀ-20 ਲੀਗ ਵਿਚ ਰਿਸ਼ਵਤ ਲੈ ਕੇ ਖਿਡਾਰੀਆਂ ਦੀ ਚੋਣ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ.ਸੀ. ਆਈ.) ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਨੇ ਜਾਂਚ ਦਾ ਭਰੋਸਾ ਵੀ ਦਿੱਤਾ ਹੈ।

PunjabKesari
ਇਕ ਹਿੰਦੀ ਸਮਾਚਾਰ ਚੈਨਲ 'ਤੇ ਸਟਿੰਗ ਆਪ੍ਰੇਸ਼ਨ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਆਈ. ਪੀ. ਐੱਲ. ਦੇ ਚੇਅਰਮੈਨ ਸ਼ੁਕਲਾ ਦਾ ਨਿੱਜੀ ਸਟਾਫ ਆਈ. ਪੀ. ਐੱਲ. ਵਿਚ ਖਿਡਾਰੀਆਂ ਦੀ ਚੋਣ ਦੇ ਬਦਲੇ ਰਿਸ਼ਵਤ ਲੈਂਦਾ ਹੈ। ਇਸ ਸਟਿੰਗ ਵਿਚ ਸ਼ੁਕਲਾ ਦਾ ਕਾਰਜਕਾਰੀ ਸਹਾਇਕ ਅਕਰਮ ਸੈਫੀ ਤੇ ਕ੍ਰਿਕਟਰ ਰਾਹੁਲ ਸ਼ਰਮਾ ਵਿਚਾਲੇ ਗੱਲਬਾਤ ਨੂੰ ਦਿਖਾਇਆ ਗਿਆ ਹੈ, ਜਿਸ ਵਿਚ ਸੈਫੀ ਨੇ ਰਾਜ ਦੀ ਟੀਮ ਵਿਚ ਰਾਹੁਲ ਦੀ ਚੋਣ ਕਰਵਾਉਣ ਦੇ ਬਦਲੇ ਰਿਸ਼ਵਤ ਦੀ ਗੱਲ ਕੀਤੀ ਹੈ।

PunjabKesari
ਰਾਜੀਵ ਸ਼ੁਕਲਾ ਪਿਛਲੇ ਲੰਬੇ ਸਮੇਂ ਤੋਂ ਬੀ. ਸੀ. ਸੀ. ਆਈ. ਦੇ ਸੀਨੀਅਰ ਅਧਿਕਾਰੀ ਹਨ ਅਤੇ ਦੁਨੀਆ ਦੀ ਸਭ ਤੋਂ ਅਮੀਰ ਕ੍ਰਿਕਟ ਲੀਗ ਆਈ. ਪੀ. ਐੱਲ. ਦੇ ਵੀ ਚੇਅਰਮੈਨ ਹਨ। ਉਹ ਨਾਲ ਹੀ ਉੱਤਰ ਪ੍ਰਦੇਸ਼ ਕ੍ਰਿਕਟ ਸੰਘ (ਯੂ. ਪੀ. ਸੀ. ਏ.) ਦੇ ਸਕੱਤਰ ਵੀ ਹਨ। ਅਜਿਹੇ ਵਿਚ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਬੀ. ਸੀ. ਸੀ. ਆਈ. ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ (ਏ. ਸੀ. ਯੂ. ) ਨੇ ਇਸ ਮਾਮਲੇ ਵਿਚ ਜਾਂਚ ਦੀ ਗੱਲ ਕਹੀ ਹੈ ਪਰ ਆਈ. ਪੀ. ਐੱਲ. ਦੇ ਇਸ ਨਵੇਂ ਮਾਮਲਾ ਨੇ ਲੀਗ ਦੀ ਈਮਾਨਦਾਰੀ 'ਤੇ ਸਵਾਲ ਜ਼ਰੂਰ ਖੜ੍ਹੇ ਕਰ ਦਿੱਤੇ ਹਨ।

PunjabKesari
ਸਟਿੰਗ ਆਪ੍ਰੇਸ਼ਨ ਵਿਚ ਦਿਖਾਇਆ ਗਿਆ ਹੈ ਕਿ ਕ੍ਰਿਕਟਰ ਰਾਹੁਲ ਭਾਰਤ ਜਾਂ ਫਿਰ ਕਿਸੇ ਰਾਜ ਦੀ ਟੀਮ ਵੱਲੋਂ ਕਦੇ ਨਹੀਂ ਖੇਡਿਆ ਹੈ ਪਰ ਰਾਹੁਲ ਨੇ ਦੋਸ਼ ਲਾਇਆ ਹੈ ਕਿ ਸੈਫੀ ਨੇ ਉਸ ਨੂੰ ਰਾਜ ਦੀ ਟੀਮ ਵਿਚ ਚੁਣੇ ਜਾਣ ਲਈ ਰਿਸ਼ਵਤ ਦੀ ਮੰਗ ਕੀਤੀ ਸੀ। ਉਸ ਨੇ ਨਾਲ ਹੀ ਸੈਫੀ 'ਤੇ ਝੂਠੇ ਉਮਰ ਦੇ ਪ੍ਰਮਾਣ ਪੱਤਰ ਤਿਆਰ ਕਰਨ ਦਾ ਵੀ ਦੋਸ਼ ਲਾਇਆ ਹੈ ਪਰ ਸੈਫੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਬੀ. ਸੀ. ਸੀ. ਆਈ. ਨੇ ਸਟਿੰਗ 'ਚ ਰਿਸ਼ਵਤ ਲੈਣ ਦੇ ਦੋਸ਼ੀ ਨੂੰ ਕੀਤਾ ਮੁਅੱਤਲ
ਬੀ. ਸੀ. ਸੀ. ਆਈ. ਨੇ ਆਈ. ਪੀ. ਐੱਲ. ਮੁਖੀ ਰਾਜੀਵ ਸ਼ੁਕਲਾ ਦੇ ਨਿੱਜੀ ਸਟਾਫ ਦੇ ਇਕ ਮੈਂਬਰ ਨੂੰ ਖਿਡਾਰੀਆਂ ਦੀ ਚੋਣ ਲਈ ਰਿਸ਼ਵਤ ਮੰਗਣ ਦੇ ਦੋਸ਼ ਵਿਚ ਮਾਮਲੇ ਦੀ ਜਾਂਚ ਤਕ ਮੁਅੱਤਲ ਕਰ ਦਿੱਤਾ ਹੈ। 
ਉੱਤਰ ਪ੍ਰਦੇਸ਼ ਕ੍ਰਿਕਟ ਸੰਘ ਨੇ ਕੀਤਾ ਦੋਸ਼ਾਂ ਤੋਂ ਇਨਕਾਰ
ਉੱਤਰ ਪ੍ਰਦੇਸ਼ ਕ੍ਰਿਕਟ ਸੰਘ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਤੇ ਦੱਸਿਆ ਹੈ ਕਿ ਰਾਹੁਲ ਕਦੇ ਵੀ ਰਾਜ ਦੀ ਟੀਮ ਵੱਲੋਂ ਨਹੀਂ ਖੇਡਿਆ।


Related News