ਆਈ-ਲੀਗ : ਪੰਜਾਬ ਨੇ ਰੀਅਲ ਕਸ਼ਮੀਰ ਨੂੰ ਹਰਾਇਆ

02/17/2020 2:09:49 AM

ਲੁਧਿਆਣਾ- ਸਟਾਰ ਸਟ੍ਰਾਈਕਰ ਐਸੀਅਰ ਦੀਪਾਂਡਾ ਡਿਕਾ ਦੇ ਗੋਲ ਨਾਲ ਪੰਜਾਬ ਐੱਫ. ਸੀ. ਨੇ ਰੀਅਲ ਕਸ਼ਮੀਰ ਨੂੰ ਹੀਰੋ ਆਈ-ਲੀਗ ਫੁੱਟਬਾਲ ਚੈਂਪੀਅਨਸ਼ਿਪ ਦੇ ਮੁਕਾਬਲੇ ਵਿਚ ਐਤਵਾਰ ਨੂੰ 1-0 ਨਾਲ ਹਰਾ ਦਿੱਤਾ। ਮੈਚ ਦਾ ਇਕਲੌਤਾ ਮਹੱਤਵਪੂਰਨ ਗੋਲ ਡਿਕਾ ਨੇ 44ਵੇਂ ਮਿੰਟ ਵਿਚ ਕੀਤਾ ਤੇ ਆਪਣੀ ਟੀਮ ਪੰਜਾਬ ਨੂੰ ਪੂਰੇ ਤਿੰਨ ਅੰਕ ਦਿਵਾਏ। ਡਿਕਾ ਦਾ ਲੀਗ ਵਿਚ ਇਹ 9ਵਾਂ ਗੋਲ ਸੀ ਤੇ ਹੁਣ ਉਹ ਮੋਹਨ ਬਾਗਾਨ ਦੇ ਫ੍ਰੇਂਨ ਗੋਂਜਾਲੇਜ ਦੀ ਬਰਾਬਰੀ 'ਤੇ ਪਹੁੰਚ ਕੇ ਸਾਂਝੇ ਤੌਰ 'ਤੇ ਟਾਪ ਸਕੋਰਰ ਬਣ ਗਿਆ ਹੈ। ਇਸ ਜਿੱਤ ਨਾਲ ਪੰਜਾਬ ਨੇ ਦੂਜੇ ਸਥਾਨ 'ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਪੰਜਾਬ ਦੇ 13 ਮੈਚਾਂ 'ਚੋਂ 21 ਅੰਕ ਹੋ ਗਏ ਹਨ। ਉਹ ਬਾਗਾਨ ਤੋਂ 8 ਅੰਕ ਪਿੱਛੇ ਹੈ, ਜਿਸ ਦੇ 12 ਮੈਚਾਂ 'ਚੋਂ 29 ਅੰਕ ਹਨ। ਕਸ਼ਮੀਰ ਟੀਮ 10 ਮੈਚਾਂ 'ਚੋਂ 15 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਖਿਸਕ ਗਈ ਹੈ।
ਮੋਹਨ ਬਾਗਾਨ 'ਤੇ ਲੱਗਾ 3 ਲੱਖ ਰੁਪਏ ਦਾ ਜੁਰਮਾਨਾ —ਕੋਲਕਾਤਾ-ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਦੀ ਅਨੁਸ਼ਾਸਨੀ ਕਮੇਟੀ ਨੇ ਐਤਵਾਰ ਨੂੰ ਆਈ-ਲੀਗ ਦੇ ਚੋਟੀ ਦੇ ਕਲੱਬ ਮੋਹਨ ਬਾਗਾਨ 'ਤੇ 4 ਸਾਬਕਾ ਖਿਡਾਰੀਆਂ ਦੀ ਤਨਖਾਹ ਨਾ ਦੇਣ ਲਈ 3 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਨਾਲ ਹੀ ਕਮੇਟੀ ਨੇ ਕਲੱਬ ਨੂੰ ਖਿਡਾਰੀਆਂ ਦੀ ਤਨਖਾਹ ਦੇਣ ਤੇ 15 ਦਿਨਾਂ ਦੇ ਅੰਦਰ ਜੁਰਮਾਨਾ ਭਰਨ ਦਾ ਨਿਰਦੇਸ਼ ਦਿੱਤਾ ਹੈ।

 

Gurdeep Singh

Content Editor

Related News